ਜਲੰਧਰ: ਬਰਥਡੇਅ ਪਾਰਟੀ ''ਚ ਹੋਈ ਹਵਾਈ ਫਾਇਰਿੰਗ, ਵੀਡੀਓ ਵਾਇਰਲ

Wednesday, Oct 30, 2019 - 10:59 AM (IST)

ਜਲੰਧਰ (ਵਰੁਣ)— ਜਲੰਧਰ ਕਮਿਸ਼ਨਰੇਟ ਪੁਲਸ 'ਚ ਅਧਿਕਾਰੀਆਂ ਦੀ ਫੌਜ ਹੋਣ ਦੇ ਬਾਵਜੂਦ ਲਾਅ ਐਂਡ ਆਰਡਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਲੋਕਾਂ 'ਚ ਪੁਲਸ ਦਾ ਡਰ ਤੱਕ ਨਹੀਂ ਰਿਹਾ। ਕਾਲਾ ਸੰਘਿਆਂ ਬਰਥਡੇਅ ਪਾਰਟੀ ਤੋਂ ਬਾਅਦ ਹੁਣ ਇਕ ਹੋਰ ਬਰਥਡੇਅ ਪਾਰਟੀ 'ਚ ਕਈ ਹਵਾਈ ਫਾਇਰ ਕੀਤੇ ਗਏ। ਇੰਨਾ ਹੀ ਨਹੀਂ, ਹੱਥਾਂ 'ਚ ਸ਼ਰਾਬ ਦੇ ਗਿਲਾਸ ਅਤੇ ਗੋਲੀਆਂ ਚਲਾਉਣ ਦੀ ਵੀਡੀਓ ਇਕ ਨੌਜਵਾਨ ਨੇ ਸੋਸ਼ਲ ਸਾਈਟ 'ਤੇ ਪਾ ਦਿੱਤੀ, ਜਿਸ ਤੋਂ ਬਾਅਦ ਵੀਡੀਓ ਵਾਇਰਲ ਹੋ ਗਈ।

PunjabKesari

ਪਾਰਟੀ 'ਚ ਹੋਏ 8 ਫਾਇਰ
1.59 ਮਿੰਟ ਦੀ ਇਸ ਵੀਡੀਓ ਵਿਚ ਇਕ ਦਰਜਨ ਤੋਂ ਵੀ ਜ਼ਿਆਦਾ ਨੌਜਵਾਨਾਂ ਦਾ ਗਰੁੱਪ ਹੈ। ਇਸ ਵੀਡੀਓ 'ਚ 4 ਪਿਸਤੌਲਾਂ ਵਿਖਾਈਆਂ ਜਾ ਰਹੀਆਂ ਹਨ, ਜਿਨ੍ਹਾਂ 'ਚੋਂ ਇਕ ਦੇਸੀ ਕੱਟਾ ਲੱਗ ਰਿਹਾ ਹੈ। ਵੀਡੀਓ 'ਚ ਨੌਜਵਾਨਾਂ ਨੇ 8 ਹਵਾਈ ਫਾਇਰ ਕੀਤੇ। ਇਹ ਵੀਡੀਓ ਜਲੰਧਰ 'ਚ ਹੀ ਬਣਾਈ ਗਈ ਹੈ। ਵੀਡੀਓ 'ਚ ਇਕ ਕਾਲਜ ਦਾ ਸਾਬਕਾ ਪ੍ਰਧਾਨ ਵੀ ਸ਼ਾਮਲ ਹੈ। ਜ਼ਿਆਦਾਤਰ ਨੌਜਵਾਨ ਸ਼ਰਾਬ ਦੇ ਨਸ਼ੇ 'ਚ ਦਿਸ ਰਹੇ ਹਨ, ਜੋ ਬਿਨਾਂ ਕਿਸੇ ਡਰ ਦੇ ਇਕੱਠੇ ਫਾਇਰਿੰਗ ਕਰ ਰਹੇ ਹਨ। ਜਲੰਧਰ ਕਮਿਸ਼ਨਰੇਟ ਪੁਲਸ ਫਿਲਹਾਲ ਇਸ ਵੀਡੀਓ ਤੋਂ ਬੇਖਬਰ ਹੈ।
ਸੂਤਰਾਂ ਦੀ ਮੰਨੀਏ ਤਾਂ ਇਹ ਵੀਡੀਓ 10-12 ਦਿਨ ਪੁਰਾਣੀ ਹੈ। ਪੰਜਾਬੀ ਗੀਤਾਂ 'ਤੇ ਨੱਚਦੇ ਹੋਏ ਸ਼ਰਾਬ ਦੇ ਨਸ਼ੇ 'ਚ ਚੂਰ ਇਨ੍ਹਾਂ ਨੌਜਵਾਨਾਂ ਦੇ ਹੱਥਾਂ 'ਚ ਪਿਸਤੌਲਾਂ ਵੇਖ ਕੇ ਲੱਗਦਾ ਹੈ ਕਿ ਪੁਲਸ ਦਾ ਇਨ੍ਹਾਂ ਨੂੰ ਜ਼ਰਾ ਵੀ ਡਰ ਨਹੀਂ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਕਤ ਨੌਜਵਾਨਾਂ ਦਾ ਕਰੀਬ 2 ਸਾਲ ਪਹਿਲਾਂ ਪ੍ਰਧਾਨਗੀ ਨੂੰ ਲੈ ਕੇ ਥਾਣਾ ਨੰਬਰ 7 ਦੇ ਇਲਾਕੇ 'ਚ ਤਕਰਾਰ ਵੀ ਹੋਇਆ ਸੀ ਅਤੇ ਉਸ ਸਮੇਂ ਵੀ ਗੋਲੀਆਂ ਚੱਲੀਆਂ ਸਨ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਜਲੰਧਰ ਪੁਲਸ ਦੀ ਕਾਫੀ ਕਿਰਕਿਰੀ ਵੀ ਹੋ ਰਹੀ ਹੈ।

