ਭਾਜਪਾ ਵੱਲੋਂ ਪੰਜਾਬ ਤੇ ਚੰਡੀਗੜ੍ਹ ’ਚ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਸ਼ੁਰੂ, ਦੋ ਸੰਸਦ ਮੈਂਬਰਾਂ ਦੇ ਕੱਟ ਸਕਦੇ ਟਿਕਟ

Friday, Jun 16, 2023 - 09:18 PM (IST)

ਭਾਜਪਾ ਵੱਲੋਂ ਪੰਜਾਬ ਤੇ ਚੰਡੀਗੜ੍ਹ ’ਚ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਸ਼ੁਰੂ, ਦੋ ਸੰਸਦ ਮੈਂਬਰਾਂ ਦੇ ਕੱਟ ਸਕਦੇ ਟਿਕਟ

ਜਲੰਧਰ (ਨਰਿੰਦਰ ਮੋਹਨ) : ਦੇਸ਼ ਦੇ ਹੋਰਨਾਂ ਸੂਬਿਆਂ ਦੇ ਨਾਲ-ਨਾਲ ਲੋਕ ਸਭਾ ਚੋਣਾਂ ਲਈ ਭਾਜਪਾ ਨੇ ਉਮੀਦਵਾਰਾਂ ਦੇ ਨਾਂ ਦੀ ਬਿਸਾਤ ਵਿਛਾਉਣੀ ਸ਼ੁਰੂ ਕਰ ਦਿੱਤੀ ਹੈ। ਬਹੁਤ ਹੀ ਭਰੋਸੇਯੋਗ ਸੂਤਰਾਂ ਅਨੁਸਾਰ ਪੰਜਾਬ ਅਤੇ ਚੰਡੀਗੜ੍ਹ ਤੋਂ ਦੋ ਮੌਜੂਦਾ ਲੋਕ ਸਭਾ ਮੈਂਬਰ ਬਦਲੇ ਜਾ ਸਕਦੇ ਹਨ, ਜਦਕਿ ਕਾਂਗਰਸ ਦੇ ਦੋ ਸੰਸਦ ਮੈਂਬਰਾਂ ਨੂੰ ਟਿਕਟ ਦੇਣ ਦੀ ਵੀ ਤਿਆਰੀ ਹੈ। ਇਹ ਦੋ ਸੰਸਦ ਮੈਂਬਰ ਆਪਣੀ ਪਾਰਟੀ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਸਕਦੇ ਹਨ। ਪਾਰਟੀ ਵਿਚ ਇਹ ਲੱਗਭਗ ਤੈਅ ਹੈ ਕਿ ਭਾਜਪਾ ਪੰਜਾਬ ’ਚ ਲੋਕ ਸਭਾ ਚੋਣਾਂ ਇਕੱਲਿਆਂ ਹੀ ਲੜੇਗੀ। ਬੇਸ਼ੱਕ ਪੁਰਾਣੇ ਭਾਈਵਾਲ ਅਕਾਲੀ ਦਲ ਅਤੇ ਭਾਜਪਾ ਵਿਚ ਵੀ ਅਨੇਕ ਆਗੂਆਂ ਦੀ ਗੱਠਜੋੜ ਕਰਨ ਦੀ ਰਾਇ ਬਰਕਰਾਰ ਹੈ ਪਰ ਇਸ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਇਕੱਲਿਆਂ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਪਾਰਟੀ ਦੇ ਹੋਰ ਵੱਡੇ ਕੇਂਦਰੀ ਆਗੂ ਇਨ੍ਹੀਂ ਦਿਨੀਂ ਪੰਜਾਬ ’ਚ ਵੱਖ-ਵੱਖ ਥਾਵਾਂ ’ਤੇ ਰੈਲੀਆਂ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਮਾਮੂਲੀ ਝਗੜੇ ਮਗਰੋਂ ਸਾਧੂ ਨੇ ਖੂੰਡਾ ਮਾਰ ਕੇ ਸਾਥੀ ਨੂੰ ਉਤਾਰਿਆ ਮੌਤ ਦੇ ਘਾਟ (ਵੀਡੀਓ)

18 ਜੂਨ ਨੂੰ ਅਮਿਤ ਸ਼ਾਹ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ’ਚ ਰੈਲੀ ਕਰਨ ਜਾ ਰਹੇ ਹਨ। ਇਨ੍ਹਾਂ ਰੈਲੀਆਂ ਦਾ ਮਕਸਦ ਪਾਰਟੀ ਅਤੇ ਇਸ ਦੇ ਵੱਖ-ਵੱਖ ਸੈੱਲਾਂ ਨੂੰ ਸਰਗਰਮ ਕਰਨਾ ਹੈ। ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਅਤੇ ਚੰਡੀਗੜ੍ਹ ਵਿਚ ਪ੍ਰਾਇਮਰੀ ਪੱਧਰ ’ਤੇ ਉਮੀਦਵਾਰਾਂ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਭਾਜਪਾ ਦੇ ਇਕ ਆਲ੍ਹਾ ਅਹੁਦੇਦਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ 4 ਦਾਅਵੇਦਾਰਾਂ ਨੇ ਪੰਜਾਬ ਤੋਂ ਲੋਕ ਸਭਾ ਚੋਣਾਂ ਲਈ ਅਰਜ਼ੀਆਂ ਭੇਜੀਆਂ ਹਨ। ਚੰਡੀਗੜ੍ਹ ਤੋਂ ਭਾਜਪਾ ਦੀ ਲੋਕ ਸਭਾ ਮੈਂਬਰ ਕਿਰਨ ਖੇਰ ਦੀ ਸਿਹਤ ਠੀਕ ਨਾ ਹੋਣ ਕਾਰਨ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਲੜੇਗੀ ਜਾਂ ਨਹੀਂ, ਇਸ ਨੂੰ ਲੈ ਕੇ ਖ਼ਦਸ਼ਾ ਬਣਿਆ ਹੋਇਆ ਹੈ, ਜਦਕਿ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਅਦਾਕਾਰ ਸੰਨੀ ਦਿਓਲ ਦੀ ਸਿਹਤ ਠੀਕ ਨਾ ਹੋਣ ਉਨ੍ਹਾਂ ਦੇ ਚੋਣ ਲੜਨ ’ਤੇ ਖ਼ਦਸ਼ਾ ਬਣਿਆ ਹੋਇਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਇਨ੍ਹਾਂ ਦੋਹਾਂ ਸੀਟਾਂ ’ਤੇ ਨਵੇਂ ਉਮੀਦਵਾਰ ਖੜ੍ਹੇ ਕਰ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ : ਅਨੁਸੂਚਿਤ ਜਾਤੀ ਸਰਟੀਫਿਕੇਟ ਦੀ ਜਾਅਲਸਾਜ਼ੀ ਵਿਰੁੱਧ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ

ਸੂਤਰਾਂ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਕਾਂਗਰਸ ਪਾਰਟੀ ਬਦਲ ਕੇ ਭਾਜਪਾ ’ਚ ਸ਼ਾਮਲ ਹੋਣ ਦਾ ਪ੍ਰਸਤਾਵ ਰੱਖਣ ਵਾਲੇ ਦੋ ਸੰਸਦ ਮੈਂਬਰਾਂ ਨੂੰ ਵੀ ਟਿਕਟ ਦੀ ਚਰਚਾ ਅਤੇ ਤਿਆਰੀ ਚੱਲ ਰਹੀ ਹੈ। ਇਨ੍ਹਾਂ ’ਚ ਇਕ ਸੰਸਦ ਮੈਂਬਰ ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਦਾ ਨਾਂ ਸ਼ਾਮਲ ਹੈ। ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸੁਲਝੇ ਨੇਤਾ ਸੁਨੀਲ ਜਾਖੜ ਨੂੰ ਫ਼ਿਰੋਜ਼ਪੁਰ ਜਾਂ ਗੁਰਦਾਸਪੁਰ ਤੋਂ ਚੋਣ ਲੜਾਉਣ ਦੀ ਪਾਰਟੀ ਵਿਚ ਚਰਚਾ ਚੱਲ ਰਹੀ ਹੈ। ਜੇਕਰ ਭਾਜਪਾ ਅਤੇ ਅਕਾਲੀ ਦਲ ਦਾ ਗੱਠਜੋੜ ਨਹੀਂ ਹੁੰਦਾ ਤਾਂ ਬਠਿੰਡਾ ਤੋਂ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਉਨ੍ਹਾਂ ਦੇ ਦਿਓਰ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਦਾ ਨਾਂ ਹੀ ਪ੍ਰਮੁੱਖ ਹੈ। ਸੂਤਰਾਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਰਾਸ਼ਟਰੀ ਪੱਧਰ ’ਤੇ ਭਾਜਪਾ ਵਿਰੋਧੀ ਪਾਰਟੀਆਂ ਦੀ ਏਕਤਾ ’ਚ ਜੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਏਕਤਾ ਹੁੰਦੀ ਹੈ ਤਾਂ ਪੰਜਾਬ ਤੋਂ ਕਈ ਕਾਂਗਰਸੀ ਆਗੂ ਭਾਜਪਾ ’ਚ ਸ਼ਾਮਲ ਹੋ ਸਕਦੇ ਹਨ, ਇਸ ਦੇ ਲਈ ਦੋਵਾਂ ਪਾਸਿਆਂ ਤੋਂ ਸੰਪਰਕ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ, ਜਦਕਿ ਅਕਾਲੀ ਦਲ ਦੇ ਚਾਰ ਵੱਡੇ ਆਗੂ ਵੀ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਹਨ। ਬੀਤੇ ’ਚ ਭਾਜਪਾ ਨੇ ਵੀ ਪੇਂਡੂ ਖੇਤਰਾਂ ਵਿਚ ਆਪਣਾ ਸਿਸਟਮ ਮਜ਼ਬੂਤ ​​ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਇਸ ਵੇਲੇ ਪੰਜਾਬ ਤੋਂ ਭਾਜਪਾ ਦੇ ਦੋ ਲੋਕ ਸਭਾ ਮੈਂਬਰ ਹਨ ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਅਤੇ ਗੁਰਦਾਸਪੁਰ ਤੋਂ ਸੰਨੀ ਦਿਓਲ ਹਨ।


author

Manoj

Content Editor

Related News