ਅਕਾਲੀ ਦਲ ਨੂੰ ਕੰਪਨੀ ਵਾਂਗ ਚਲਾਉਂਦੇ ਨੇ ਸੁਖਬੀਰ ਬਾਦਲ, ਚੰਨੀ ਰਹੇ ਫੇਲ੍ਹ ਮੁੱਖ ਮੰਤਰੀ : ਪਵਨ ਕੁਮਾਰ ਟੀਨੂੰ

05/25/2024 6:49:18 PM

ਜਲੰਧਰ- ਜਲੰਧਰ, ਬਠਿੰਡਾ, ਲੁਧਿਆਣਾ ਅਤੇ ਸੰਗਰੂਰ ਇਸ ਵੇਲੇ ਪੰਜਾਬ ਦੀਆਂ ਹੌਟ ਸੀਟਾਂ ਬਣ ਚੁੱਕੀਆਂ ਹਨ। ਇਨ੍ਹਾਂ ਸੀਟਾਂ ’ਚੋਂ ਇਕ ਜਲੰਧਰ ਤੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਪਵਨ ਕੁਮਾਰ ਟੀਨੂੰ ਨੇ ‘ਜਗ ਬਾਣੀ’ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਜਿੱਥੇ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਬਾਰੇ ਗੱਲਬਾਤ ਕੀਤੀ, ਉਥੇ ਹੀ ਉਨ੍ਹਾਂ ਨੇ ਦਾਅਵਾ ਕੀਤਾ ਕਿ ਜਲੰਧਰ ਦੀ ਸਿਆਸੀ ਪਿੜ ’ਚ ਉਨ੍ਹਾਂ ਦੇ ਮੁਕਾਬਲੇ ਵਿਚ ਕੋਈ ਵੀ ਨਹੀਂ ਹੈ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼-

ਜਲੰਧਰ ’ਚ ਪ੍ਰਚਾਰ ਕਿਵੇਂ ਚੱਲ ਰਿਹਾ?
ਜਲੰਧਰ ਲੋਕ ਸਭਾ ਹਲਕੇ ’ਚ ਪ੍ਰਚਾਰ ਦੀ ਗੱਲ ਕਰਦਿਆਂ ‘ਆਪ’ਉਮੀਦਵਾਰ ਟੀਨੂੰ ਨੇ ਕਿਹਾ ਕਿ ਜਲੰਧਰ ’ਚ ਆਮ ਆਦਮੀ ਪਾਰਟੀ ਨੂੰ ਕਾਫ਼ੀ ਚੰਗਾ ਰਿਸਪਾਂਸ ਮਿਲ ਰਿਹਾ ਹੈ। ਖ਼ੁਦ ਸੀ. ਐੱਮ. ਭਗਵੰਤ ਮਾਨ ਰੋਡ ਸ਼ੋਅ ਕਰ ਰਹੇ ਹਨ। ਇਸ ਦੌਰਾਨ ਲੋਕਾਂ ਵਿਚ ਬੇਹੱਦ ਜੋਸ਼ ਅਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਮੈਂ ਬੀਤੇ 15 ਸਾਲਾਂ ਵਿਚ ਅਜਿਹਾ ਉਤਸ਼ਾਹ ਕਿਸੇ ਲੀਡਰ ਲਈ ਲੋਕਾਂ ’ਚ ਨਹੀਂ ਵੇਖਿਆ। ਅੱਜ ਆਮ ਆਦਮੀ ਪਾਰਟੀ ਲੋਕਾਂ ਅਤੇ ਖ਼ਾਸ ਕਰ ਨੌਜਵਾਨਾਂ ਲਈ ਇਕ ਉਮੀਦ ਹੈ।

ਇਹ ਵੀ ਪੜ੍ਹੋ- ਲੋਕ ਸਭਾ ਹਲਕਾ ਸੰਗਰੂਰ ਸੀਟ 'ਤੇ ਹੋਵੇਗਾ ਜ਼ਬਰਦਸਤ ਮੁਕਾਬਲਾ, ਜਾਣੋ ਪਿਛਲੇ 5 ਸਾਲ ਦਾ ਇਤਿਹਾਸ

ਜਲੰਧਰ ’ਚ ਕਿਸ ਨੂੰ ਮੁਕਾਬਲੇ ’ਚ ਮੰਨਦੇ ਹੋ?
ਮੁਕਾਬਲੇ ਬਾਰੇ ਪੁੱਛੇ ਜਾਣ ’ਤੇ ਟੀਨੂੰ ਨੇ ਕਿਹਾ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਪ੍ਰੋਗਰਾਮ ਵੇਖ ਲਓ, ਜਿਸ ਨੂੰ ਵੇਖ ਕੇ ਲੱਗਦਾ ਕਿ ‘ਆਪ’ਪਹਿਲੇ ਨੰਬਰ ’ਤੇ ਹੈ। ਬਾਕੀ ਦੂਜੇ, ਤੀਜੇ ਨੰਬਰ ਲਈ, ਇਹ ਆਪ ਹੀ ਮੁਕਾਬਲਾ ਕਰ ਲੈਣਗੇ।

ਕਾਂਗਰਸੀ ਕਹਿੰਦੀ ਹੈ ਇਕ ਪਾਸੇ ਸਾਡਾ ਵੱਡਾ ਨੇਤਾ ਤੇ ਦੂਜੇ ਪਾਸੇ ਤੁਸੀਂ, ਮੁਕਾਬਲੇ ਨੂੰ ਕਿਵੇਂ ਵੇਖਦੇ ਹੋ
ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਵੱਡਾ (ਕੱਦਾਵਰ) ਨੇਤਾ ਦੱਸੇ ਜਾਣ ’ਤੇ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਕਾਂਗਰਸੀ ਚੰਨੀ ਦੇ ਕਿਸ ਕੱਦ ਦੀ ਗੱਲ ਕਰ ਰਹੇ ਹਨ, ਕਿਧਰੇ ਉਹ ਕਰੱਪਸ਼ਨ ਵਾਲਾ ਜਾਂ ਫਿਰ ਔਰਤਾਂ ਪ੍ਰਤੀ ਮਾੜੇ ਵਤੀਰਾ ਵਾਲਾ ਵੇਖ ਰਹੇ ਹਨ। ਉਹ ਪਹਿਲਾਂ 2 ਵਾਰ ਬੁਰੀ ਤਰ੍ਹਾਂ ਨਾਲ ਹਾਰ ਚੁੱਕੇ ਹਨ। ਉਨ੍ਹਾਂ ਦੀ ਤਾਂ ਜ਼ਮਾਨਤ ਤਕ ਜ਼ਬਤ ਹੋ ਚੁੱਕੀ ਹੈ। ਉਹ 160 ਕਿਲੋਮੀਟਰ ਦੂਰ ਜਲੰਧਰ ਆ ਕੇ ਚੋਣ ਲੜ ਰਹੇ ਹਨ, ਜਲੰਧਰ ਨਾਲ ਉਨ੍ਹਾਂ ਦਾ ਕੋਈ ਦਖਲ ਵਾਸਤਾ ਵੀ ਕੋਈ ਨਹੀਂ। ਚੰਨੀ ਤਾਂ ਫੇਲ੍ਹ ਮੁੱਖ ਮੰਤਰੀ ਰਹੇ ਹਨ। ਪਵਨ ਟੀਨੂੰ ਨੇ ਕਿਹਾ ਕਿ ਚੰਨੀ ਤਾਂ ਖ਼ੁਦ ਨੂੰ ਵੀ ਵੋਟ ਨਹੀਂ ਕਰ ਸਕਦੇ।

