ਪੰਜਾਬ ’ਚ ਮਾਸਟਰ ਪਲਾਨ ’ਤੇ ਕੰਮ ਕਰ ਰਹੀ ਭਾਜਪਾ, ਨਾਂ ਦਿੱਤਾ ‘ਵਿਜ਼ਨ ਪੰਜਾਬ’

08/30/2022 6:25:52 PM

ਚੰਡੀਗੜ੍ਹ (ਹਰੀਸ਼ਚੰਦਰ) : ਸ਼੍ਰੋਮਣੀ ਅਕਾਲੀ ਦਲ ਦੇ ਪਰਛਾਵੇਂ ਤੋਂ ਬਾਹਰ ਆ ਕੇ ਪੂਰੇ ਪੰਜਾਬ ਵਿਚ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਭਾਰਤੀ ਜਨਤਾ ਪਾਰਟੀ ਨੇ 2024 ਦੀਆਂ ਲੋਕਸਭਾ ਚੋਣਾਂ ’ਤੇ ਫੋਕਸ ਕਰਦਿਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਦੇ ਟੀਚੇ ’ਤੇ ਪੂਰੀ ਗੰਭੀਰਤਾ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਜ਼ਮੀਨੀ ਪੱਧਰ ’ਤੇ ਕੰਮ ਚੱਲ ਰਿਹਾ ਹੈ। ਭਾਜਪਾ ਨੇ ਆਪਣੇ ਮਾਸਟਰ ਪਲਾਨ ਪੰਜਾਬ ਮਿਸ਼ਨ ਦਾ ਨਾਮ ‘ਵਿਜ਼ਨ ਪੰਜਾਬ’ ਰੱਖਿਆ ਹੈ। ਉਹ ਸਿੱਖਾਂ ਅਤੇ ਪੰਜਾਬੀਆਂ ਦੇ ਦਿਲ ਜਿੱਤਣ ਲਈ ਬੂਥ ਜਿੱਤਣ ਦੀ ਰਣਨੀਤੀ ’ਤੇ ਚੱਲ ਰਹੀ ਹੈ। ਭਾਜਪਾ ਦੇ ਇਕ ਸੀਨੀਅਰ ਆਗੂ ਨੇ ਦੱਸਿਆ ਕਿ ਹਾਲ ਹੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿਊ ਚੰਡੀਗੜ੍ਹ ਫੇਰੀ ਦੌਰਾਨ ਉਨ੍ਹਾਂ ਪੰਜਾਬ ਦੇ 22 ਪਾਰਟੀ ਆਗੂਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਸੀ। ਇਸ ਵਿਚ 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ, ਇਸ ਦੀ ਰੂਪ-ਰੇਖਾ ਆਦਿ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। 

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਗੈਂਗਸਟਰ ਗੋਲਡੀ ਬਰਾੜ ਨੇ ਪੰਜਾਬ ਪੁਲਸ ਨੂੰ ਦਿੱਤੀ ਧਮਕੀ

ਇਸ ਬੈਠਕ ਵਿਚ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਖੇਤੀ ਨੂੰ ਉਦਯੋਗ ਅਤੇ ਵਪਾਰ ਨਾਲ ਕਿਵੇਂ ਜੋੜਿਆ ਜਾਵੇ, ਜਿਸ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ ਅਤੇ ਉਨ੍ਹਾਂ ਦੀ ਆਰਥਿਕ ਸਥਿਤੀ ਵਿਚ ਸੁਧਾਰ ਹੋਵੇਗਾ। ਭਾਜਪਾ ਨੇ ਵੀ ਪੰਜਾਬ ਭਰ ਵਿਚ ਜਨ ਸੰਪਰਕ, ਦੌਰੇ ਅਤੇ ਮੀਟਿੰਗਾਂ ਤੇਜ਼ ਕਰ ਦਿੱਤੀਆਂ ਹਨ। ਕੇਂਦਰੀ ਮੰਤਰੀ ਵੱਖ-ਵੱਖ ਲੋਕ ਸਭਾ ਸਰਕਲਾਂ ਵਿਚ 3-3 ਦਿਨ ਦਾ ਪ੍ਰਵਾਸ ਕਰ ਰਹੇ ਹਨ। ਪਾਰਟੀ ਨੇ ਸੂਬੇ ਭਰ ਦੇ ਲੋਕਾਂ ਵਿਚ ਵੰਡਣ ਲਈ ਇਕ ਕਿਤਾਬਚਾ ਪ੍ਰਕਾਸ਼ਿਤ ਕੀਤਾ ਹੈ। ਪੰਜਾਬੀ ਅਤੇ ਹਿੰਦੀ ਵਿਚ ਪ੍ਰਕਾਸ਼ਿਤ ਇਸ 88 ਪੰਨਿਆਂ ਦਾ ਕਿਤਾਬਚਾ, ਜਿਸ ਦਾ ਸਿਰਲੇਖ ‘ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦਾ ਸਿੱਖਾਂ ਨਾਲ ਵਿਸ਼ੇਸ਼ ਸਬੰਧ’ ਹੈ, ਵਿਚ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਵਲੋਂ ਸਿੱਖਾਂ ਅਤੇ ਪੰਜਾਬੀਆਂ ਲਈ ਕੀਤੇ ਕੰਮਾਂ ਦਾ ਪੂਰਾ ਵੇਰਵਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਵਿਚ ਵੱਡੀ ਕਾਰਵਾਈ ਕਰਨ ਦੀ ਤਿਆਰੀ ’ਚ ਭਾਜਪਾ, ਸਤੰਬਰ ਦੇ ਪਹਿਲੇ ਹਫ਼ਤੇ ਹੋ ਸਕਦੈ ਐਲਾਨ

ਇਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਵਿਸ਼ਵ ਭਰ ਵਿਚ ਧੂਮਧਾਮ ਨਾਲ ਮਨਾਉਣਾ, ਇਸ ਮੌਕੇ ਕਰਤਾਰਪੁਰ ਲਾਂਘਾ ਖੋਲ੍ਹਣ ਅਤੇ ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਨੂੰ ਕੌਮੀ ਸੇਵਾ ਅਵਾਰਡ ਨਾਲ ਸਨਮਾਨਿਤ ਕਰਨਾ, ਗੁਰੂ ਨਾਨਕ ਦੇਵ ਜੀ ਦੀ ਮੁੱਢਲੀ ਕਰਮਭੂਮੀ ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਬਣਾਉਣ, ਗੁਰੂ ਤੇਗ ਬਹਾਦਰ ਜੀ ਦਾ 400ਵੇਂ ਪ੍ਰਕਾਸ਼ ਪੁਰਬ ਮਨਾਉਣਾ, 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਨੂੰ ਸਾਲਾਂ ਬਾਅਦ ਸਜ਼ਾਵਾਂ ਦੇਣਾ, 3328 ਦੰਗਾ ਪੀੜਤ ਪਰਿਵਾਰਾਂ ਨੂੰ 5-5 ਲੱਖ ਦੀ ਰਾਹਤ ਦੇਣ, ਉਸ ਸਮੇਂ ਦੇ ਦੰਗਿਆਂ ਕਾਰਣ ਪੰਜਾਬ ਵਿਚ ਵਸੇ 1000 ਤੋਂ ਵੱਧ ਪਰਿਵਾਰਾਂ ਨੂੰ ਮੁੜ ਵਸੇਬਾ ਸਕੀਮ ਤਹਿਤ 2-2 ਲੱਖ ਰੁਪਏ ਦੇਣੇ, 314 ਵਿਚੋਂ 312 ਵਿਅਕਤੀਆਂ ਦਾ ਨਾਮ ਬਲੈਕਲਿਸਟ ਵਿਚੋਂ ਕੱਢਣ ਤੇ ਸਰਕਾਰੀ ਤਸ਼ੱਦਦ ਕਾਰਣ ਵਿਦੇਸ਼ਾਂ ਵਿਚ ਜਾ ਵਸੇ ਸਿੱਖ ਸ਼ਰਨਾਰਥੀਆਂ ਦੇ ਪਰਿਵਾਰਾਂ ਨੂੰ ਵੀਜ਼ੇ ਦੇਣ, ਜਲ੍ਹਿਆਂਵਾਲਾ ਬਾਗ ਦੀ ਸ਼ਾਨਦਾਰ ਯਾਦਗਾਰ ਬਣਾਉਣਾ, ਪਾਕਿਸਤਾਨ, ਅਫਗਾਨਿਸਤਾਨ ਆਦਿ ਦੇਸ਼ਾਂ ਵਿਚ ਵਸੇ ਸਿੱਖਾਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਦਾ ਪ੍ਰਸਤਾਵ, ਜੰਮੂ-ਕਸ਼ਮੀਰ ਵਿਚ ਸਿੱਖਾਂ ਦੇ ਅਧਿਕਾਰਾਂ ਨੂੰ ਯਕੀਨੀ ਬਣਾਉਣਾ, ਟੈਕਸ ਮੁਕਤ ਲੰਗਰ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਐੱਫ਼.ਸੀ.ਆਰ.ਏ. ਰਜਿਸਟ੍ਰੇਸਨ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ’ਚ ਬੈਠੇ ਗੈਂਗਸਟਰ ਰਿੰਦਾ ਦੀ ਪੰਜਾਬ ਪੁਲਸ ਨੂੰ ਧਮਕੀ

ਅਗਲੀਆਂ ਚੋਣਾਂ ਇਕੱਲਿਆਂ ਲੜੇਗੀ ਭਾਜਪਾ

ਭਾਜਪਾ ਅਗਲੀਆਂ ਚੋਣਾਂ ਪੰਜਾਬ ਵਿਚ ਇਕੱਲੇ ਲੜੇਗੀ। 25 ਸਾਲਾਂ ਤੋਂ 23 ਵਿਧਾਨ ਸਭਾ ਸੀਟਾਂ ’ਤੇ ਚੋਣ ਲੜਨ ਵਾਲੀ ਭਾਜਪਾ ਇਸ ਵਾਰ 73 ਸੀਟਾਂ ’ਤੇ ਚੋਣ ਲੜੀ ਸੀ ਅਤੇ ਪਾਰਟੀ ਸੂਤਰਾਂ ਅਨੁਸਾਰ ਅਗਲੀ ਵਾਰ ਉਹ ਸਾਰੀਆਂ 117 ਸੀਟਾਂ ’ਤੇ ਚੋਣ ਲੜੇਗੀ, ਇਸ ਲਈ ਜੇਕਰ ਸਹਿਯੋਗੀ ਦਲਾਂ ਸ਼੍ਰੋਮਣੀ ਅਕਾਲੀ ਦਲ (ਯੂਨਾਈਟਡ) ਅਤੇ ਪੰਜਾਬ ਲੋਕ ਕਾਂਗਰਸ ਦੇ ਜਿੱਤਣ ਵਿਚ ਸਮਰੱਥ ਉਮੀਦਵਾਰ ਚੋਣ ਲੜਨਾ ਚਾਹੁੰਣਗੇ ਤਾਂ ਉਨ੍ਹਾਂ ਨੂੰ ‘ਕਮਲ’ ਦੇ ਨਿਸ਼ਾਨ ’ਤੇ ਲੜਨਾ ਪਵੇਗਾ। ਮੰਨਿਆ ਜਾ ਰਿਹਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਪਾਰਟੀ ਇਕੱਲੀ ਹੀ ਸਾਰੀਆਂ 13 ਸੀਟਾਂ ’ਤੇ ਚੋਣ ਲੜੇਗੀ।

ਇਹ ਵੀ ਪੜ੍ਹੋ : ਲੋਕਾਂ ਨੂੰ ਥਾਣੇ ’ਚ ਬੰਦ ਕਰਨ ਦੀ ਧਮਕੀ ਦੇਣ ਵਾਲਾ ਥਾਣੇਦਾਰ ਖੁਦ ਪਹੁੰਚਿਆ ਸਲਾਖਾਂ ਪਿੱਛੇ, ਪੁਲਸ ਨੇ ਕੀਤਾ ਗ੍ਰਿਫ਼ਤਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News