ਲੋਕ ਸਭਾ ਚੋਣਾਂ ਦੇ ਮੁਕਾਬਲੇ ਜ਼ਿਮਨੀ ਚੋਣਾਂ ’ਚ ਬੁਰੀ ਤਰ੍ਹਾਂ ਪੱਛੜੀ BJP, ਰਹੀ ਦੂਜੇ ਸਥਾਨ 'ਤੇ

Sunday, Jul 14, 2024 - 10:43 AM (IST)

ਚੰਡੀਗੜ੍ਹ (ਹਰੀਸ਼) : ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ’ਚ ਭਾਜਪਾ ਪਿਛਲੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਬੁਰੀ ਤਰ੍ਹਾਂ ਪੱਛੜ ਗਈ ਹੈ। ਜਿਸ ਭਾਜਪਾ ਨੇ ਹਾਲ ਹੀ ’ਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਇਸੇ ਹਲਕੇ ਤੋਂ 42,837 ਵੋਟਾਂ ਹਾਸਲ ਕੀਤੀਆਂ ਸਨ, ਜ਼ਿਮਨੀ ਚੋਣ ’ਚ ਸਿਰਫ਼ 17,921 ਵੋਟਾਂ ਹੀ ਹਾਸਲ ਕਰ ਸਕੀ। ਭਾਵੇਂ ਇਸ ਜ਼ਿਮਨੀ ਚੋਣ ’ਚ ਭਾਜਪਾ ਲੀਡਰਸ਼ਿਪ ਨੇ ਆਪਣੀ ਪੂਰੀ ਤਾਕਤ ਲਾ ਦਿੱਤੀ ਸੀ ਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੀ ਸੀਨੀਅਰ ਸਾਥੀ ਆਗੂਆਂ ਸਮੇਤ ਪਾਰਟੀ ਉਮੀਦਵਾਰ ਸ਼ੀਤਲ ਅੰਗੁਰਾਲ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਲਈ ਡਟੇ ਰਹੇ ਪਰ ਸ਼ਾਇਦ ਇਸ ਵਾਰ ਵੋਟਰ ਸੱਤਾਧਿਰ ਨਾਲ ਇਸ ਲਈ ਚਲੇ ਗਏ ਕਿਉਂਕਿ ਹਾਲੇ ਵੀ ਢਾਈ ਸਾਲ ਤੋਂ ਵੱਧ ਸਮਾਂ ਸਰਕਾਰ ਦਾ ਪਿਆ ਹੈ।

ਇਹ ਵੀ ਪੜ੍ਹੋ : ਜ਼ਿਮਨੀ ਚੋਣਾਂ ਮਗਰੋਂ ਵੀ ਗਰਮਾਈ ਰਹੇਗੀ ਪੰਜਾਬ ਦੀ ਸਿਆਸਤ, ਤੁਰੰਤ ਬਾਅਦ ਫਿਰ ਪੈਣਗੀਆਂ ਵੋਟਾਂ

