ਭਾਜਪਾ ਨੇਤਾ ਆਰ. ਪੀ. ਸਿੰਘ ਵਲੋਂ ਕੇਂਦਰੀ ਕਾਨੂੰਨ ਮੰਤਰੀ ਮੇਘਵਾਲ ਨਾਲ ਮੁਲਾਕਾਤ
Saturday, Mar 22, 2025 - 09:17 PM (IST)

ਜਲੰਧਰ/ਚੰਡੀਗੜ੍ਹ, (ਵਿਸ਼ੇਸ਼)- ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਆਰ. ਪੀ. ਸਿੰਘ ਨੇ ਅੱਜ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨਾਲ ਮੁਲਾਕਾਤ ਕੀਤੀ ਅਤੇ 1984 ਦੇ ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਇਨਸਾਫ਼ ਦਿਵਾਉਣ ਲਈ ਕਾਨੂੰਨ ਮੰਤਰਾਲੇ ਵਲੋਂ ਕੀਤੇ ਗਏ ਲਗਾਤਾਰ ਯਤਨਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਭਾਜਪਾ ਆਗੂ ਆਰ. ਪੀ. ਸਿੰਘ ਨੇ ਕੇਂਦਰੀ ਕਾਨੂੰਨ ਮੰਤਰੀ ਨੂੰ ਦੱਸਿਆ ਕਿ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦੂਜੀ ਵਾਰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਿੱਖ ਕੌਮ ਇਸ ਤੋਂ ਸੰਤੁਸ਼ਟ ਨਹੀਂ ਹੈ।
ਉਨ੍ਹਾਂ ਕਿਹਾ ਕਿ 1984 ਵਿਚ ਦਿੱਲੀ ਵਿਚ ਜਿਸ ਤਰ੍ਹਾਂ ਦੰਗੇ ਹੋਏ ਸਨ ਅਤੇ ਸਿੱਖਾਂ ਦਾ ਕਤਲੇਆਮ ਹੋਇਆ ਸੀ, ਉਸ ਨੂੰ ਦੇਖਦੇ ਹੋਏ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਇਸ ਲਈ ਕੇਂਦਰ ਸਰਕਾਰ ਨੂੰ ਸੁਪਰੀਮ ਕੋਰਟ ਤਕ ਪਹੁੰਚ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਪਿਛਲੀਆਂ ਕਾਂਗਰਸ ਸਰਕਾਰਾਂ ਨੇ 1984 ਦੇ ਦਿੱਲੀ ਦੰਗਿਆਂ ਦੇ ਮਾਮਲਿਆਂ ਨੂੰ ਹਮੇਸ਼ਾ ਟਾਲ ਦਿੱਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਵਿਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਸਿੱਖ ਕੌਮ ਦੇ ਅੰਦਰ ਆਸ ਬੱਝੀ ਹੈ ਕਿ ਉਸ ਨੂੰ ਇਨਸਾਫ਼ ਮਿਲੇਗਾ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਬਹੁਤ ਉਮੀਦਾਂ ਹਨ ਕਿਉਂਕਿ ਉਨ੍ਹਾਂ ਨੇ ਹਮੇਸ਼ਾ ਘੱਟ ਗਿਣਤੀਆਂ ਦਾ ਸਤਿਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ 1984 ਦੇ ਦੰਗਿਆਂ ਵਿਚ ਜੋ ਵੀ ਦੋਸ਼ੀ ਹੋਵੇਗਾ, ਕੇਂਦਰ ਸਰਕਾਰ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਯਕੀਨੀ ਬਣਾਏਗੀ। ਸਿੱਖ ਕੌਮ ਨੂੰ ਇਨਸਾਫ਼ ਭਾਜਪਾ ਤੋਂ ਹੀ ਮਿਲ ਸਕਦਾ ਹੈ।