ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਬਾਰੇ ਮਜੀਠੀਆ ਨੇ ਮਾਨ ਸਰਕਾਰ 'ਤੇ ਚੁੱਕੇ ਸਵਾਲ
Saturday, Nov 12, 2022 - 01:06 PM (IST)
ਬਟਾਲਾ (ਗੁਰਪ੍ਰੀਤ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਬਟਾਲਾ ਵਿਖੇ ਇਕ ਨਿੱਜੀ ਸਮਾਰੋਹ 'ਚ ਹਿੱਸਾ ਲੈਣ ਪੁੱਜੇ। ਇੱਥੇ ਉਨ੍ਹਾਂ ਨੇ ਪੰਜਾਬ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਨੂੰ ਛੱਡ ਕੇ ਬਾਹਰਲੇ ਸੂਬਿਆਂ ਨੂੰ ਜ਼ਿਆਦਾ ਤਵੱਜੋਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਗ੍ਰਹਿ ਵਿਭਾਗ ਖ਼ੁਦ ਮੁੱਖ ਮੰਤਰੀ ਕੋਲ ਹੈ ਅਤੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤਾਂ ਨਹੀਂ ਪਰ ਪੰਜਾਬ ਦੇ ਲੋਕ ਇਸ ਭਾਈਚਾਰਕ ਸਾਂਝ ਨੂੰ ਬਣਾ ਕੇ ਰੱਖਣ 'ਚ ਕਾਮਯਾਬ ਹਨ। ਮਜੀਠੀਆ ਨੇ ਮੰਤਰੀ ਕੁਲਦੀਪ ਧਾਲੀਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਧਾਲੀਵਾਲ ਨੂੰ ਝੰਡੀ ਮਿਲੀ ਹੋਈ ਹੈ, ਉਨ੍ਹਾਂ ਨੇ ਤਾਂ ਸਭ ਕੁੱਝ ਠੀਕ ਹੀ ਦੱਸਣਾ ਹੈ ਪਰ ਪੰਜਾਬ ਦੇ ਹਾਲਾਤ ਜਾਂ ਤਾਂ ਪੰਜਾਬ ਦੇ ਲੋਕ ਜਾਣਦੇ ਹਨ ਜਾਂ ਫਿਰ ਮੀਡੀਆ ਜਾਣਦੀ ਹੈ।
ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਪੰਜਾਬ ਦੇ ਹਾਲਾਤ ਠੀਕ ਨਹੀਂ ਹਨ। ਮਜੀਠੀਆ ਵੱਲੋਂ ਬੀਬੀ ਜਗੀਰ ਕੌਰ 'ਤੇ ਵੀ ਤਿੱਖਾ ਸ਼ਬਦੀ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਐੱਸ. ਜੀ. ਪੀ. ਸੀ. ਪ੍ਰਧਾਨ ਦੀਆਂ ਚੋਣਾਂ ਦੌਰਾਨ ਬੀਬੀ ਜਗੀਰ ਕੌਰ ਦੀਆਂ 42 ਵੋਟਾਂ 'ਚ ਕਾਂਗਰਸ ਨੇ ਵੀ ਖੁੱਲ੍ਹ ਕੇ ਵੋਟਾਂ ਪਾਈਆ ਹਨ ਅਤੇ ਇਹ ਵੀ ਗੱਲ ਲੱਗਦੀ ਹੈ ਕਿ ਬੀਬੀ ਜਗੀਰ ਕੌਰ ਦੀ ਗੱਲਬਾਤ ਸੋਨੀਆ ਗਾਂਧੀ ਨਾਲ ਵੀ ਹੋਈ ਹੋਵੇਗੀ। ਮਜੀਠੀਆ ਨੇ ਇਕ ਵੀਡੀਓ ਦਿਖਾਉਂਦੇ ਹੋਏ ਦਾਦੂਵਾਲ 'ਤੇ ਵੀ ਨਿਸ਼ਾਨਾ ਸਾਧਿਆ ਕਿ ਦਾਦੂਵਾਲ ਜੋ ਪਹਿਲਾਂ ਬੀਬੀ ਜਗੀਰ ਕੌਰ ਵਲੋਂ ਕਹਿੰਦੇ ਸਨ ਕਿ ਬੀਬੀ ਜਗੀਰ ਕੌਰ ਨਾਲ ਕੋਈ ਵਾਸਤਾ ਨਾ ਰੱਖੋ, ਓਹੀ ਦਾਦੂਵਾਲ ਹੁਣ ਬੀਬੀ ਜਗੀਰ ਕੌਰ ਦਾ ਸਾਥ ਦੇਣ ਲਈ ਕਹਿ ਰਹੇ ਹਨ।
ਉਨ੍ਹਾਂ ਕਿਹਾ ਕਿ ਹੁਣ ਦਾਦੂਵਾਲ ਵੀ ਦੱਸਣ ਕਿ ਕੀ ਉਹ ਹੁਣ ਇਹ ਸਭ ਕੁੱਝ ਭਾਜਪਾ ਦੇ ਕਹਿਣ 'ਤੇ ਕਰ ਰਹੇ ਹਨ। ਨਾਲ ਹੀ ਮਜੀਠੀਆ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕਿਹਾ ਕਿ ਦੇਸ਼ 'ਚ ਦੋਹਰੇ ਮਾਪਦੰਡ ਕਿਉਂ ਹਨ। ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਜੋ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਨ, ਉਨ੍ਹਾਂ ਦੇ ਕਾਤਲਾਂ ਨੂੰ ਹੁਣ ਛੱਡਿਆ ਜਾ ਰਿਹਾ ਹੈ ਤਾਂ ਫਿਰ ਬੰਦੀ ਸਿੰਘ ਜਿਨ੍ਹਾਂ ਨੇ 28 ਸਾਲ ਦੀ ਸਜ਼ਾ ਭੁਗਤ ਲਈ ਹੈ, ਉਨ੍ਹਾਂ ਨੂੰ ਛੱਡਿਆ ਨਹੀਂ ਜਾ ਰਿਹਾ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਲੈ ਕੇ ਦੇਸ਼ 'ਚ ਦੋਹਰੇ ਮਾਪਦੰਡ ਕਿਉਂ ਅਪਣਾਏ ਜਾ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