ਜੇ ਕੈਪਟਨ ਸੱਚੇ ਨੇ ਤਾਂ ਨਕਲੀ ਸ਼ਰਾਬ ਫੈਕਟਰੀ ਦੀ ਫਾਈਲ ਤੁਰੰਤ ਈ. ਡੀ. ਨੂੰ ਭੇਜਣ : ਬੀਰ ਦਵਿੰਦਰ
Friday, Jun 26, 2020 - 10:35 AM (IST)
ਜਲੰਧਰ (ਜ. ਬ.)— ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਮੀਤ ਪ੍ਰਧਾਨ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਲੰਘੀ 14 ਮਈ ਨੂੰ ਘਨੌਰ ਇਲਾਕੇ 'ਚ ਨਕਲੀ ਸ਼ਰਾਬ ਤਿਆਰ ਕਰਨ ਦੀ ਜੋ ਫੈਕਟਰੀ ਫੜੀ ਗਈ ਸੀ, ਉਸ 'ਚ ਕਾਂਗਰਸੀ ਲੀਡਰਾਂ ਦਾ ਸਿੱਧੇ ਤੌਰ 'ਤੇ ਹੱਥ ਸੀ। ਇਸ ਮਾਮਲੇ 'ਚ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨਾਲ ਬੇਹੱਦ ਨੇੜਤਾ ਰੱਖਣ ਵਾਲੇ ਕੁਝ ਵਿਅਕਤੀ ਤਾਂ ਪਹਿਲਾਂ ਹੀ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਜਦੋਂ ਇਹ ਸ਼ਰਾਬ ਦੀ ਫੈਕਟਰੀ ਫੜੀ ਗਈ ਸੀ ਤਾਂ ਆਬਕਾਰੀ ਵਿਭਾਗ ਦੇ ਵੱਡੇ ਅਫ਼ਸਰਾਂ ਨੇ ਇਹ ਸਨਸਨੀਖੇਜ਼ ਪ੍ਰਗਟਾਵਾ ਕੀਤਾ ਸੀ ਕਿ ਨਕਲੀ ਸ਼ਰਾਬ ਦੀ ਇਹ ਫੈਕਟਰੀ ਲੰਬੇ ਸਮੇਂ ਤੋਂ ਇਕ ਕੋਲਡ ਸਟੋਰ 'ਚ ਚੱਲ ਰਹੀ ਸੀ ਅਤੇ ਲਗਭਗ 300 ਕਰੋੜ ਰੁਪਏ ਦੀ ਨਕਲੀ ਸ਼ਰਾਬ ਤਿਆਰ ਕਰਕੇ ਤਾਲਾਬੰਦੀ ਦੌਰਾਨ ਵੇਚੀ ਗਈ ਕਿਉਂਕਿ ਕਾਂਗਰਸੀ ਵਿਧਾਇਕ ਦੀ ਸਰਪ੍ਰਸਤੀ ਸੀ ਇਸ ਲਈ ਕਿਸੇ ਦੀ ਹਿੰਮਤ ਨਹੀਂ ਸੀ ਕਿ ਉਸ ਦੀਆਂ ਗੱਡੀਆਂ ਰੋਕ ਕੇ ਚੈਕਿੰਗ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਸਰਗੋਸ਼ੀਆਂ ਤਾਂ ਇਹ ਵੀ ਹਨ ਕਿ ਇਸ ਸ਼ਰਾਬ ਫੈਕਟਰੀ ਦੇ ਕਾਰੋਬਾਰ ਰਾਹੀਂ ਕਮਾਏ ਗਏ ਨੋਟਾਂ ਦੀਆਂ ਬੋਰੀਆਂ, 'ਉੱਪਰ ਤੱਕ' ਪਹੁੰਚਦੀਆਂ ਰਹੀਆਂ ਹਨ, ਜਿਸ ਦੀ ਪੜਤਾਲ ਹੁਣ ਭਾਰਤ ਸਰਕਾਰ ਦੇ ਵਿੱਤ ਮਹਿਕਮੇ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਆਫ਼ ਰੈਵੀਨਿਊ ਇੰਟੈਲੀਜੈਂਸ (ਈ. ਡੀ. ਆਰ. ਆਈ) ਨੂੰ ਸੌਂਪ ਦਿੱਤੀ ਹੈ, ਜੋ ਕਿ ਇਕ ਉਚਿਤ ਅਤੇ ਸ਼ਲਾਘਾਯੋਗ ਕਦਮ ਹੈ। ਇਸ ਪੜਤਾਲ ਦੀ ਅਗਵਾਈ ਈ. ਡੀ. ਦੇ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਕਰ ਰਹੇ ਹਨ, ਜੋ ਕਿ ਇਕ ਦ੍ਰਿੜ ਇਰਾਦੇ ਅਤੇ ਸਾਫ਼-ਸੁਥਰੀ ਸ਼ੋਹਰਤ ਰੱਖਣ ਵਾਲੇ ਅਧਿਕਾਰੀ ਵੱਜੋਂ ਜਾਣੇ ਜਾਂਦੇ ਹਨ।
ਪਤਾ ਲੱਗਾ ਹੈ ਕਿ ਪੁਲਸ ਦੀ ਤਫ਼ਤੀਸ਼ ਦੌਰਾਨ ਅਜਿਹੇ ਭੇਤ ਖੋਲ੍ਹੇ ਗਏ ਹਨ, ਜਿਨ੍ਹਾਂ ਦੀਆਂ ਤਾਰਾਂ ਮੋਤੀ ਮਹਿਲ ਦੇ ਬੇਹੱਦ ਨੇੜਲਿਆਂ ਨਾਲ ਜਾ ਜੁੜਦੀਆਂ ਹਨ, ਜਿਨ੍ਹਾਂ ਦਾ ਬਚਾਅ ਇਸ ਵੇਲੇ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ, ਇਸੇ ਕਾਰਨ ਈ. ਡੀ. ਦੀ ਪੜਤਾਲ 'ਚ ਪਟਿਆਲਾ ਪੁਲਸ ਕੋਈ ਸਹਿਯੋਗ ਨਹੀਂ ਦੇ ਰਹੀ ਅਤੇ ਕੇਸ ਫਾਈਲ ਦੇਣ ਦੇ ਮਾਮਲੇ 'ਤੇ ਆਨਾਕਾਨੀ ਕੀਤੀ ਜਾ ਰਹੀ ਹੈ। ਆਬਕਾਰੀ ਵਿਭਾਗ ਸਿੱਧੇ ਤੌਰ 'ਤੇ ਮੁੱਖ ਮੰਤਰੀ ਦੇ ਅਧੀਨ ਹੈ। ਜੇਕਰ ਮੁੱਖ ਮੰਤਰੀ ਸੱਚੇ ਹਨ ਤਾਂ ਉਨ੍ਹਾਂ ਨੂੰ ਤੁਰੰਤ ਇਸ ਮਾਮਲੇ ਦੀ ਫਾਈਲ ਈ. ਡੀ. ਦੇ ਹਵਾਲੇ ਕਰ ਦੇਣੀ ਚਾਹੀਦੀ ਹੈ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ।