ਮੈਂ ਕਦੇ ਦਰਬਾਰ ਸਾਹਿਬ ''ਤੇ ਫੌਜੀ ਕਾਰਵਾਈ ਦਾ ਸਵਾਗਤ ਨਹੀਂ ਕੀਤਾ : ਬੀਰ ਦਵਿੰਦਰ
Sunday, Jan 05, 2020 - 03:37 PM (IST)
ਪਟਿਆਲਾ (ਜੋਸਨ) – ਮੈਂ ਕਦੇ ਵੀ ਸ੍ਰੀ ਦਰਬਾਰ ਸਾਹਿਬ 'ਤੇ ਫੌਜੀ ਕਾਰਵਾਈ ਦਾ ਸਵਾਗਤ ਨਹੀਂ ਕੀਤਾ। ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰਾਂ ਵਲੋਂ ਦਿੱਤਾ ਗਿਆ ਬਿਆਨ ਝੂਠ ਦਾ ਪਲੰਦਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਇਹ ਠੀਕ ਹੈ ਕਿ ਮੈਂ 1980 ਤੋਂ 1985 ਤੱਕ ਵਿਧਾਨ ਸਭਾ ਹਲਕਾ ਸਰਹਿੰਦ ਤੋਂ ਕਾਂਗਰਸ ਪਾਰਟੀ ਵਲੋਂ ਵਿਧਾਇਕ ਚੁਣਿਆ ਗਿਆ ਸੀ ਅਤੇ ਉਸ ਤੋਂ ਪਿੱਛੋਂ ਵਿਧਾਨ ਸਭਾ ਹਲਕਾ ਖਰੜ ਤੋਂ ਕਾਂਗਰਸੀ ਵਿਧਾਇਕ ਚੁਣਿਆ ਗਿਆ ਸੀ। ਉਕਤ ਮੈਂਬਰਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਅਕਾਲੀ ਲੀਡਰ ਦੇ ਕਹਿਣ 'ਤੇ ਉਨ੍ਹਾਂ ਨੇ ਮੇਰੇ ਵਿਰੁੱਧ ਬਿਆਨ ਦਿੱਤਾ, ਉਹ ਕਾਂਗਰਸ ਪਾਰਟੀ ਪਾਸੋਂ ਬਾਦਲਾਂ ਵਿਰੁੱਧ ਬਿਆਨ ਦੇਣ ਲਈ 10 ਲੱਖ ਰੁਪਏ (ਪ੍ਰਤੀ ਮਹੀਨਾ) ਲੈਂਦਾ ਰਿਹਾ ਹੈ।
ਬੀਰ ਦਵਿੰਦਰ ਨੇ ਕਿਹਾ ਕਿ ਇਕ ਵਾਰ ਤਾਂ ਇਹ ਪੈਸੇ ਮੇਰੇ ਬੈਠਿਆਂ ਹੀ ਕੈਪਟਨ ਨੇ ਦਿੱਲੀ ਦੇ ਪੰਜ ਤਾਰਾ ਹੋਟਲ 'ਚ ਮੰਗਵਾ ਕੇ ਦਿੱਤੇ ਸਨ। ਇਹ ਇੰਕਸ਼ਾਫ਼ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਕੀਤਾ ਸੀ ਕਿ ਇਹ ਆਦਮੀ ਪਤਾ ਨਹੀਂ ਕਿੱਥੋਂ ਪਤਾ ਕਰ ਲੈਂਦਾ ਹੈ ਕਿ ਮੈਂ ਹਰ ਮਹੀਨੇ ਦੀ ਇਕ ਤਰੀਕ ਨੂੰ ਕਿੱਥੇ ਹੋਵਾਂਗਾ, ਇਹ ਉਥੇ ਹੀ ਆ ਟਪਕਦਾ ਹੈ। ਉਨ੍ਹਾਂ ਕਿਹਾ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਨ੍ਹਾਂ 'ਭੱਦਰ ਪੁਰਸ਼ਾਂ' ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਬਚਪਨ ਤੋਂ ਆਪਣੇ ਗੁਰੂ ਦਾ ਨਿਮਾਣਾ ਜਿਹਾ ਸ਼ਰਧਾਵਾਨ ਸਿੱਖ ਹਾਂ ਤੇ ਮੈਂ ਕਦੇ ਕਾਮਰੇਡ ਬਣ ਕੇ ਨਾਸਤਿਕਤਾ ਦਾ ਪ੍ਰਚਾਰ ਨਹੀਂ ਕੀਤਾ।
ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਮੈਂ ਐਮਰਜੈਂਸੀ ਦੇ ਮੋਰਚੇ ਸਮੇਂ (1975 ਤੋਂ 1977 ਤੱਕ) ਬਤੌਰ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਜੇਲ 'ਚ ਨਜ਼ਰਬੰਦ ਰਿਹਾ ਹਾਂ ਤੇ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਸਬੰਧੀ ਦਿੱਤੇ ਬਿਆਨ 'ਤੇ ਪੂਰੀ ਤਰ੍ਹਾਂ ਕਾਇਮ ਹਾਂ ਕਿ ਅਗਲੇ ਵਰ੍ਹੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਮੌਕੇ, ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਇਰਦ-ਗਿਰਦ ਕਿਸੇ ਨੂੰ ਸਿਆਸੀ ਰੋਟੀਆਂ ਨਹੀਂ ਸੇਕਣ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੈਂ ਤਿੰਨਾਂ ਹੀ ਮੈਂਬਰਾਂ ਨੂੰ ਕਾਨੂੰਨੀ ਨੋਟਿਸ ਭੇਜ ਰਿਹਾ ਹਾਂ ਕਿ ਜਾਂ ਤਾਂ ਉਹ ਉਕਤ ਬਿਆਨ ਦੇ ਪੱਖ 'ਚ ਸਬੂਤ ਪੇਸ਼ ਕਰਨ ਨਹੀਂ ਤਾਂ ਕਾਨੂੰਨੀ ਖਮਿਆਜ਼ਾ ਭੁਗਤਣ ਲਈ ਤਿਆਰ ਰਹਿਣ।