ਦਿੱਲੀ ''ਚ ਸੀਟਾਂ ਨਾ ਦੇ ਕੇ ਭਾਜਪਾ ਨੇ ਅਕਾਲੀਆਂ ਨੂੰ ਦਿਖਾਈ ਅਸਲੀ ਔਕਾਤ : ਬਲਜਿੰਦਰ ਕੌਰ

01/22/2020 8:31:03 PM

ਤਲਵੰਡੀ ਸਾਬੋ,(ਮੁਨੀਸ਼) : ਭਾਰਤੀ ਜਨਤਾ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਨੂੰ ਇਕ ਵੀ ਸੀਟ ਨਾ ਦੇ ਕੇ ਦੂਜੀ ਵਾਰ ਅਕਾਲੀਆਂ ਨੂੰ ਸ਼ੀਸਾ ਦਿਖਾ ਦਿੱਤਾ ਹੈ ਕਿਉਂਕਿ ਭਾਜਪਾ ਨੂੰ ਵੀ ਪਤਾ ਲੱਗ ਚੁੱਕਾ ਹੈ ਕਿ ਬੇਅਦਬੀ ਕਾਂਡ ਤੋਂ ਬਾਅਦ ਹੁਣ ਪੰਜਾਬ 'ਚ ਅਕਾਲੀ ਦਲ ਦਾ ਕੋਈ ਆਧਾਰ ਨਹੀ ਰਿਹਾ ।ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕੇ ਦੀ 'ਆਪ' ਵਿਧਾਇਕਾ ਪ੍ਰੋ.ਬਲਜਿੰਦਰ ਕੌਰ ਨੇ ਇਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਕੀਤਾ।
ਵਿਧਾਇਕਾ ਨੇ ਕਿਹਾ ਕਿ ਹਰਿਆਣਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਬੜੇ ਮਾਣ ਨਾਲ ਕਹਿੰਦਾ ਸੀ ਭਾਜਪਾ ਨਾਲ ਰਲ ਕੇ ਅਕਾਲੀ ਦਲ ਹਰਿਆਣੇ 'ਚ ਇਕ ਦਰਜਨ ਸੀਟਾਂ 'ਤੇ ਚੋਣ ਲੜੇਗਾ ਪਰ ਬੀ.ਜੇ.ਪੀ ਲੀਡਰਾਂ ਨੇ ਹਰਿਆਣਾ 'ਚ ਅਕਾਲੀ ਦਲ ਦਾ ਕੋਈ ਆਧਾਰ ਨਾ ਦੇਖਦਿਆਂ ਉਨ੍ਹਾਂ ਨੂੰ ਇੱਕ ਵੀ ਸੀਟ ਨਹੀ ਦਿੱਤੀ। ਇਸੇ ਤਰ੍ਹਾਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਲੀਡਰ ਦਮਗੱਜੇ ਮਾਰਦੇ ਸਨ ਕਿ ਅਕਾਲੀ ਦਲ ਦਿੱਲੀ ਵਿੱਚ ਭਾਜਪਾ ਤੋਂ ਚਾਰ ਤੋਂ ਵੱਧ ਸੀਟਾਂ ਦੀ ਮੰਗ ਕਰੇਗਾ ਪਰ ਭਾਜਪਾ ਨੇ ਅਕਾਲੀਆਂ ਨੂੰ ਦੂਜੀ ਵਾਰ ਵੀ ਇਕ ਵੀ ਸੀਟ ਦੇਣ ਤੋਂ ਨਾਂਹ ਕਰ ਦਿੱਤੀ।ਵਿਧਾਇਕਾ ਨੇ ਕਿਹਾ ਕਿ ਭਾਜਪਾ ਸਮਝ ਚੁੱਕੀ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਹੁਣ ਪੰਜਾਬ ਵਿੱਚ ਕੋਈ ਆਧਾਰ ਨਹੀ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਆਗੂਆਂ ਨੇ ਵੀ ਹੁਣ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੱਖਰੇ ਚੋਣ ਲੜਨ ਦੇ ਸੁਰ ਕੱਢਣੇ ਸ਼ੁਰੂ ਕਰ ਦਿੱਤੇ ਹਨ। ਜਿਸ ਤੋਂ ਪਤਾ ਲੱਗ ਰਿਹਾ ਹੈ ਕਿ ਅਕਾਲੀ ਆਪਣੀ ਇੱਜਤ ਬਚਾਉਣ ਲਈ ਨਾਗਰਿਕਤਾ ਕਾਨੂੰਨ ਸੋਧ ਬਿੱਲ ਦੇ ਨਾਂ 'ਤੇ ਭਾਜਪਾ ਨਾਲ ਵਿਚਾਰਕ ਮਤਭੇਦ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਕਿਉਂਕਿ ਜੇ ਮਤਭੇਦ ਹੁੰਦੇ ਤਾਂ ਅਕਾਲੀ ਸੰਸਦ ਵਿੱਚ ਬਿੱਲ ਦੀ ਹਿਮਾਇਤ ਨਾ ਕਰਦੇ।ਵਿਧਾਇਕਾ ਅਨੁਸਾਰ ਸੱਚ ਇਹ ਹੈ ਕਿ ਭਾਜਪਾ ਨੇ ਅਕਾਲੀਆਂ ਨੂੰ ਅਸਲੀ ਔਕਾਤ ਦਿਖਾ ਦਿੱਤੀ ਹੈ ਤੇ ਹੁਣ ਅਕਾਲੀਆਂ ਨੂੰ ਚਾਹੀਦਾ ਹੈ ਕਿ ਜੇ ਸੱਚਮੁਚ ਉਹ ਬਿੱਲ ਦੇ ਵਿਰੋਧੀ ਹਨ ਤਾਂ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਸਭ ਤੋਂ ਪਹਿਲਾਂ ਅਸਤੀਫਾ ਦੇ ਕੇ ਗਠਜੋੜ ਛੱਡੇ।


Related News