ਭਾਜਪਾ ਦਾ ਸਵਾਲ, ਕਿਉਂ ਕਾਂਗਰਸ ਪ੍ਰਚਾਰ ਕਮੇਟੀ ਦੇ ਮੁਖੀ ਚੋਣਾਂ ਦੀ ਲੜਾਈ ਵਿਚਾਲੇ ਛੱਡ ਗਏ
Thursday, Feb 10, 2022 - 10:57 AM (IST)
ਚੰਡੀਗੜ੍ਹ (ਸ਼ਰਮਾ) : ਭਾਰਤੀ ਜਨਤਾ ਪਾਰਟੀ ਨੇ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਕਿਨਾਰੇ ਕਰਦਿਆਂ ਹੋਇਆਂ ਚੋਣਾਂ ਤੋਂ ਪਹਿਲਾਂ ਇਸਦੇ ਪ੍ਰਚਾਰ ਕਮੇਟੀ ਦੇ ਮੁਖੀ ਸੁਨੀਲ ਜਾਖੜ ਵਲੋਂ ਸਰਗਰਮ ਸਿਆਸਤ ਤੋਂ ਹਟਣ ’ਤੇ ਸਵਾਲ ਕੀਤਾ ਹੈ, ਜਦਕਿ ਵੋਟਾਂ ਨੂੰ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਜਾਖੜ ਵੱਲੋਂ ਸਰਗਰਮ ਸਿਆਸਤ ਛੱਡਣ ’ਤੇ ਕਿਹਾ ਕਿ ਇਸਦਾ ਮੁੱਖ ਕਾਰਣ ਉਨ੍ਹਾਂ ਦੀ ਆਪਣੀ ਹੀ ਪਾਰਟੀ ਵੱਲੋਂ ਇਕ ਹਿੰਦੂ ਹੋਣ ਕਾਰਣ ਉਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਤੋਂ ਨਾਂਹ ਕਰਨਾ ਹੈ, ਜਿਸ ਨੇ ਉਨ੍ਹਾਂ ਨੂੰ ਬਹੁਤ ਦੁੱਖ ਪਹੁੰਚਾਇਆ। ਉਨ੍ਹਾਂ ਕਿਹਾ ਕਿ ਪਹਿਲਾਂ ਸਾਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਜ਼ਿਆਦਾਤਰ ਸਿੱਖ ਵਿਧਾਇਕਾਂ ਵੱਲੋਂ ਜਾਖੜ ਨੂੰ ਮੁੱਖ ਮੰਤਰੀ ਬਣਾਉਣ ਦਾ ਸਮਰਥਨ ਕੀਤਾ ਗਿਆ ਸੀ ਪਰ ਕਾਂਗਰਸ ਹਾਈਕਮਾਂਨ ਨੇ ਉਨ੍ਹਾਂ ਨੂੰ ਨਿਯੁਕਤ ਕਰਨ ਤੋਂ ਨਾਂਹ ਕਰ ਦਿੱਤੀ ਕਿਉਂਕਿ ਉਹ ਇਕ ਹਿੰਦੂ ਹਨ। ਗਲਤੀ ਪੰਜਾਬ ਦੇ ਲੋਕਾਂ ਦੀ ਨਹੀਂ, ਬਲਕਿ ਕਾਂਗਰਸ ਹਾਈਕਮਾਂਨ ਦੀ ਹੈ, ਜਿਹੜੀ ਲੋਕਾਂ ਨੂੰ ਸੰਪਰਦਾਇਕ ਆਧਾਰ ’ਤੇ ਵੰਡਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਉਮੀਦਵਾਰ ਨਾ ਬਣਾਏ ਜਾਣ ’ਤੇ ਬੋਲੀ ਬੀਬੀ ਸਿੱਧੂ, ਦਿੱਤਾ ਵੱਡਾ ਬਿਆਨ
ਸ਼ੇਖਾਵਤ ਨੇ ਕਿਹਾ ਕਿ ਮੁੱਦਾ ਸਿਰਫ਼ ਇਹ ਨਹੀਂ ਹੈ ਕਿ ਤੁਸੀਂ ਕਿਸ ਨੂੰ ਮੁੱਖ ਮੰਤਰੀ ਬਣਾ ਰਹੇ ਹੋ, ਸਗੋਂ ਅਸਲੀ ਮੁੱਦਾ ਇਹ ਹੈ ਕਿ ਤੁਸੀਂ ਕਿਸੇ ਨੂੰ ਮੁੱਖ ਮੰਤਰੀ ਬਣਾਉਣ ਤੋਂ ਇਸ ਕਰਕੇ ਇਨਕਾਰ ਕਰ ਦਿੱਤਾ ਕਿਉਂਕਿ ਉਹ ਇਕ ਹਿੰਦੂ ਹੈ, ਬਾਵਜੂਦ ਇਸ ਦੇ ਕਿ ਉਸ ਦੀਆਂ ਕਈ ਪੀੜ੍ਹੀਆਂ ਤੁਹਾਡੇ ਨਾਲ ਜੁੜੀਆਂ ਹੋਈਆਂ ਸਨ ਅਤੇ ਉਸ ਦੇ ਪਰਿਵਾਰ ਦਾ ਪਾਰਟੀ ਪ੍ਰਤੀ ਕੀ ਯੋਗਦਾਨ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਪਹਿਲਾਂ ਹੀ ਭਾਂਡਾ ਭੱਜ ਚੁੱਕਾ ਹੈ ਅਤੇ ਉਹ ਪੰਜਾਬ ਵਿਚ ਰੇਸ ਤੋਂ ਬਾਹਰ ਹੋ ਚੁੱਕੀ ਹੈ, ਜਿਸ ਦੇ ਕਮਾਂਡਰ (ਪ੍ਰਚਾਰ ਕਮੇਟੀ ਦੇ ਮੁਖੀ) ਲੜਾਈ ਤੋਂ ਹੱਟ ਚੁੱਕੇ ਹਨ, ਜਿਸ ਲਈ ਪਾਰਟੀ ਨੂੰ ਪੰਜਾਬ ਲੋਕਾਂ ਤੇ ਖਾਸ ਕਰ ਕੇ ਆਪਣੇ ਵਰਕਰਾਂ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਕਿਉਂ ਜਾਖੜ ਨੂੰ ਸਰਗਰਮ ਸਿਆਸਤ ਤੋਂ ਹੱਟਣ ਲਈ ਮਜ਼ਬੂਰ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਸੂਬੇ ਭਰ ਦੇ ਸਕੂਲਾਂ ਲਈ ਨਵੇਂ ਹੁਕਮ ਜਾਰੀ
ਕੇਂਦਰੀ ਮੰਤਰੀ ਨੇ ਕਿਹਾ ਕਿ ਜਾਖੜ ਨੂੰ ਵਾਰ-ਵਾਰ ਸਿਰਫ਼ ਇਸ ਲਈ ਮੁੱਖ ਮੰਤਰੀ ਬਣਾਉਣ ਤੋਂ ਇਨਕਾਰ ਕੀਤਾ ਜਾ ਰਿਹਾ ਸੀ, ਕਿਉਂਕਿ ਸਿਰਫ਼ ਉਹ ਇੱਕ ਹਿੰਦੂ ਹਨ ਬਾਵਜੂਦ ਇਸਦੇ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਨੂੰ 77 ਵਿਧਾਇਕਾਂ ’ਚੋਂ 42 ਨੇ ਸਮਰਥਨ ਦਿੱਤਾ ਸੀ। ਸੀਨੀਅਰ ਭਾਜਪਾ ਆਗੂ ਨੇ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਦੇ ਖ਼ਾਸ ਵਰਗ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਅੰਤਰ ਧਿਆਨ ਕਰਨਾ ਚਾਹੀਦਾ ਹੈ ਅਤੇ ਗੰਭੀਰਤਾ ਦਾ ਵਿਚਾਰ ਕਰਨਾ ਚਾਹੀਦਾ ਹੈ ਕਿ ਉਹ ਪਾਰਟੀ ਵਿਚ ਕਿੱਥੇ ਖੜ੍ਹਦੇ ਹਨ, ਜਿਹੜੇ ਉਨ੍ਹਾਂ ਨੂੰ ਸੈਕਿੰਡ ਕਲਾਸ ਨਾਗਰਿਕ ਸਮਝਦੇ ਹਨ। ਉਨ੍ਹਾਂ ਨੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਕਿਹਾ ਕਿ ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਭਾਵੇਂ ਤੁਸੀਂ ਕਿੰਨੇ ਵੀ ਮਸ਼ਹੂਰ ਹੋਵੋ, ਤੁਸੀਂ ਕਿੰਨੇ ਵੀ ਸਫਲ ਹੋਵੋ, ਤੁਸੀਂ ਕਿੰਨੇ ਵੀ ਮਿਹਨਤੀ ਹੋਵੋ, ਮੁੱਖ ਮੰਤਰੀ ਬਣਨਾ ਤੁਹਾਡਾ ਸੁਫ਼ਨਾ ਹਮੇਸ਼ਾ ਬੰਦ ਦਰਵਾਜ਼ੇ ਪਿੱਛੇ ਰਹੇਗਾ, ਜਿਵੇਂ ਕਾਂਗਰਸ ਪਾਰਟੀ ਅਗਵਾਈ ਨੇ ਜਾਖੜ ਨਾਲ ਵਤੀਰਾ ਕੀਤਾ ਹੈ। ਤੁਹਾਡੇ ਸਭ ਲਈ ਵਕਤ ਆ ਗਿਆ ਕਿ ਤੁਸੀਂ ਸਹੀ ਫ਼ੈਸਲੇ ਲਓ।
ਇਹ ਵੀ ਪੜ੍ਹੋ : ਇਕ ਹਫਤੇ ’ਚ ਦੂਜੀ ਵਾਰ ਮਾਤਾ ਵੈਸ਼ਣੋ ਦੇਵੀ ਦੇ ਦਰਬਾਰ ਪਹੁੰਚੇ ਸਿੱਧੂ, ਸ਼ਾਮ ਦੀ ਆਰਤੀ ’ਚ ਹੋਣਗੇ ਸ਼ਾਮਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?