ਪੰਜਾਬ 'ਚ ਬਿਜਲੀ ਸੰਕਟ ਨੂੰ ਲੈ ਕੇ ਭਾਜਪਾ ਦਾ 'ਆਪ' ਖ਼ਿਲਾਫ਼ ਹੱਲਾ ਬੋਲ

Thursday, May 05, 2022 - 12:28 PM (IST)

ਪੰਜਾਬ 'ਚ ਬਿਜਲੀ ਸੰਕਟ ਨੂੰ ਲੈ ਕੇ ਭਾਜਪਾ ਦਾ 'ਆਪ' ਖ਼ਿਲਾਫ਼ ਹੱਲਾ ਬੋਲ

ਮੁਹਾਲੀ : ਭਾਜਪਾ ਦੇ ਸੂਬਾ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਅੱਜ ਮੋਹਾਲੀ ’ਚ ਡੀ.ਸੀ. ਦਫ਼ਤਰ ਦੇ ਸਾਹਮਣੇ ਪੰਜਾਬ ’ਚ ਬਿਜਲੀ ਸੰਕਟ ਨੂੰ ਲੈ ਕੇ ‘ਆਪ’ ਸਰਕਾਰ ਖ਼ਿਲਾਫ਼ ਧਰਨਾ ਦਿੱਤਾ ਹੈਂ। ਇਸ ਧਰਨੇ ’ਚ ਉਨ੍ਹਾਂ ਪੰਜਾਬ ਸਰਕਾਰ ਦੀਆਂ ਝੂਠੀਆਂ ਗਾਰੰਟੀਆਂ ਖ਼ਿਲਾਫ਼ ਹੱਲਾ ਬੋਲਦਿਆਂ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ’ਚ ਆਈ ਸੀ ਉਦੋਂ ਉਨ੍ਹਾਂ ਵਲੋਂ 600 ਯੂਨਿਟ ਬਿਜਲੀ ਮੁਫ਼ਤ ਦੇਣ ਦੇ ਨਾਲ 24 ਘੰਟੇ ਬਿਜਲੀ ਦੇਣਾ ਅਤੇ 1000 ਰੁਪਏ ਮਹੀਨਾ ਔਰਤਾਂ ਨੂੰ ਦੇਣਾ ਦਾ ਵਾਅਦਾ ਕੀਤਾ ਸੀ, ਸੁਭਾਸ਼ ਸ਼ਰਮਾ ਨੇ ਕਿਹਾ ਕਿ ‘ਆਪ’ ਸਰਕਾਰ ਨੂੰ ਸੱਤਾ ’ਚ ਆਏ 50 ਦਿਨ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਲੋਕਾਂ ’ਚ ਬਿਜਲੀ ਨਾ ਆਉਣ ਕਾਰਨ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਭਗਵੰਤ ਮਾਨ ਨੇ ਵੋਟਾਂ ਤੋਂ ਪਹਿਲਾਂ 600 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਐਲਾਨ ਕੀਤਾ ਸੀ, ਉਸ ਵੇਲੇ ਕੋਈ ਅਜਿਹੀ ਸ਼ਰਤ ਨਹੀਂ ਰੱਖੀ ਗਈ ਸੀ ਕਿ 600 ਯੂਨਿਟ ਤੋਂ 1 ਯੂਨਿਟ ਵੀ ਉੱਪਰ ਜਾਣ ’ਤੇ ਸਾਰਾ ਬਿੱਲ ਲਿਆ ਜਾਵੇਗਾ। 

ਇਹ ਵੀ ਪੜ੍ਹੋ : ਬਠਿੰਡਾ 'ਚ ਭਰਾਵਾਂ ਦੇ ਪਿਆਰ ਦੀ ਕਹਾਣੀ, ਵੱਡੇ ਭਰਾ ਦੀ ਮੌਤ ਦੀ ਖ਼ਬਰ ਸੁਣ ਛੋਟੇ ਨੇ ਵੀ ਤੋੜਿਆ ਦਮ

ਸੁਭਾਸ਼ ਸ਼ਰਮਾ ਨੇ ਕਿਹਾ ਕਿ ਇਸ ਸਮੇਂ ਪੰਜਾਬ ’ਚ ਬਿਜਲੀ ਦਾ ਸੰਕਟ ਮੁੱਖ ਮੁੱਦਾ ਬਣਿਆ ਹੋਇਆ ਹੈ ਅਤੇ ਪੰਜਾਬ ਸਰਕਾਰ ਇਸ ਸੰਕਟ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਫੇਲ ਹੁੰਦੀ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਨਾ ਆਉਣ ਨਾਲ ਪੂਰੀ ਇੰਡਸਟਰੀ ਬੰਦ ਪਈ ਹੈ ਅਤੇ ਦੂਸਰੇ ਪਾਸੇ ਕਿਸਾਨਾਂ ’ਚ ਪ੍ਰੇਸ਼ਾਨੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਝੋਨੇ ਦਾ ਸੀਜ਼ਨ ਆਉਣ ਕਾਰਨ ਬਿਜਲੀ ਦੀ ਮੰਗ ਵੱਧਣ ਲੱਗੀ ਹੈ ਪਰ ਪੰਜਾਬ ’ਚ ਹਰ ਜਗ੍ਹਾ 12 ਘੰਟਿਆਂ ਤੋਂ ਵੀ ਵੱਧ ਦੇ ਕੱਟ ਲਗਾਏ ਜਾ ਰਹੇ ਹਨ। ਸੁਭਾਸ਼ ਸ਼ਰਮਾ ਨੇ ਭਗਵੰਤ ਮਾਨ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸਗੋਂ ਝੂਠੀ ਤੇ ਇਸ਼ਤਿਹਾਰੀ ਸਰਕਾਰ ਹੈ ਜਿਸ ਨੇ ਪੰਜਾਬ ਦੇ ਲੋਕਾਂ ਨੂੰ ਝੂਠੀਆਂ ਗਾਰੰਟੀਆਂ ਦੇ ਕੇ ਗੁੰਮਰਾਹ ਕੀਤਾ ਹੈ ਅਤੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪੂਰੇ ਪੰਜਾਬ ਵਰਗ ਦੇ ਨਾਲ ਖੜ੍ਹੇ ਹਾਂ ਜੇਕਰ ਕਿਸੇ ਵੀ ਪਿੰਡ ਜਾਂ ਸ਼ਹਿਰ ’ਚ ਘਰ ਘਰ 600 ਯੂਨਿਟ ਤੋਂ ਵੱਧ ਬਿਜਲੀ ਦੀ ਵਰਤੋਂ ਹੁੰਦੀ ਹੈ ਤਾਂ ਉਸਦਾ ਬਿੱਲ ਅਦਾ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਸਰਕਾਰ ਵਲੋਂ ਕੋਈ ਬਿਜਲੀ ਦਾ ਕੁਨੈਕਸ਼ਨ ਕੱਟਣ ਆਇਆ ਤਾਂ ਉਨ੍ਹਾਂ ਦਾ ਕਰੜਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਮਾਨ ਦੀ ਸਰਕਾਰ ਲੋਕਾਂ ਨੂੰ ਝੂਠ ਬੋਲ ਕੇ ਨੌਕਰੀਆਂ ਦਾ ਐਲਾਨ ਤਾਂ ਕਰ ਰਹੀ ਹੈ ਪਰ ਅਜੇ ਤੱਕ ਕਿਸੇ ਵੀ ਨੌਕਰੀ ਦਾ ਨੋਟੀਫਿਕੇਸ਼ਨ ਕਿਉਂ ਨਹੀਂ ਦਿੱਤਾ ਗਿਆ। ਪਟਿਆਲਾ ’ਚ ਹੋਈ ਮੰਦਭਾਗੀ ਘਟਨਾ ’ਤੇ ਉਨ੍ਹਾਂ ਭਗਵੰਤ ਮਾਨ ’ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਉਹ ਪਟਿਆਲਾ ਕਾਲੀ ਮਾਤਾ ਮੰਦਰ ਕਿਉਂ ਨਹੀਂ ਗਏ, ਕਿਉਂਕਿ ਉਹ ਕੇਜਰੀਵਾਲ ਦੀ ਚਮਚਾਗਿਰੀ ਕਰਨ ’ਚ ਵਿਅਸਤ ਰਹਿੰਦੇ ਹਨ। ਸ਼ਰਮਾ ਨੇ ਕਿਹਾ ਕਿ ‘ਆਪ’ ਸਰਕਾਰ ਨੂੰ ਸੱਤਾ ’ਚ ਆਏ ਅਜੇ 50 ਦਿਨ ਦਾ ਸਮਾਂ ਹੋਇਆ ਹੈ ਪਰ ਪੰਜਾਬ ’ਚ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਨਾਲ ਫੇਲ੍ਹ ਦਿੱਸ ਰਿਹਾ ਹੈ। ਹਰ ਦਿਨ ਕਿਤੇ ਨਾ ਕਿਤੇ ਕਤਲ, ਨਸ਼ੇ ਨਾਲ ਮੌਤਾਂ ਆਦਿ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ। 

ਡੀਸੀ ਦਫ਼ਤਰ ਫਿਰੋਜ਼ਪੁਰ ਦੇ ਬਾਹਰ ਭਾਜਪਾ ਵੱਲੋਂ ਦਿੱਤੇ ਧਰਨੇ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਦੇ ਪੁਤਲੇ ਫੂਕੇ ਗਏ

ਫਿਰੋਜ਼ਪੁਰ (ਕੁਮਾਰ) : ਜ਼ਿਲ੍ਹਾ ਭਾਜਪਾ ਫਿਰੋਜ਼ਪੁਰ ਵੱਲੋਂ ਆਮ ਆਦਮੀ ਪਾਰਟੀ ਪੰਜਾਬ ਦੇ ਖਿਲਾਫ਼ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੱਗੇ ਦੇ ਪਿੱਪਲ ਦੀ ਅਗਵਾਈ ਹੇਠ ਡੀ.ਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਭਗਵੰਤ ਮਾਨ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਭਾਜਪਾ ਵਰਕਰਾਂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੁਤਲੇ ਫੂਕੇ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੱਗੇ ਕੇ ਪਿੱਪਲ, ਪੰਜਾਬ ਦੇ ਸਾਬਕਾ ਵਾਈਸ ਚੇਅਰਮੈਨ ਤੇ ਰਾਜ ਮੰਤਰੀ ਦਾ ਦਰਜਾ ਪ੍ਰਾਪਤ ਭਾਜਪਾ ਆਗੂ ਡੀ.ਪੀ. ਚੰਦਨ, ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਚੇਅਰਮੈਨ ਮਨਜੀਤ ਸਿੰਘ ਰਾਏ, ਅਸ਼ਵਨੀ ਗਰੋਵਰ ਤੇ ਦਵਿੰਦਰ ਕਪੂਰ ਆਦਿ ਨੇ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ’ਤੇ ਫੇਲ ਸਾਬਤ ਹੋ ਰਹੀ ਹੈ ਅਤੇ ਜਦੋਂ ਤੋਂ ਪੰਜਾਬ ’ਚ ਭਗਵੰਤ ਸਿੰਘ ਮਾਨ ਦੀ ਸਰਕਾਰ ਆਈ ਹੈ, ਉਦੋਂ ਤੋਂ ਪੰਜਾਬ ’ਚ ਗੁੰਡਾਰਾਜ ਵੱਧ ਗਿਆ ਹੈ ਅਤੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਗਈ ਹੈ।

ਇਹ ਵੀ ਪੜ੍ਹੋ : ਪੁਲਸ ਮੁਲਾਜ਼ਮ ਤੇ ਉਸਦੇ ਪੁੱਤ ਦੀ ਗੁੰਡਾਗਰਦੀ, ਗਰਭਵਤੀ ਔਰਤ ਸਮੇਤ ਕਈਆਂ ਨੂੰ ਕੀਤਾ ਜ਼ਖਮੀ

