ਭਾਜਪਾ ਤੇ ਸਹਿਯੋਗੀ ਦਲਾਂ ''ਚ ਸੀਟਾਂ ਨੂੰ ਲੈ ਕੇ ਸਹਿਮਤੀ ਦੇ ਚਰਚੇ, ਇਸ ਦਿਨ ਹੋ ਸਕਦੈ ਐਲਾਨ
Thursday, Jan 13, 2022 - 07:54 PM (IST)
ਚੰਡੀਗੜ੍ਹ :ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸ਼੍ਰੋਮਣੀ ਅਕਾਲੀ ਦਲ-ਬਸਪਾ ਅਤੇ ਆਮ ਆਦਮੀ ਪਾਰਟੀ ਨੇ 100 ਤੋਂ ਵਧੇਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਉਥੇ ਹੀ ਕਾਂਗਰਸ ਅਤੇ ਭਾਜਪਾ ਤੇ ਭਾਜਪਾ ਨਾਲ ਗਠਜੋੜ ਕਰ ਚੁੱਕੀਆਂ ਪਾਰਟੀਆਂ, ਪੰਜਾਬ ਲੋਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਉਮੀਦਵਾਰਾਂ ਨੂੰ ਲੈ ਕੇ ਵਿਚਾਰ ਚਰਚਾ ਜਾਰੀ ਹੈ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਅਤੇ ਗਠਜੋੜ ਪਾਰਟੀਆਂ ਵਿਚਾਲੇ ਇਸ ਗੱਲ ਨੂੰ ਲੈ ਕੇ ਸਹਿਮਤੀ ਬਣ ਚੁੱਕੀ ਹੈ ਕਿ ਕੌਣ ਕਿੰਨੀਆਂ ਸੀਟਾਂ 'ਤੇ ਚੋਣ ਲੜੇਗਾ। ਸੂਤਰਾਂ ਮੁਤਾਬਕ ਭਾਜਪਾ ਦੇ 72, ਕੈਪਟਨ ਧੜੇ ਦੇ 30 ਤੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਦੇ 15 ਉਮੀਦਵਾਰ ਚੋਣ ਮੈਦਾਨ 'ਚ ਨਿੱਤਰਨਗੇ।ਕਿਹੜੀ ਪਾਰਟੀ ਦਾ ਉਮੀਦਵਾਰ ਕਿੱਥੋਂ ਚੋਣ ਲੜੇਗਾ, ਇਸ ਦਾ ਐਲਾਨ ਵੀ ਗਠਜੋੜ ਵੱਲੋਂ ਜਲਦ ਕੀਤੇ ਜਾਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਟਿਕਟਾਂ ਵੇਚਣ ਦੇ ਇਲਜ਼ਾਮ 'ਤੇ ਬੋਲੇ ਕੇਜਰੀਵਾਲ, ਮੇਰੇ ਘਰੇ ਆ ਕੇ ਬਲਬੀਰ ਰਾਜੇਵਾਲ ਨੇ ਸਾਂਝੇ ਕੀਤੇ ਸਨ ਇਹ ਸਬੂਤ
ਸੂਤਰਾਂ ਅਨੁਸਾਰ ਤਿੰਨਾਂ ਹੀ ਦਲਾਂ ਦੀ ਕੋਆਰਡੀਨੇਸ਼ਨ ਕਮੇਟੀ ਦੀ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿੱਚ ਇਹ ਤੈਅ ਕਰ ਲਿਆ ਗਿਆ ਹੈ ਕਿ ਕਿਸ ਧਿਰ ਨੇ ਕਿੰਨੀਆਂ ਸੀਟਾਂ 'ਤੇ ਉਮੀਦਵਾਰ ਉਤਾਰਨੇ ਹਨ। ਫ਼ਿਲਹਾਲ ਤਿੰਨੇ ਪਾਰਟੀਆਂ ਆਪੋ-ਆਪਣੇ ਉਮੀਦਵਾਰਾਂ ਦੇ ਨਾਮ ਤੈਅ ਕਰਨ ਵਿੱਚ ਲੱਗੀਆਂ ਹਨ ਅਤੇ 18 ਜਨਵਰੀ ਤੱਕ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਉਧਰ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਸੀਟਾਂ ਦੀ ਵੰਡ ਨੂੰ ਲੈ ਕੇ ਅੰਤਿਮ ਫ਼ੈਸਲਾ ਹੋਣਾ ਅਜੇ ਬਾਕੀ ਹੈ।ਦੱਸਣਯੋਗ ਹੈ ਕਿ ਅਕਾਲੀ ਦਲ ਨਾਲ ਗਠਜੋੜ ਕਰਕੇ ਭਾਜਪਾ 23 ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰਦੀ ਰਹੀ ਹੈ।2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਸਿਰਫ਼ 3 ਸੀਟਾਂ ਮਿਲੀਆਂ ਸਨ।ਇਹ ਪਹਿਲੀ ਵਾਰ ਹੈ ਜਦੋਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਵੱਡੀ ਗਿਣਤੀ ਵਿੱਚ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇਗੀ।
ਇਹ ਵੀ ਪੜ੍ਹੋ :ਟਕਸਾਲੀ ਅਕਾਲੀਆਂ 'ਚ ਭਾਜਪਾ ਦੀ ਸੰਨ੍ਹ, 3 ਵੱਡੇ ਪਰਿਵਾਰਾਂ ਮਗਰੋਂ ਹੁਣ ਇਸ ਪਰਿਵਾਰ 'ਤੇ ਨਜ਼ਰ
ਜ਼ਿਕਰਯੋਗ ਹੈ ਕਿ ਚੋਣਾਂ ਦੀ ਤਾਰੀਖ਼ ਨੇੜੇ ਆ ਰਹੀ ਹੈ ਅਤੇ 21 ਜਨਵਰੀ ਤੋਂ 28 ਜਨਵਰੀ ਤੱਕ ਉਮੀਦਵਾਰ ਨਾਮਜ਼ਦਗੀ ਪੱਤਰ ਭਰ ਸਕਦੇ ਹਨ।29 ਜਨਵਰੀ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਹੋਵੇਗੀ ਅਤੇ 31 ਜਨਵਰੀ ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੇ ਹਨ।14 ਫਰਵਰੀ ਨੂੰ ਹੋਣ ਜਾ ਰਹੀਆਂ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣਗੇ।
ਇਹ ਵੀ ਪੜ੍ਹੋ : ਕੇਜਰੀਵਾਲ ਦਾ ਖ਼ੁਲਾਸਾ, ਦੱਸਿਆ ਕਿਉਂ ਨਹੀਂ ਹੋਇਆ ਸੰਯੁਕਤ ਸਮਾਜ ਮੋਰਚਾ ਨਾਲ ਗਠਜੋੜ
ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