ਭਾਵੇਂ ਲੋਕ ਸਭਾ ਚੋਣਾਂ ਵਾਂਗ ਇਸ ਜ਼ਿਮਨੀ ਚੋਣ ’ਚ ਵੀ ਭਾਜਪਾ ਦੂਜੇ ਸਥਾਨ ’ਤੇ ਰਹੀ ਹੈ ਪਰ ਉਦੋਂ ਉਸ ਨੇ ਇੱਥੇ ਕਾਂਗਰਸ ਨੂੰ ਬਰਾਬਰ ਦਾ ਮੁਕਾਬਲਾ ਦਿੱਤਾ ਸੀ। ‘ਆਪ’ ਦੀਆਂ ਵੋਟਾਂ ’ਚ ਸਿਰਫ਼ 40 ਦਿਨਾਂ ’ਚ ਹੀ ਭਾਰੀ ਉਛਾਲ ਦੇਖਣ ਨੂੰ ਮਿਲਿਆ, ਜਦਕਿ ਕਾਂਗਰਸ ਵੋਟ ਦੇ ਨੁਕਸਾਨ ਦੇ ਮਾਮਲੇ ’ਚ ਬੁਰੀ ਤਰ੍ਹਾਂ ਫਿਸਲ ਗਈ। ਲੋਕ ਸਭਾ ਚੋਣਾਂ ਦੇ ਮੁਕਾਬਲੇ ਇਸ ਜ਼ਿਮਨੀ ਚੋਣ ’ਚ ਕਾਂਗਰਸ ਨੂੰ 27637 ਵੋਟਾਂ ਮਿਲੀਆਂ, ਜਦਕਿ ਭਾਜਪਾ ਨੂੰ 24916 ਵੋਟਾਂ ਘੱਟ ਮਿਲੀਆਂ। ਅਕਾਲੀ ਦਲ ਨੂੰ ਵੀ ਇਨ੍ਹਾਂ 40 ਦਿਨਾਂ ’ਚ 1381 ਵੋਟਾਂ ਦਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ 'ਚ BJP ਦੀ ਹਾਰ ਮਗਰੋਂ ਸੁਨੀਲ ਜਾਖੜ ਦਾ ਬਿਆਨ, ਲੋਕਾਂ ਦਾ ਫ਼ਤਵਾ ਸਿਰ ਮੱਥੇ
ਅਕਾਲੀ ਦਲ ਨੂੰ ਕਰਨਾ ਪਵੇਗਾ ਵਿਸ਼ਲੇਸ਼ਣ
ਇਸ ਚੋਣ ’ਚ ਅਕਾਲੀ ਦਲ ਦੀ ਹਾਲਤ ਹੋਰ ਵੀ ਮਾੜੀ ਨਜ਼ਰ ਆਈ ਹੈ। ਪਾਰਟੀ ਨੇ ਜਿਸ ਸੁਰਜੀਤ ਕੌਰ ਨੂੰ ਆਪਣਾ ਉਮੀਦਵਾਰ ਬਣਾਇਆ ਸੀ, ਉਹ ਨਾਰਾਜ਼ ਧੜੇ ਨਾਲ ਖੜ੍ਹੀ ਹੋ ਗਈ । ਇਸ ਦੌਰਾਨ ਉਹ ਸਵੇਰੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਤੋਂ ਬਾਅਦ ਸ਼ਾਮ ਨੂੰ ਵਾਪਸ ਅਕਾਲੀ ਦਲ ’ਚ ਪਰਤ ਗਏ। ਅਕਾਲੀ ਉਮੀਦਵਾਰ ਹੋਣ ਦੇ ਬਾਵਜੂਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਕਿਸੇ ਨੇ ਵੀ ਉਨ੍ਹਾਂ ਲਈ ਚੋਣ ਪ੍ਰਚਾਰ ਨਹੀਂ ਕੀਤਾ ਤੇ ਸਿਰਫ਼ ਬਾਗ਼ੀ ਆਗੂ ਹੀ ਉਨ੍ਹਾਂ ਨਾਲ ਖੜ੍ਹੇ ਨਜ਼ਰ ਆਏ। ਜੇਕਰ ਪਾਰਟੀ ਇਸ ਹਲਕੇ ’ਚ ਚੋਣ ਪ੍ਰਚਾਰ ਵੀ ਕਰਦੀ ਤਾਂ ਵੀ ਉਹ ਬਹੁਤਾ ਕੁੱਝ ਨਹੀਂ ਸੀ ਕਰ ਸਕਦੀ। ਦਰਅਸਲ ਲੋਕ ਸਭਾ ਚੋਣਾਂ ’ਚ ਵੀ ਪਾਰਟੀ ਉਮੀਦਵਾਰ ਮਹਿੰਦਰ ਸਿੰਘ ਕੇ. ਪੀ. ਸਿਰਫ਼ 2623 ਵੋਟਾਂ ’ਤੇ ਹੀ ਸਿਮਟ ਗਏ ਸਨ। ਇਸ ਵਾਰ ਪਾਰਟੀ ਉਮੀਦਵਾਰ ਨੂੰ 1242 ਵੋਟਾਂ ਮਿਲੀਆਂ ਹਨ। ਚੋਣਾਂ ’ਚ ਵੱਡੀਆਂ ਹਾਰਾਂ ਦਾ ਸਾਹਮਣਾ ਕਰਨ ਤੋਂ ਬਾਅਦ ਅਕਾਲੀ ਦਲ ਨੂੰ ਹੁਣ ਡੂੰਘਾਈ ਨਾਲ ਚਿੰਤਨ ਕਰਨ ਦੀ ਲੋੜ ਹੈ। ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਨੇ ਜੇ ਮੁੜ ਪੈਰ ਜਮਾਉਣੇ ਹਨ ਤਾਂ ਕੁੱਝ ਸਖ਼ਤ ਤੇ ਠੋਸ ਫ਼ੈਸਲੇ ਲੈਣੇ ਪੈਣਗੇ ਨਹੀਂ ਤਾਂ ਪਿਛਲੇ 8 ਸਾਲਾਂ ਤੋਂ ਹਾਰ ਦਾ ਸਾਹਮਣਾ ਕਰ ਰਹੇ ਅਕਾਲੀ ਦਲ ਦਾ ਬਚਣਾ ਹੋਰ ਵੀ ਔਖਾ ਹੋ ਜਾਵੇਗਾ। ਪਾਰਟੀ ਲੀਡਰਸ਼ਿਪ ਨੂੰ ਵੀ ਇਹ ਡਰ ਸਤਾਉਣ ਲੱਗਾ ਹੈ ਕਿ ਬਾਗ਼ੀ ਧੜਾ ਹੋਰ ਮਜ਼ਬੂਤ ਹੋ ਜਾਵੇਗਾ ਕਿਉਂਕਿ ਸੁਖਬੀਰ ਬਾਦਲ ਦੀ ਅਗਵਾਈ ’ਚ ਪਾਰਟੀ ਨੂੰ ਜ਼ਬਰਦਸਤ ਜਿੱਤ ਦਾ ਸਵਾਦ ਚੱਖਿਆਂ ਕਈ ਸਾਲ ਬੀਤ ਚੁੱਕੇ ਹਨ। ਇਸ ਲਈ ਕਈ ਸੀਨੀਅਰ ਆਗੂ ਵੀ ਪਾਰਟੀ ਪ੍ਰਧਾਨ ਦੀ ਲੀਡਰਸ਼ਿਪ ਪ੍ਰਤੀ ਅਸੰਤੁਸ਼ਟੀ ਜ਼ਾਹਰ ਕਰ ਕੇ ਇਕ ਪਾਸੇ ਹੋ ਸਕਦੇ ਹਨ। ਹੁਣ 4 ਹੋਰ ਵਿਧਾਨ ਸਭਾ ਹਲਕਿਆਂ ’ਚ ਜ਼ਿਮਨੀ ਚੋਣਾਂ ਹੋਣੀਆਂ ਹਨ, ਜੇ ਪਾਰਟੀ ਨੇ ਇਸ ਤੋਂ ਪਹਿਲਾਂ ਆਪਣਾ ‘ਘਰ’ ਠੀਕ ਨਾ ਕੀਤਾ ਤਾਂ ਨਤੀਜਿਆਂ ’ਚ ਕੋਈ ਫ਼ਰਕ ਪੈਂਦਾ ਨਜ਼ਰ ਦਿਖਾਈ ਨਹੀਂ ਦੇਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 

 


Babita

Content Editor

Related News