ਇਹ ਵੀ ਪੜ੍ਹੋ- ਕੇਸਰੀ ਪੱਗ ਬੰਨ੍ਹ ਜਲੰਧਰ ਪਹੁੰਚੇ PM ਨਰਿੰਦਰ ਮੋਦੀ, ਬੋਲੇ-ਇੰਡੀਆ ਗਠਜੋੜ ਦਾ ਗੁਬਾਰਾ ਫੁੱਟ ਚੁੱਕਿਐ

ਤੁਹਾਡੇ ’ਤੇ ਮੌਕਾਪ੍ਰਸਤੀ ਦੀ ਸਿਆਸਤ ਕਰਨ ਦੇ ਦੋਸ਼ ਲੱਗਦੇ ਹਨ
ਇਸ ਸਵਾਲ ਦੇ ਜਵਾਬ ’ਚ ਪਵਨ ਟੀਨੂੰ ਨੇ ਕਿਹਾ ਕਿ ਦੇਖੋ ਅਸੀਂ ਲੋਕਾਂ ਤੋਂ ਨਹੀਂ ਭੱਜੇ, ਲੋਕ ਸਾਡੇ ’ਤੇ ਵਿਸ਼ਵਾਸ ਕਰਦੇ ਹਨ। ਲੋਕ ਮੇਰੇ ’ਤੇ 25 ਸਾਲ ਤੋਂ ਵਿਸ਼ਵਾਸ ਕਰਦੇ ਹਨ। ਮੈਂ ਸਾਫ਼-ਸੁਥਰੇ ਤਰੀਕੇ ਨਾਲ ਸਿਆਸਤ ਕੀਤੀ ਹੈ। ਨਾ ਮੈਂ ਕਦੇ ਭ੍ਰਿਸ਼ਟਾਚਾਰ ਕੀਤਾ ਅਤੇ ਨਾ ਹੀ ਕਦੇ ਨਸ਼ੇ ਨੂੰ ਪ੍ਰਮੋਟ ਕੀਤਾ ਹੈ। ਮੈਂ ਕਦੇ ਮਾਈਨਿੰਗ ਨਹੀਂ ਕੀਤੀ, ਜਦਕਿ ਇਹ ਸਾਰੇ ਕੰਮ ਕਾਂਗਰਸੀ ਉਮੀਦਵਾਰ ਨੇ ਕੀਤੇ ਹਨ। ਇਸ ਕਾਰਨ ਲੋਕ ਮੇਰੇ ਇਸ ਫ਼ੈਸਲੇ ਤੋਂ ਖੁਸ਼ ਹਨ। ਲੋਕ ਕੰਮ ਕਰਨ ਵਾਲਿਆਂ ਦੀ ਕਦਰ ਕਰਦੇ ਹਨ।

ਚੰਨੀ ਕਹਿੰਦੇ ਹਨ ਕਿ ਮੈਂ 3 ਮਹੀਨਿਆਂ ਦੇ ਕਾਰਜਕਾਲ ’ਚ ‘ਆਪ’ਸਰਕਾਰ ਨਾਲੋਂ ਵੱਧ ਕੰਮ ਕੀਤੇ?
ਸੀ. ਐੱਮ. ਵਜੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਕਾਰਜਕਾਲ ਦੀ ਗੱਲ ਕਰਦਿਆਂ ਪਵਨ ਟੀਨੂੰ ਨੇ ਕਿਹਾ ਕਿ ਚੰਨੀ ਨੇ ਪੰਜਾਬ ਦੇ 111 ਦਿਨ ਖ਼ਰਾਬ ਕੀਤੇ ਹਨ। ਇਨ੍ਹਾਂ ਦਿਨਾਂ ’ਚ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਆਖ ਦਿੱਤਾ ਕਿ ਜਿੰਨੀ ਮਰਜ਼ੀ ਮਾਈਨਿੰਗ ਕਰ ਲਓ, ਜਿੰਨੇ ਮਰਜ਼ੀ ਬਦਲੀਆਂ ਦੇ ਪੈਸੇ ਲੈ ਲਓ। ਟੀਨੂੰ ਨੇ ਕਿਹਾ ਕਿ ਚੰਨੀ ਦੀ ਸਰਕਾਰ ਵੇਲੇ ਪੋਸਟ ਮੈਟ੍ਰਿਕ ਵਜ਼ੀਫਾ ਘਪਲਾ ਹੋਇਆ। ਉਨ੍ਹਾਂ ਨੇ ਉਸ ਵੇਲੇ ਕੰਮ ਨਹੀਂ ਕੀਤਾ ਸਗੋਂ ਸਿਰਫ਼ ਬੋਰਡ ਹੀ ਲਗਾਏ ਸਨ। ਖ਼ੁਦ ਸੜਕਾਂ ’ਤੇ ਡਰਾਮੇ ਕਰਦੇ ਰਹੇ ਪਰ ਦਫ਼ਤਰ ’ਚ ਵੜੇ ਹੀ ਨਹੀਂ, ਜਿਸ ਕਾਰਨ ਕਾਂਗਰਸ ਦਾ ਪੰਜਾਬ ’ਚ ਬੁਰਾ ਹਾਲ ਹੋ ਗਿਆ।

ਇਹ ਵੀ ਪੜ੍ਹੋ- ਫਾਸਟ ਫੂਡ ਦੇ ਸ਼ੌਕੀਨ ਹੋ ਜਾਣ ਸਾਵਧਾਨ, ਜਲੰਧਰ ਦੇ ਮਸ਼ਹੂਰ ਰੈਸਟੋਰੈਂਟ ਦੀ ਵਾਇਰਲ ਹੋਈ ਵੀਡੀਓ ਨੂੰ ਵੇਖ ਉੱਡਣਗੇ ਹੋਸ਼

ਪੀ. ਐੱਮ. ਖ਼ੁਦ ਪ੍ਰਚਾਰ ਕਰਨ ਆਏ ਹਨ, ਕੀ ਪ੍ਰਭਾਵ ਪਵੇਗਾ?
ਪਵਨ ਟੀਨੂੰ ਨੇ ਕਿਹਾ ਕਿ ਅੱਜ ਭਾਰਤੀ ਜਨਤਾ ਪਾਰਟੀ ਦੇ ਪ੍ਰਚਾਰ ਲਈ ਸੂਬੇ ’ਚ ਮੋਦੀ ਆ ਰਹੇ ਹਨ, ਪਹਿਲਾਂ ਤਾਂ ਇਹ ਕਦੇ ਜਲੰਧਰ ਆਏ ਹੀ ਨਹੀਂ। ਉਨ੍ਹਾਂ ਨੇ ਦੇਸ਼ ਦੇ ਨੌਜਵਾਨਾਂ ਨੂੰ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਅਤੇ ਪੰਜਾਬ ਦੇ ਲੋਕਾਂ ਨੂੰ ਤਾਂ 200 ਨੌਕਰੀਆਂ ਵੀ ਨਹੀਂ ਦਿੱਤੀਆਂ। ਕੇਂਦਰ ਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ, ਅਜਿਹਾ ਹੀ ਸਲੂਕ ਕਾਂਗਰਸ ਵੀ ਆਪਣੇ ਰਾਜ ਵੇਲੇ ਕਰਦੀ ਰਹੀ ਹੈ। ਭਾਜਪਾ ਨੇ ਪਿਛਲੇ 10 ਸਾਲਾਂ ਵਿਚ ਪੰਜਾਬ ਨੂੰ ਦਿੱਤਾ ਹੀ ਕੀ ਹੈ? ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਬੇਇਨਸਾਫ਼ੀ ਹੋਈ ਹੈ। 1987 ਵਿਚ ਆਰ. ਸੀ. ਐੱਫ਼. ਦਾ ਪਹਿਲਾ ਪ੍ਰਾਜੈਕਟ ਆਇਆ ਸੀ, ਉਸ ਤੋਂ ਬਾਅਦ ਅੱਜ ਤਕ ਕੋਈ ਵੀ ਵੱਡਾ ਪ੍ਰਾਜੈਕਟ ਦੋਆਬਾ ਨੂੰ ਨਹੀਂ ਮਿਲਿਆ।

