ਰਾਜਾ ਵੜਿੰਗ ਦਾ ਵੱਡਾ ਬਿਆਨ, ਰਾਹੁਲ ਗਾਂਧੀ ਨੂੰ ਜੇਲ੍ਹ ਭੇਜਣ ਦੇ ਮਨਸੂਬੇ ਬਣਾ ਰਹੀ ਭਾਜਪਾ

Tuesday, Oct 25, 2022 - 04:42 PM (IST)

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਦਿੰਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜਣ ਦੇ ਮਨਸੂਬੇ ਬਣਾਏ ਜਾ ਰਹੇ ਹਨ। ਜਗ ਬਾਣੀ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਲੋਕਪ੍ਰੀਅਤ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਭਾਰਤ ਜੋੜੋ ਯਾਤਰਾ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ 'ਚ ਸਿਰਫ਼ ਕਾਂਗਰਸ ਹੀ ਨਹੀਂ ਸਗੋਂ ਭਾਜਪਾ ਤੋਂ ਦੁਖੀ ਹਰ ਪਾਰਟੀ ਦੇ ਲੋਕ ਸ਼ਾਮਲ ਹੋ ਰਹੇ ਹਨ।

ਇਸ ਤੋਂ ਭਾਰਤੀ ਜਨਤਾ ਪਾਰਟੀ ਬੌਖਲਾ ਗਈ ਹੈ ਅਤੇ ਇਸ ਯਾਤਰਾ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਦੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਪੁੱਛਗਿੱਛ ਲਈ ਬੁਲਾ ਕੇ 10-10 ਘੰਟੇ ਬਿਠਾ ਕੇ ਰੱਖਿਆ ਜਾ ਰਿਹਾ ਹੈ। ਇੱਥੋਂ ਤਕ ਕਿ ਰਾਹੁਲ ਗਾਂਧੀ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜਣ ਦੇ ਮਨਸੂਬੇ ਬਣਾਏ ਜਾ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ - ਭਾਰਤੀ ਮੂਲ ਦੇ ਰਿਸ਼ੀ ਸੂਨਕ ਬਣੇ UK ਦੇ ਪ੍ਰਧਾਨ ਮੰਤਰੀ, CM ਮਾਨ ਨੇ ਇੰਝ ਦਿੱਤੀ ਵਧਾਈ

ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਜੇਲ੍ਹਾਂ ਜਾਂ ਈ. ਡੀ. ਤੋਂ ਡਰਾਂਗੇ ਨਹੀਂ। ਰਾਹੁਲ ਗਾਂਧੀ ਇਸੇ ਤਰੀਕੇ ਨਾਲ ਅੱਗੇ ਵੱਧਦੇ ਰਹਿਣਗੇ ਅਤੇ ਇਹ ਯਾਤਰਾ ਭਵਿੱਖ ਵਿਚ ਇਨਕਲਾਬੀ ਸਿੱਧ ਹੋਵੇਗੀ। ਕਾਂਗਰਸ ਪਾਰਟੀ ਰਾਹੁਲ ਗਾਂਧੀ ਪਿੱਛੇ ਡਟ ਕੇ ਖੜ੍ਹੀ ਹੈ ਅਤੇ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ 'ਤੇ ਕੰਮ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪ੍ਰਦੇਸ਼ਾਂ 'ਚ ਵੀ ਬੀ. ਜੇ. ਪੀ. ਗੱਠਜੋੜ ਤੋਂ ਬਾਹਰ ਵਾਲੀਆਂ ਪਾਰਟੀ ਦੀਆਂ  ਸਰਕਾਰਾਂ ਹਨ, ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਭਾਜਪਾ ਵੱਲੋਂ ਏਜੰਸੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਲੋਕ ਭਾਜਪਾ ਦੇ ਸਾਰੇ ਹਥਕੰਡਿਆਂ ਨੂੰ ਜਾਣ ਚੁੱਕੇ ਹਨ। ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ 'ਚੋਂ ਭਾਜਪਾ ਦਾ ਪੂਰੀ ਤਰ੍ਹਾਂ ਸਫਾਇਆ ਹੋਵੇਗਾ। ਲੋਕ ਜਾਣ ਚੁੱਕੇ ਹਨ ਕਿ ਭਾਜਪਾ ਪੰਜਾਬ ਦੇ ਹੱਕਾਂ ਨੂੰ ਖੋਹਣ ਵਾਲੀ ਪਾਰਟੀ ਹੈ। 

ਇਸ ਖ਼ਬਰ ਬਾਰੇ ਕੁਮੈਂਟ ਕਰ ਕੇ ਦਿਓ ਆਪਣੀ ਰਾਏ


Anuradha

Content Editor

Related News