ਯੂ. ਪੀ. ’ਚ ਮੁਸਲਿਮ ਭਾਈਚਾਰੇ ਨੂੰ ਆਪਣੇ ਪੱਖ ’ਚ ਕਰਨ ’ਚ ਸਫ਼ਲ ਹੋ ਰਹੀ ਭਾਜਪਾ
Thursday, May 25, 2023 - 04:12 PM (IST)
ਜਲੰਧਰ (ਪਾਹਵਾ)- 2017 ਤੋਂ ਪਹਿਲਾਂ ਇਕ ਦੌਰ ਸੀ ਜਦੋਂ ਮੁਸਲਿਮ ਵਰਗ ਭਾਜਪਾ ਨੂੰ ਵੋਟ ਪਾਉਣ ਤੋਂ ਲੈ ਕੇ ਉਸ ਕੋਲੋਂ ਟਿਕਟ ਲੈਣ ਤਕ ਝਿਜਕਦਾ ਸੀ ਪਰ ਹੁਣ ਸਮਾਂ ਬਦਲ ਗਿਆ ਹੈ। ਖ਼ਾਸ ਤੌਰ ’ਤੇ ਉੱਤਰ ਪ੍ਰਦੇਸ਼ ਵਿਚ ਪਿਛਲੇ ਕੁਝ ਸਮੇਂ ਤੋਂ ਮੁਸਲਿਮ ਵਰਗ ਵਿਚ ਭਾਜਪਾ ਪ੍ਰਤੀ ਰੁਝਾਨ ਵਧ ਗਿਆ ਹੈ, ਜਿਸ ਦਾ ਅਸਰ ਇਹ ਹੋਇਆ ਹੈ ਕਿ ਹੁਣੇ ਜਿਹੇ ਹੋਈਆਂ ਲੋਕਲ ਬਾਡੀ ਚੋਣਾਂ ਵਿਚ ਪਾਰਟੀ ਦੇ 50 ਦੇ ਲਗਭਗ ਮੁਸਲਿਮ ਉਮੀਦਵਾਰਾਂ ਨੂੰ ਸਫ਼ਲਤਾ ਹਾਸਲ ਹੋਈ ਹੈ।
ਮੁਸਲਿਮ ਭਾਈਚਾਰੇ ਵਿਚ ਭਾਜਪਾ ਨੂੰ ਲੈ ਕੇ ਸੋਚ ਵਿਚ ਬਦਲਾਅ ਆਇਆ ਹੈ ਅਤੇ ਭਾਜਪਾ ਨੇ ਵੀ ਮੁਸਲਿਮ ਵਰਗ ਨੂੰ ਅਹਿਮਿਅਤ ਦੇਣੀ ਸ਼ੁਰੂ ਕਰ ਦਿੱਤੀ ਹੈ। ਵਾਰਾਣਸੀ ਵਰਗੇ ਇਲਾਕੇ ਦੇ ਮਦਨਪੁਰਾ ਵਾਰਡ ਵਿਚ ਲੋਕਲ ਬਾਡੀ ਚੋਣਾਂ ਦੌਰਾਨ ਮੁਸਲਿਮ ਮਹਿਲਾ ਉਮੀਦਵਾਰ ਹੁਮਾ ਬਾਨੋ ਨੇ ਲਗਭਗ 500 ਵੋਟਾਂ ਹਾਸਲ ਕੀਤੀਆਂ ਅਤੇ ਤੀਜੇ ਨੰਬਰ ’ਤੇ ਰਹੀ। 2017 ਦੀਆਂ ਚੋਣਾਂ ਵਿਚ ਪਾਰਟੀ ਨੇ ਲਗਭਗ 180 ਉਮੀਦਵਾਰ ਮੈਦਾਨ ਵਿਚ ਉਤਾਰੇ ਸਨ ਅਤੇ ਉਸ ਸਮੇਂ ਸਿਰਫ਼ਇਕ ਮੁਸਲਿਮ ਉਮੀਦਵਾਰ ਨੂੰ ਹੀ ਸਫ਼ਲਤਾ ਮਿਲੀ ਸੀ, ਜਦੋਂਕਿ ਇਸ ਸਾਲ ਪਾਰਟੀ ਨੇ 395 ਉਮੀਦਵਾਰ ਮੈਦਾਨ ਵਿਚ ਉਤਾਰੇ, ਜਿਨ੍ਹਾਂ ਵਿਚੋਂ 80 ਫ਼ੀਸਦੀ ਸਫ਼ਲ ਰਹੇ। ਇਨ੍ਹਾਂ ਵਿਚੋਂ ਮੁਸਲਿਮ ਵਰਗ ਵਿਚ ਆਉਣ ਵਾਲੇ ਪੱਛੜੇ ਵਰਗ ਦੇ ਪਸਮਾਂਦਾ ਕਹਾਏ ਜਾਣ ਵਾਲੇ ਮੁਸਲਿਮ ਸ਼ਾਮਲ ਹਨ।
ਇਹ ਵੀ ਪੜ੍ਹੋ - ਪੰਜਾਬ ਦੇ ਮੌਸਮ 'ਚ ਆਵੇਗੀ ਵੱਡੀ ਤਬਦੀਲੀ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ
ਮੁਸਲਿਮ ਭਾਈਚਾਰੇ ਵਿਚ ਇਕ ਵੱਡਾ ਵਰਗ ਹੁਣ ਭਾਜਪਾ ਪ੍ਰਤੀ ਵਿਸ਼ਵਾਸ ਜਤਾਉਣ ਲਗਾ ਹੈ ਕਿਉਂਕਿ ਉਸ ਨੂੰ ਲੱਗਣ ਲੱਗਾ ਹੈ ਕਿ ਸਰਕਾਰੀ ਕਲਿਆਣ ਯੋਜਨਾਵਾਂ ਵਿਚ ਕਿਸੇ ਤਰ੍ਹਾਂ ਦਾ ਕੋਈ ਭੇਦ-ਭਾਵ ਨਹੀਂ ਹੋ ਰਿਹਾ। ਉੱਤਰ ਪ੍ਰਦੇਸ਼ ਵਿਚ 46 ਲੱਖ ਘਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਣਾਏ ਗਏ ਅਤੇ ਅੰਕੜਿਆਂ ਅਨੁਸਾਰ ਲਗਭਗ 18 ਲੱਖ ਲਾਭਪਾਤਰੀ ਮੁਸਲਿਮ ਵਰਗ ’ਚੋਂ ਹਨ। ਉੱਤਰ ਪ੍ਰਦੇਸ਼ ਵਿਚ ਫਿਰਕੂ ਹਿੰਸਾ ਦੀਆਂ ਘਟਨਾਵਾਂ ਵਿਚ ਵੱਡੇ ਪੱਧਰ ’ਤੇ ਕਮੀ ਆਈ ਹੈ ਅਤੇ ਮੁਸਲਿਮ ਵਰਗ ਹੁਣ ਖੁਦ ਨੂੰ ਪਹਿਲਾਂ ਨਾਲੋਂ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਨ ਲੱਗਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਫਿਰਕਾਪ੍ਰਸਤੀ ਦੇ ਨਾਂ ’ਤੇ ਮੁਸਲਿਮ ਵਰਗ ਹਮੇਸ਼ਾ ਹੀ ਧਮਕੀ ਭਰੇ ਮਾਹੌਲ ਵਿਚ ਰਿਹਾ ਹੈ। ਇਸ ਵਰਗ ਵਿਚ ਜ਼ਿਆਦਾਤਰ ਡੇਲੀ ਵੇਜ ਕਰਮਚਾਰੀ ਹਨ ਅਤੇ ਇਨ੍ਹਾਂ ਉੱਪਰ ਫਿਰਕੂ ਹਿੰਸਾ ਦਾ ਸਭ ਤੋਂ ਜ਼ਿਆਦਾ ਅਸਰ ਹੁੰਦਾ ਰਿਹਾ ਹੈ। ਮੁਸਲਿਮ ਵਰਗ ਦੇ ਜਿਹੜੇ ਲੋਕ ਭਾਜਪਾ ਦੀ ਟਿਕਟ ’ਤੇ ਚੋਣ ਲੜੇ ਹਨ, ਉਨ੍ਹਾਂ ਨੂੰ ਅਜੇ ਵੀ ਭਾਈਚਾਰੇ ਤੋਂ ਵਿਰੋਧ ਸਹਿਣਾ ਪੈ ਰਿਹਾ ਹੈ।
ਭਾਰਤੀ ਜਨਤਾ ਪਾਰਟੀ ਨੇ ਮੁਸਲਿਮ ਬਹੁਗਿਣਤੀ ਇਲਾਕਿਆਂ ਵਿਚ ਨਵਾਂ ਤਜਰਬਾ ਕੀਤਾ ਹੈ ਅਤੇ ਉੱਥੇ ਮੁਸਲਿਮ ਵਰਗ ਨੂੰ ਹੀ ਟਿਕਟ ਦੇਣ ਵਿਚ ਭਲਾਈ ਸਮਝੀ। ਅਮਰੋਹਾ, ਬਿਜਨੌਰ, ਮੁਰਾਦਾਬਾਦ, ਰਾਮਪੁਰ, ਸੰਭਲ ਆਦਿ ਵਰਗੇ ਇਲਾਕਿਆਂ ਵਿਚ ਪਾਰਟੀ ਨੂੰ ਸਫ਼ਲਤਾ ਵੀ ਮਿਲੀ। ਲਗਭਗ 30 ਸਫ਼ਲ ਹੋਏ ਉਮੀਦਵਾਰਾਂ ਦੇ ਨਾਲ-ਨਾਲ 4 ਨਗਰ ਪੰਚਾਇਤ ਚੇਅਰਪਰਸਨ ਇਨ੍ਹਾਂ ਹੀ ਇਲਾਕਿਆਂ ਨਾਲ ਸਬੰਧਤ ਹਨ। ਭਾਜਪਾ ਨੇਤਾਵਾਂ ਅਨੁਸਾਰ ਪਾਰਟੀ ਮੁਸਲਿਮ ਵਰਗ ਨੂੰ ਹੋਰ ਨੇੜੇ ਲਿਆਉਣ ਦੀਆਂ ਕੋਸ਼ਿਸ਼ਾਂ ਵਿਚ ਜੁਟੀ ਹੋਈ ਹੈ। ਪਾਰਟੀ ਦਾ ਮੰਨਣਾ ਹੈ ਕਿ ਮੁਸਲਿਮ ਵਰਗ ਵਿਚ ਵੀ ਭਾਜਪਾ ਪ੍ਰਤੀ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ।
ਇਹ ਵੀ ਪੜ੍ਹੋ - ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਚੰਗੇ ਭਵਿੱਖ ਦੇ ਸੁਫ਼ਨੇ ਲੈ ਕੇ ਵਿਦੇਸ਼ ਗਏ ਨਵਾਂਸ਼ਹਿਰ ਦੇ 19 ਸਾਲਾ ਨੌਜਵਾਨ ਦੀ ਮੌਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani