ਚੰਡੀਗੜ੍ਹ 'ਚ 'ਬਰਡ ਪਾਰਕ' ਦੇਖਣ ਦੇ ਸ਼ੌਕੀਨਾਂ ਲਈ ਚੰਗੀ ਖ਼ਬਰ, ਅੱਜ ਮਿਲੇਗੀ ਮੁਫ਼ਤ ਐਂਟਰੀ

Wednesday, Nov 16, 2022 - 10:05 AM (IST)

ਚੰਡੀਗੜ੍ਹ 'ਚ 'ਬਰਡ ਪਾਰਕ' ਦੇਖਣ ਦੇ ਸ਼ੌਕੀਨਾਂ ਲਈ ਚੰਗੀ ਖ਼ਬਰ, ਅੱਜ ਮਿਲੇਗੀ ਮੁਫ਼ਤ ਐਂਟਰੀ

ਚੰਡੀਗੜ੍ਹ (ਵਿਜੇ) : ਸੁਖਨਾ ਝੀਲ ਨੇੜੇ ਯੂ. ਟੀ. ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵੱਲੋਂ ਵਿਕਸਿਤ ਚੰਡੀਗੜ੍ਹ ਬਰਡ ਪਾਰਕ ਨੂੰ ਬਣਿਆਂ ਬੁੱਧਵਾਰ ਨੂੰ ਇਕ ਸਾਲ ਪੂਰਾ ਹੋ ਗਿਆ ਹੈ। ਇਸ ਸਬੰਧੀ ਵਿਭਾਗ ਵਲੋਂ ਇਕ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਮੁੱਖ ਮਹਿਮਾਨ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਐਲਾਨ ਕੀਤਾ ਕਿ 16 ਨਵੰਬਰ ਨੂੰ ਸਾਰੇ ਸੈਲਾਨੀ ਇਕ ਦਿਨ ਲਈ ਬਰਡ ਪਾਰਕ 'ਚ ਮੁਫ਼ਤ ਦਾਖ਼ਲ ਹੋ ਸਕਣਗੇ। ਸਲਾਹਕਾਰ ਨੇ ਕਿਹਾ ਕਿ ਇਸ ਉਪਰਾਲੇ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਪਾਰਕ ਦਾ ਦੌਰਾ ਕਰਨ ਅਤੇ ਕੁਦਰਤ ਦੀ ਸੁੰਦਰਤਾ ਦੀ ਸ਼ਲਾਘਾ ਕਰਨ ਦੀ ਸਹੂਲਤ ਮਿਲੇਗੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਵਿਕਾਸ ਪ੍ਰਾਜੈਕਟਾਂ ਨੂੰ ਲੈ ਕੇ ਮਾਨ ਸਰਕਾਰ ਨੇ ਲਾਗੂ ਕੀਤਾ ਨਵਾਂ ਫਾਰਮੂਲਾ

ਸਲਾਹਕਾਰ ਨੇ ਇਸ ਮੌਕੇ ਐਂਟਰੀ ਗੇਟ ’ਤੇ ਤਿਆਰ ਕੀਤੇ ਪ੍ਰੀ-ਫੈਬਰੀਕੇਟਿਡ ਟਿਕਟ ਕਾਊਂਟਰ ਦਾ ਉਦਘਾਟਨ ਵੀ ਕੀਤਾ। ਪ੍ਰੋਗਰਾਮ ਦੌਰਾਨ ਅਨੀਤਾ ਧਰਮਪਾਲ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ। ਇੱਥੇ ‘ਮਾਈ ਚੰਡੀਗੜ੍ਹ-ਮਾਈ ਬਰਡ ਪਾਰਕ’ ਵਿਸ਼ੇ ’ਤੇ ਕਰਵਾਏ ਗਏ ਡਰਾਇੰਗ/ਪੋਸਟਰ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੰਡੇ ਗਏ। ਸਲਾਹਕਾਰ ਨੇ ਕਿਹਾ ਕਿ ਕੁਦਰਤ ਪ੍ਰੇਮੀਆਂ ਅਤੇ ਬੱਚਿਆਂ ਦੇ ਨਾਲ-ਨਾਲ ਸਥਾਨਕ ਅਤੇ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਸੈਲਾਨੀਆਂ ਲਈ ਇਹ ਇਕ ਜ਼ਰੂਰੀ ਟਿਕਾਣਾ ਬਣ ਗਿਆ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਪੁਲਸ ਵੱਲੋਂ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਦੇ ਟਿਕਾਣਿਆਂ 'ਤੇ ਵੱਡੀ ਛਾਪੇਮਾਰੀ (ਤਸਵੀਰਾਂ)
4.5 ਲੱਖ ਲੋਕ ਕਰ ਚੁੱਕੇ ਹਨ ਵਿਜ਼ਿਟ
ਪ੍ਰੋਗਰਾਮ ਦੌਰਾਨ ਜੰਗਲਾਤ ਵਿਭਾਗ ਦੇ ਚੀਫ ਕੰਜ਼ਰਵੇਟਰ ਦਵਿੰਦਰ ਦਲਾਈ ਨੇ ਦੱਸਿਆ ਕਿ ਇਸ ਇਕ ਸਾਲ ਦੌਰਾਨ ਹੁਣ ਤੱਕ 4.5 ਲੱਖ ਤੋਂ ਵੱਧ ਸੈਲਾਨੀ ਬਰਡ ਪਾਰਕ ਦਾ ਦੌਰਾ ਕਰ ਚੁੱਕੇ ਹਨ। ਇਸ ਤੋਂ ਸਾਬਿਤ ਹੁੰਦਾ ਹੈ ਕਿ ਬਰਡ ਪਾਰਕ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਗਿਆ ਹੈ। ਬਰਡ ਪਾਰਕ ਚੰਡੀਗੜ੍ਹ ਦੇ ਇਤਿਹਾਸ 'ਚ ਲੰਬਾ ਸਫ਼ਰ ਤੈਅ ਕਰੇਗਾ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਬਰਡ ਪਾਰਕ ਦਾ ਉਦਘਾਟਨ ਪਿਛਲੇ ਸਾਲ 16 ਨਵੰਬਰ ਨੂੰ ਸਵਿਤਾ ਕੋਵਿੰਦ ਨੇ ਕੀਤਾ ਸੀ। ਹੁਣ ਤੱਕ ਵੱਡੀ ਗਿਣਤੀ 'ਚ ਕੁਦਰਤ ਅਤੇ ਪੰਛੀ ਪ੍ਰੇਮੀ ਬਰਡ ਪਾਰਕ ਦਾ ਦੌਰਾ ਕਰ ਚੁੱਕੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News