PunjabKesari

5 ਡੀ. ਸੀ. ਪੀ., 7 ਏ. ਡੀ. ਸੀ. ਪੀ. ਅਤੇ 20 ਏ. ਸੀ. ਪੀ. ਦੇ ਹਵਾਲੇ ਹੈ ਜਲੰਧਰ ਸ਼ਹਿਰ
ਦੱਸਣਯੋਗ ਹੈ ਕਿ ਜਲੰਧਰ ਕਮਿਸ਼ਨਰੇਟ ਪੁਲਸ 'ਚ 5 ਡੀ. ਸੀ. ਪੀ., 7 ਏ. ਡੀ. ਸੀ. ਪੀ. ਅਤੇ 20 ਏ. ਸੀ. ਪੀ. ਸ਼ਾਮਲ ਹਨ। ਸਾਰਿਆਂ ਨੂੰ ਵੱਖ-ਵੱਖ ਵਿਭਾਗ ਦਿੱਤੇ ਗਏ ਹਨ, ਜਿਨ੍ਹਾਂ ਵਿਚ ਏ. ਸੀ. ਪੀ. ਸਾਈਬਰ ਕ੍ਰਾਈਮ ਸੈੱਲ ਵੀ ਸ਼ਾਮਲ ਹਨ ਪਰ 12 ਦਿਨ ਬੀਤ ਜਾਣ ਤੋਂ ਬਾਅਦ ਵੀ ਨੌਜਵਾਨਾਂ 'ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਅਤੇ ਉਹ ਸ਼ਰੇਆਮ ਘੁੰਮ ਰਹੇ ਹਨ। ਜੇਕਰ ਨੌਜਵਾਨਾਂ ਵਲੋਂ ਵਿਖਾਏ ਜਾ ਰਹੇ ਹਥਿਆਰ ਲਾਇਸੈਂਸੀ ਹਨ ਤਾਂ ਇਹ ਪੁਲਸ ਦੀ ਲਾਪ੍ਰਵਾਹੀ ਹੋਵੇਗੀ ਕਿ ਅਜਿਹੇ ਲੋਕਾਂ ਨੂੰ ਹਥਿਆਰਾਂ ਦੇ ਲਾਇਸੈਂਸ ਦਿੱਤੇ ਹੋਏ ਹਨ ਪਰ ਜੇਕਰ ਹਥਿਆਰ ਨਾਜਾਇਜ਼ ਹੋਏ ਤਾਂ ਮਾਮਲਾ ਹੋਰ ਵੀ ਗੰਭੀਰ ਹੈ।


shivani attri

Content Editor

Related News