ਉਨ੍ਹਾਂ ਦੋਸ਼ ਲਗਾਇਆ ਕਿ ਸੱਤਾ ’ਚ ਆਉਣ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਮੁਫਤ ਬਿਜਲੀ ਦਿੱਤੀ ਜਾਵੇਗੀ ਅਤੇ ਉਸ ਵਾਅਦੇ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਭੱਜ ਰਹੀ ਹੈ ਅਤੇ ਪੰਜਾਬ ’ਚ ਵੱਡੇ ਵੱਡੇ ਬਿਜਲੀ ਦੇ ਕੱਟਾਂ ਕਾਰਨ ਕਿਸਾਨਾਂ ਦੀਆਂ ਫਸਲਾਂ ਸੁੱਕ ਰਹੀਆਂ ਹਨ। ਛੋਟੇ-ਵੱਡੇ ਉਦਯੋਗ ਬੰਦ ਹੋ ਗਏ ਹਨ ਅਤੇ ਪੰਜਾਬ ਦੇ ਲੋਕਾਂ ਵਿੱਚ ਹਾਹਾਕਾਰ ਮੱਚੀ ਹੋਈ ਹੈ। ਭਾਜਪਾ ਆਗੂਆਂ ਨੇ ਦੋਸ਼ ਲਗਾਉਂਦੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਹਿੱਤਾਂ ਨੂੰ ਅਰਵਿੰਦ ਕੇਜਰੀਵਾਲ ਦੇ ਹੱਥਾਂ ਵਿੱਚ ਵੇਚ ਦਿੱਤਾ ਹੈ, ਜਿਸਦਾ ਪੰਜਾਬ ਦੇ ਲੋਕਾਂ ਵੱਲੋਂ ਵੱਡੇ ਪੱਧਰ ’ਤੇ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਝੂਠੇ ਸੁਪਨੇ ਦਿਖਾ ਕੇ ਅਤੇ ਝੂਠੇ ਵਾਅਦੇ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਅਤੇ ਹੁਣ ਸਰਕਾਰ ਬਣੀ ਨੂੰ ਡੇਢ ਮਹੀਨਾ ਵੀ ਨਹੀਂ ਹੋਇਆ ਹੈ ਕਿ ਪੰਜਾਬ ਦੇ ਲੋਕ ਇਸ ਸਰਕਾਰ ਨੂੰ ਸੱਤਾ ਵਿੱਚ ਲਿਆ ਕੇ ਪਛਤਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਨਵੀਂ ਮਾਈਨਿੰਗ ਨੀਤੀ ਲਾਗੂ ਨਹੀਂ ਕਰ ਸਕੀ, ਜਿਸ ਕਾਰਨ ਪੰਜਾਬ ਦੇ ਵਿਕਾਸ ਕਾਰਜ ਠੱਪ ਹੋ ਕੇ ਰਹਿ ਗਏ ਹਨ ਅਤੇ ਬੇਰੁਜ਼ਗਾਰੀ ਵਿੱਚ ਵਾਧਾ ਹੋਇਆ ਹੈ, ਜਿਸ ਕਾਰਨ ਪੰਜਾਬ ਦੇ ਲੋਕਾਂ ਵਿੱਚ ਰੋਸ ਹੈ। ਇਸ ਮੌਕੇ ਜ਼ਿਲ੍ਹੇ ਭਰ ਅਤੇ ਫਿਰੋਜ਼ਪੁਰ ਸ਼ਹਿਰ ਛਾਉਣੀ ਤੋਂ ਭਾਜਪਾ ਆਗੂ, ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।

ਪੰਜਾਬ ਵਿੱਚ ਬਿਜਲੀ ਸੰਕਟ ਨੂੰ ਲੈ ਕੇ ਭਾਜਪਾ ਵੱਲੋਂ ਦਿੱਤਾ ਗਿਆ ਪੰਜਾਬ ਸਰਕਾਰ ਖਿਲਾਫ ਧਰਨਾ  

ਅਮ੍ਰਿਤਸਰ, (ਗੁਰਿੰਦਰ ਸਾਗਰ) : ਪੰਜਾਬ ਵਿੱਚ ਵੱਧ ਰਹੇ ਬਿਜਲੀ ਸੰਕਟ ਨੂੰ ਲੈ ਕੇ ਲਗਾਤਾਰ ਹੀ ਪੰਜਾਬ ਸਰਕਾਰ ਖ਼ਿਲਾਫ਼ ਵਿਰੋਧੀ ਪਾਰਟੀਆਂ ਧਰਨੇ ਪ੍ਰਦਰਸ਼ਨ ਕਰਦੀਆਂ ਦਿਖਾਈ ਦੇ ਰਹੀਆਂ ਹਨ  ਜਿਸ ਦੇ ਚਲਦੇ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਅੰਮ੍ਰਿਤਸਰ ਕਚਹਿਰੀ ਚੌਕ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਨੇਤਾਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਝੂਠ ਬੋਲ ਕੇ ਠੱਗੀ ਮਾਰੀ ਹੈ ਅਤੇ ਲੋਕ ਹੁਣ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।  ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਚੌਵੀ ਘੰਟੇ ਬਿਜਲੀ ਦਿੱਤੀ ਜਾਵੇਗੀ ਪਰ ਪਿੰਡਾਂ ਵਿੱਚ ਬਿਜਲੀ ਦੇ ਲੰਬੇ ਲੰਬੇ ਕੱਟ ਦੇਖਣ ਨੂੰ ਮਿਲ ਰਹੇ ਹਨ ਅਤੇ ਅੱਜ ਭਾਰਤੀ ਜਨਤਾ ਪਾਰਟੀ ਲੋਕਾਂ ਦੀ ਆਵਾਜ਼ ਬਣ ਕੇ ਪੰਜਾਬ ਵਿੱਚ ਵੱਖ ਵੱਖ ਥਾਵਾਂ ’ਤੇ ਪ੍ਰਦਰਸ਼ਨ ਕਰ ਰਹੀ ਹੈ ਅਤੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇ ਰਹੀ ਹੈ  