ਮੁੱਖ ਮੰਤਰੀ ਦੇ ਪ੍ਰਚਾਰ ਨੇ ਸਿਆਸੀ ਹਵਾ ਕਿੰਨੀ ਬਦਲੀ?
ਸੀ. ਐੱਮ. ਮਾਨ ਵੱਲੋਂ ਜਲੰਧਰ ਵਿਚ ਕੀਤੇ ਜਾ ਰਹੇ ਪ੍ਰਚਾਰ ਦੀ ਗੱਲ ਕਰਦਿਆਂ ਟੀਨੂੰ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਕੀਤੇ ਪ੍ਰਚਾਰ ਨੇ ਜਲੰਧਰ ਦੀ ਸਿਆਸੀ ਹਵਾ ਹੀ ਬਦਲ ਕੇ ਰੱਖ ਦਿੱਤੀ। ਲੋਕ ਸੀ. ਐੱਮ. ਨੂੰ ਭਰੋਸੇਯੋਗ ਤੇ ਜ਼ਿੰਮੇਵਾਰ ਨੇਤਾ ਮੰਨਦੇ ਹਨ, ਜੋ ਆਮ ਲੋਕਾਂ ’ਚ ਵਿਚਰਦਾ ਹੈ।

ਸੁਖਬੀਰ ਤੇ ਮਾਨ ਵਿਚ ਕੀ ਫਰਕ ਮੰਨਦੇ ਹੋ?
ਸੁਖਬੀਰ ਬਾਦਲ ਅਤੇ ਭਗਵੰਤ ਮਾਨ ’ਚ ਫਰਕ ਬਾਰੇ ਦੱਸਦਿਆਂ ਪਵਨ ਟੀਨੂੰ ਨੇ ਕਿਹਾ ਕਿ ਭਗਵੰਤ ਮਾਨ ਜ਼ਮੀਨ ਤੋਂ ਉੱਠੇ ਇਨਸਾਨ ਹਨ ਅਤੇ 16 ਸਾਲ ਦੀ ਤਪੱਸਿਆ ਤੋਂ ਬਾਅਦ ਸੀ. ਐੱਮ. ਬਣੇ, ਉਹ ਵੀ ਆਪਣੀ ਮਿਹਨਤ ਨਾਲ, ਜਦਕਿ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਪਾਰਟੀ ਨੂੰ ਇਕ ਕੰਪਨੀ ਵਾਂਗ ਚਲਾਉਂਦੇ ਹਨ। ਬੇਸ਼ੱਕ ਸੁਖਬੀਰ ਬਹੁਤ ਪੜ੍ਹੇ-ਲਿਖੇ ਹਨ ਪਰ ਉਹ ਕਿਸੇ ਵੀ ਲੀਡਰ ਨਾਲ ਭਾਵੁਕ ਤੌਰ ’ਤੇ ਟੱਚ ਨਹੀਂ ਹਨ। ਸਾਡੀ ਸਿਆਸਤ ਅੱਜ ਰਿਸ਼ਤਿਆਂ ਦੀ ਸਿਆਸਤ ਹੈ ਪਰ ਸੁਖਬੀਰ ਕਿਸੇ ਨਾਲ ਵੀ ਭਾਵੁਕ ਰਿਸ਼ਤਾ ਨਹੀਂ ਬਣਾਉਂਦੇ। ਉਹ ਸਮਝਦੇ ਹਨ ਕਿ ਇਕ ਆਇਆ, ਦੂਜਾ ਗਿਆ, ਤੀਜਾ ਆਇਆ ਪਰ ਉਹ ਕਿਸੇ ਦੇ ਇਮੋਸ਼ਨ ਦੀ ਕਦਰ ਨਹੀਂ ਕਰਦੇ। ਪੰਜਾਬ ਇਮੋਸ਼ਨ ਨਾਲ ਜੁੜਿਆ ਸੂਬਾ ਹੈ। ਜਿਹੜਾ ਬੰਦਾ ਇਮੋਸ਼ਨ ਦੀ ਕਦਰ ਕਰੇਗਾ, ਉਸੇ ਦੀ ਹੀ ਬੱਲੇ-ਬੱਲੇ ਹੈ।

