ਢੀਂਡਸਾ ਵੱਲੋਂ ਬਾਦਲਾਂ ਦਾ ਸਿਧਾਂਤਕ ਵਿਰੋਧ ਸ਼ਲਾਘਾਯੋਗ : ਬੀਰ ਦਵਿੰਦਰ
Tuesday, Mar 19, 2019 - 06:10 PM (IST)

ਮੋਹਾਲੀ (ਨਿਆਮੀਆਂ)— ਸਿੱਖ ਪੰਥ ਦੀ ਅਜੋਕੀ ਰਾਜਨੀਤੀ 'ਚ ਇਹ ਪਹਿਲਾ ਸਮਾਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਹਿਲੀ ਕਤਾਰ ਦੇ ਕਿਸੇ ਸੀਨੀਅਰ ਆਗੂ ਨੇ ਪੰਥ ਦੀ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਸਿੱਖ ਸਿਧਾਂਤਾਂ ਦੀ ਦ੍ਰਿਸ਼ਟੀ 'ਚ ਇਕ ਸਾਫ ਅਤੇ ਪੁਖਤਾ ਨਜ਼ਰੀਆਂ ਇਖਤਿਆਰ ਕੀਤਾ ਹੈ। ਮੈਨੂੰ ਇਹ ਗੱਲ ਕਹਿਣ 'ਚ ਕੋਈ ਸੰਕੋਚ ਨਹੀਂ ਕਿ ਸੁਖਦੇਵ ਸਿੰਘ ਢੀਂਡਸਾ ਨੇ ਲਗਭਗ ਅੱਧੀ ਸਦੀ ਦੇ ਆਪਣੇ ਰਾਜਨੀਤਿਕ ਜੀਵਨ 'ਚ ਕਦੇ ਵੀ ਆਪਣੀ ਰਾਜਨੀਤਿਕ ਛਵੀ ਨੂੰ ਕੋਈ ਦਾਗ ਨਹੀਂ ਲੱਗਣ ਦਿੱਤਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਮੀਤ ਪ੍ਰਧਾਨ ਬੀਰ ਦਵਿੰਦਰ ਸਿੰਘ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਨੇ ਛੇ ਮਹੀਨੇ ਪਹਿਲਾਂ, ਆਪਣੇ ਅਮਲੀ ਸਿਧਾਂਤਾਂ ਦੇ ਮੱਦੇਨਜ਼ਰ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਖਾਮੋਸ਼ੀ ਇਖਤਿਆਰ ਕਰ ਲਈ ਸੀ, ਜੋ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਬਾਦਲਾਂ ਦੀ ਜ਼ਮੀਰ ਨੂੰ ਇਕ ਵੱਡਾ ਝਟਕਾ ਸੀ ਪਰ ਵੱਡੇ ਬਾਦਲ ਪ੍ਰਕਾਸ਼ ਸਿੰਘ ਬਾਦਲ ਨੇ ਪੁੱਤਰ ਮੋਹ ਦੀ ਦ੍ਰਿਸ਼ਟੀ 'ਚ ਢੀਂਡਸਾ ਦੇ ਸਿਧਾਂਤਕ ਇਤਰਾਜ਼ਾਂ ਨੂੰ ਦਰਕਿਨਾਰ ਕਰਕੇ, ਪੰਥਕ ਹਿੱਤਾਂ 'ਤੇ ਪਹਿਰਾ ਦੇਣ ਦੀ ਬਜਾਏ ਸਿਰਫ ਅਤੇ ਸਿਰਫ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਦੀ ਹਿੰਡ ਪੁਗਾਉਂਣ ਨੂੰ ਹੀ ਤਰਜ਼ੀਹ ਦਿੱਤੀ।
ਸਮੁੱਚੀ ਸਿੱਖ ਕੌਮ ਲਈ ਇਹ ਗੱਲ ਹੋਰ ਵੀ ਤਸੱਲੀਜਨਕ ਅਤੇ ਕਾਬਿਲ-ਏ-ਇਹਤਰਾਮ ਹੈ ਕਿ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਇਕਲੌਤੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਵਜੋਂ, ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਤੋਂ ਸਾਫ ਮਨਾ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਜੇ ਇਸ ਦੇ ਬਾਵਜੂਦ ਵੀ ਉਨ੍ਹਾਂ ਦਾ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਚੋਣ ਲੜਦਾ ਹੈ ਤਾਂ ਉਹ ਬਾਦਲ ਪਰਿਵਾਰ ਨਾਲ ਸਿਧਾਂਤਕ ਮਤਭੇਦ ਹੋਣ ਕਾਰਨ, ਕਿਸੇ ਵੀ ਕੀਮਤ 'ਤੇ ਚੋਣ ਪ੍ਰਚਾਰ 'ਚ ਸ਼ਾਮਲ ਨਹੀਂ ਹੋਣਗੇ। ਇਥੇ ਇਹ ਵੀ ਵਰਨਣਯੋਗ ਹੈ ਕਿ ਸੁਖਦੇਵ ਸਿੰਘ ਢੀਂਡਸਾ ਦੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਉਪਰਲੀ ਲੀਡਰਸ਼ਿਪ ਨਾਲ, ਭਾਵ ਬਾਦਲ ਪਰਿਵਾਰ ਨਾਲ ਮਤਭੇਦ ਸਿਰਫ ਸਿਧਾਂਤਕ ਵਖਰੇਵਿਆਂ ਕਾਰਨ ਹੀ ਹਨ, ਜੋ ਸਿੱਖ ਪੰਥ ਦੇ ਵਡੇਰੇ ਹਿੱਤਾਂ ਦੀ ਦ੍ਰਿਸ਼ਟੀ 'ਚ ਅਤੇ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੀਆਂ ਘਟਨਾਵਾਂ ਅਤੇ ਬਾਦਲਾਂ ਵੱਲੋਂ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਅਪਣਾਏ ਗਏ ਸਿੱਖ ਵਿਰੋਧੀ ਪੈਂਤੜਿਆਂ 'ਤੇ ਆਧਾਰਿਤ ਹਨ।