ਇਹ ਵੀ ਪੜ੍ਹੋ : ਕਲਯੁੱਗੀ ਮਾਂ : ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ 4 ਬੱਚਿਆਂ ਸਣੇ ਪੂਰੇ ਪਰਿਵਾਰ ਨੂੰ ਜ਼ਹਿਰ ਦੇ ਕੇ ਆਸ਼ਕ ਨਾਲ ਹੋਈ ਫਰਾਰ

ਇਸਦੇ ਨਾਲ ਹੀ ਬੋਲਦੇ ਹੋਏ ਭਾਰਤੀ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਗੌਤਮ ਅਰੋੜਾ ਨੇ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਬਿਜਲੀ ਸੰਕਟ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਧਰਨਾ ਦਿੱਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਸਰਕਾਰ  ਬਣਾਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਕਈ ਲੁਭਾਵਣੇ ਵਾਅਦੇ ਕੀਤੇ ਸਨ ਜਿਨ੍ਹਾਂ ਵਿੱਚੋਂ ਇੱਕ ਵਾਅਦਾ ਬਿਜਲੀ ਫ਼ਰੀ ਦਾ ਵੀ ਸੀ  ਅਤੇ ਚੌਵੀ ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਲੇਕਿਨ ਅੱਜ ਪੰਜਾਹ ਦਿਨ ਹੋ ਚੱਲੇ ਐ ਸਰਕਾਰ ਬਣੀ ਨੂੰ ਲੇਕਿਨ ਆਪ ਸਰਕਾਰ ਆਪਣਾ ਇਕ ਵੀ ਵਾਅਦਾ ਪੂਰਾ ਨਹੀਂ ਕਰ ਪਾਈ  ਇਸ ਦੇ ਅੱਗੇ ਬੋਲਦੇ ਹੋਏ ਗੌਤਮ ਅਰੋੜਾ ਨੇ ਕਿਹਾ ਕਿ ਭਗਵੰਤ ਮਾਨ ਤੇ ਕੇਜਰੀਵਾਲ ਜੋ ਲੋਕਾਂ ਵਿੱਚ ਆ ਕੇ ਕਹਿੰਦੇ ਹਨ ਉਸ ਦੇ ਉਲਟ ਕਰਦੇ ਹਨ ਇਸ ਦਾ ਨਤੀਜਾ ਅਸੀਂ ਦੇਖ ਚੁੱਕੇ ਹਾਂ ਜਿਸ ਨਾਲ ਉਨ੍ਹਾਂ ਨੇ ਕਿਹਾ ਕਿ ਪਟਿਆਲਾ ਹਿੰਸਾ ਦੇ ਵਿੱਚ ਜੋ ਆਮ ਆਦਮੀ ਪਾਰਟੀ ਵੱਲੋਂ ਇਲਜ਼ਾਮ ਲਗਾਇਆ  ਦੱਸਦਾ ਰਿਹਾ ਹੈ ਕਿ ਬਲਜਿੰਦਰ ਪ੍ਰਵਾਨਾ ਦੇ ਲਿੰਕ ਭਾਜਪਾ ਨਾਲ ਹੈ ਉਨ੍ਹਾਂ ਕਿਹਾ ਕਿ ਬਰਜਿੰਦਰ ਪਰਵਾਨਾ ਦੇ ਲਿੰਕ ਕਿਸ ਪਾਰਟੀ ਨਾਲ ਹੈ ਇਸ ਦੀ ਜਾਂਚ ਕਰਨਾ  ਇਹ ਕੰਮ ਪ੍ਰਸ਼ਾਸਨ ਦਾ ਹੈ  ਅਤੇ ਪਟਿਆਲਾ ਹਿੰਸਾ ਘਟਨਾ ਵਾਪਰਨ ਦਾ ਮੁੱਖ ਕਾਰਨ ਪੰਜਾਬ ਸਰਕਾਰ ਤੇ ਪੰਜਾਬ ਦਾ ਪ੍ਰਸ਼ਾਸਨ ਹੈ ਅਗਰ ਪ੍ਰਸ਼ਾਸਨ ਪਹਿਲਾਂ ਤੋਂ ਹੀ ਤਿਆਰੀ ਰੱਖਦਾ ਤੇ ਪਟਿਆਲਾ ਹਿੰਸਾ ਨਹੀਂ ਸੀ ਵਾਪਰ ਸਕਦੀ  

 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Meenakshi

News Editor

Related News