ਇਹ ਵੀ ਪੜ੍ਹੋ- ਅੱਤ ਦੀ ਪੈ ਰਹੀ ਲੂ ਦਰਮਿਆਨ ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਜਾਣੋ ਆਉਣ ਦਿਨਾਂ ਦਾ Weather Update

ਜਲੰਧਰ ਲਈ ਤੁਹਾਡਾ ਕੀ ਵਿਜ਼ਨ ਹੈ?
ਜਲੰਧਰ ਬਾਰੇ ਆਪਣਾ ਵਿਜ਼ਨ ਦੱਸਦਿਆਂ ‘ਆਪ’ਉਮੀਦਵਾਰ ਟੀਨੂੰ ਨੇ ਕਿਹਾ ਕਿ ਅਸੀਂ ਜਲੰਧਰ ਵਿਚ ਇਕ ਲੱਖ ਰੋਜ਼ਗਾਰ ਦੇ ਮੌਕੇ ਪੈਦਾ ਕਰਾਂਗੇ। ਸਾਡੇ ਇਥੇ ਜੋ ਇੰਡਸਟਰੀ ਹੈ, ਉਸ ਨੂੰ ਅਸੀਂ ਚੰਗਾ ਢਾਂਚਾ ਦੇਵਾਂਗੇ। ਉਸ ਪਾਸੇ ਸਰਕਾਰ ਨੂੰ ਨਿਵੇਸ਼ ਕਰਨਾ ਪਵੇਗਾ। ਇੰਡਸਟਰੀ ਰੋਜ਼ਗਾਰ ਪੈਦਾ ਕਰ ਰਹੀ ਹੈ। ਇੰਡਸਟਰੀ ਦੇ ਲੋਕਾਂ ਦੀ ਸਰਕਾਰੇ-ਦਰਬਾਰੇ ਪਹੁੰਚ ਬਣਾਉਣ ਲਈ ਮੈਂ ਪੁਲ ਦਾ ਕੰਮ ਕਰਾਂਗਾ। ਜਲੰਧਰ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਵਿਚ ਕੁਝ ਅੰਡਰਪਾਸ ਅਤੇ ਫਲਾਈਓਵਰਜ਼ ਦਾ ਕੰਮ ਲਟਕਿਆ ਹੈ, ਜਿਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ। ਅਸੀਂ ਬੱਚਿਆਂ ਨੂੰ ਹੁਨਰਮੰਦ ਕਰਨ ਲਈ ਹਰ ਹਲਕੇ ਵਿਚ ਇਕ-ਇਕ ਹੋਰ ਆਈ. ਆਈ. ਟੀ. ਬਣਾਵਾਂਗੇ। ਜਲੰਧਰ ਵਿਚ ਅਸੀਂ 50 ਮਿੰਨੀ ਸਪੋਰਟਸ ਸੈਂਟਰ ਬਣਾਵਾਂਗੇ। ਇਸ ਦੇ ਨਾਲ ਹੀ 5 ਹਜ਼ਾਰ ਬੇਘਰਾਂ ਨੂੰ ਮਕਾਨ ਬਣਾ ਕੇ ਦੇਣਾ ਸਾਡੀ ਪਹਿਲ ਹੋਵੇਗੀ। ਅਸੀਂ ਕੋਸ਼ਿਸ਼ ਕਰਾਂਗੇ ਕਿ ਲੋਕਾਂ ’ਚ 24 ਘੰਟੇ ਹਾਜ਼ਰ ਰਹੀਏ।

ਤੁਹਾਨੂੰ ਠੰਡੇ ਸੁਭਾਅ ਦਾ ਲੀਡਰ ਮੰਨਿਆ ਜਾਂਦਾ ਹੈ।
ਪਵਨ ਟੀਨੂੰ ਨੇ ਕਿਹਾ ਕਿ ਫੋਕੀਆਂ ਗੱਲਾਂ ਕਰਨੀਆਂ ਮੇਰਾ ਸੁਭਾਅ ਨਹੀਂ। ਚੰਨੀ ਅੱਜ ਫੋਕੀਆਂ ਗੱਲਾਂ ਕਰ ਰਿਹਾ ਹੈ, ਉਹ ਤਾਂ ਨਾਰਥ ਨੂੰ ਛਾਉਣੀ ਦੱਸੀ ਜਾ ਰਹੇ ਹਨ, ਮੈਂ ਅੱਜ ਤਕ ਜੋ ਕਿਹਾ, ਉਹ ਕਰ ਕੇ ਵਿਖਾਇਆ ਹੈ। ਉਮਰ ਦੇ ਨਾਲ ਬੰਦੇ ਅੰਦਰ ਬਦਲਾਅ ਲਾਜ਼ਮੀ ਹੈ। ਜੋ ਮੇਰੇ ਅੰਦਰ ਸਹਿਜ ਹੈ, ਮੈਂ ਸਮਝਦਾ ਹਾਂ ਕਿ ਸਹਿਜ ਨਾਲ ਕੰਮ ਸੁਖਾਲੇ ਹੋ ਜਾਂਦੇ ਹਨ।

ਅਕਾਲੀ ਦਲ ਨਾਲੋਂ ਤੋੜ-ਵਿਛੋੜੇ ਦੀ ਮੁੱਖ ਵਜ੍ਹਾ ਕੀ ਰਹੀ?
ਅਕਾਲੀ ਦਲ ਛੱਡਣ ਦਾ ਅਸਲ ਕਾਰਨ ਪੁੱਛੇ ਜਾਣ ’ਤੇ ਟੀਨੂੰ ਨੇ ਦੱਸਿਆ ਕਿ ਅੱਜ ਦੇਸ਼ ਅੰਦਰ ਜੋ ਚੋਣਾਂ ਹੋ ਰਹੀਆਂ ਹਨ, ਇਹ ਲੋਕਤੰਤਰ ਨੂੰ ਬਚਾਉਣ ਦੀ ਇਤਿਹਾਸਕ ਲੜਾਈ ਹੈ। ਇਸ ਵਿਚ ਇਹ ਦੇਖਿਆ ਜਾਵੇਗਾ ਕਿ ਕੌਣ ਸੰਵਿਧਾਨ ਦੇ ਹੱਕ ਵਿਚ ਖੜ੍ਹਾ ਹੈ ਤੇ ਕੌਣ ਖਿਲਾਫ। ਮੈਂ ਅਕਾਲੀ ਦਲ ਨੂੰ ਕਈ ਵਾਰ ਸੰਵਿਧਾਨ ਦੇ ਹੱਕ ਵਿਚ ਖੜ੍ਹਨ ਲਈ ਕਿਹਾ ਪਰ ਪਾਰਟੀ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਇਹ ਸੰਵਿਧਾਨ ਦੱਬੇ-ਕੁਚਲੇ ਲੋਕਾਂ ਨੂੰ ਹੱਕ ਦਿਵਾਉਂਦਾ ਹੈ। ਜਦ ਲੀਡਰਸ਼ਿਪ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਮੈਂ ਪਾਸੇ ਹਟ ਗਿਆ। ਲੋਕ ਅੱਜ ਵੀ ਆਖਦੇ ਹਨ ਕਿ ਅਕਾਲੀ ਦਲ ਨੇ ਆਖਿਰ ਸਮਝੌਤਾ ਤਾਂ ਭਾਜਪਾ ਨਾਲ ਹੀ ਕਰਨਾ ਹੈ।

ਇਹ ਵੀ ਪੜ੍ਹੋ- ਅਕਾਲੀ, ਭਾਜਪਾ ਤੇ ਕਾਂਗਰਸ ਸਰਕਾਰਾਂ ਪੰਜਾਬ ਦੀਆਂ 3 ਪੀੜ੍ਹੀਆਂ ਖਾ ਗਈਆਂ ਤੇ ਆਪਣੇ ਲਈ ਬਣਾ ਲਏ ਮਹਿਲ: ਭਗਵੰਤ ਮਾਨ

ਟੀਨੂੰ ਨੇ ਕਿਹਾ ਕਿ ਇਸ ਤੋਂ ਇਲਾਵਾ ਜਦ ਲੋਕ ਸਾਡੇ ਕੋਲ ਕੰਮ ਕਰਵਾਉਣ ਲਈ ਆਉਂਦੇ ਸਨ ਤਾਂ ਅਸੀਂ ਆਖ ਦੇਈਦਾ ਸੀ ਕਿ ਜਾਓ ਭਰਾਵੋ 3 ਸਾਲ ਬਾਅਦ ਆਈਓ ਜਦ ਸਾਡੀ ਸਰਕਾਰ ਆਵੇਗੀ ਪਰ ਜਿਸ ਨੂੰ ਕੰਮ ਅੱਜ ਹੈ ਉਹ ਤਾਂ ਅੱਜ ਹੀ ਕਰਵਾਏਗਾ। ਜਦ ਲੋਕਾਂ ਨੇ ਆਮ ਆਦਮੀ ਪਾਰਟੀ ਦੇ 92 ਵਿਧਾਇਕਾਂ ਨੂੰ ਫਤਵਾ ਦੇ ਦਿੱਤਾ ਤਾਂ ਫਿਰ ਕਿਉਂ ਨਾ ਜਾ ਕੇ ‘ਆਪ’ ਦਾ ਹੀ ਸਹਿਯੋਗ ਕਰ ਲਿਆ ਜਾਵੇ। ਇਸੇ ਨੀਅਤ ਨਾਲ ਤੇ ਸੰਵਿਧਾਨ ਨੂੰ ਬਚਾਉਣ ਲਈ ਮੈਂ ਅਰਵਿੰਦ ਕੇਜਰੀਵਾਲ ਦਾ ਸਾਥ ਦੇਣ ਲਈ ਪਾਰਟੀ ਵਿਚ ਆ ਗਿਆ। ਅਕਾਲੀ ਦਲ ਨੂੰ ਪੰਜਾਬੀ ਖਾਸ ਕਰ ਸਿੱਖਾਂ ਨੇ ਦਿਲਾਂ ਅੰਦਰੋਂ ਕੱਢ ਦਿੱਤਾ ਹੈ। ਪਾਰਟੀ ਪ੍ਰਤੀ ਕਈ ਨਾਰਾਜ਼ਗੀਆਂ ਹਨ। ਅੱਜ ਅਕਾਲੀ ਦਲ ’ਚ ਲੀਡਰਸ਼ਿਪ ਦਾ ਸੰਕਟ ਚੱਲ ਰਿਹਾ ਹੈ। ਪਾਰਟੀ ਨਾਲ ਨੌਜਵਾਨ ਤਾਂ ਬਿਲਕੁਲ ਹੀ ਨਹੀਂ ਹਨ। ਮੈਂ ਆਮ ਆਦਮੀ ਪਾਰਟੀ ’ਚ ਆ ਕੇ ਵੇਖਿਆ ਕਿ ਸਾਰਾ ਅਕਾਲੀ ਦਲ ਤਾਂ ਆਮ ਆਦਮੀ ਪਾਰਟੀ ’ਚ ਪਹਿਲਾਂ ਹੀ ਸ਼ਾਮਲ ਹੋਈ ਬੈਠਾ ਹੈ। ਅਕਾਲੀ ਦਲ ’ਚ ਲੀਡਰਸ਼ਿਪ ਪ੍ਰਤੀ ਬੇਭਰੋਸਗੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News