ਮੰਤਰੀਆਂ ਅਤੇ ਅਫਸਰਸ਼ਾਹੀ ਵਿਚਾਲੇ ਹੋਏ ਵਿਵਾਦ ''ਤੇ ਬੋਲੇ ਮਜੀਠੀਆ, ਮੰਗੀ ਸੀ. ਬੀ. ਆਈ. ਜਾਂਚ

Monday, May 11, 2020 - 09:27 PM (IST)

ਮੰਤਰੀਆਂ ਅਤੇ ਅਫਸਰਸ਼ਾਹੀ ਵਿਚਾਲੇ ਹੋਏ ਵਿਵਾਦ ''ਤੇ ਬੋਲੇ ਮਜੀਠੀਆ, ਮੰਗੀ ਸੀ. ਬੀ. ਆਈ. ਜਾਂਚ

ਚੰਡੀਗੜ੍ਹ— ਪੰਜਾਬ ਦੇ ਮੰਤਰੀਆਂ ਅਤੇ ਅਫਸਰਸ਼ਾਹੀ ਵਿਚਾਲੇ ਚੱਲ ਰਹੀ ਖਿੱਚੋਂਤਾਣ 'ਤੇ ਹੁਣ ਸਿਆਸਤ ਗਰਮਾ ਗਈ ਹੈ। ਵਿਰੋਧੀ ਧਿਰਾਂ ਵੱਲੋਂ ਇਸ 'ਤੇ ਨਿਸ਼ਾਨੇ ਸਾਧਨੇ ਸ਼ੁਰੂ ਕਰ ਦਿੱਤੇ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇਸ ਮਾਮਲੇ ਦੀ ਸੀ. ਬੀ. ਆਈ. ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਕੋਰੋਨਾ ਨਾਲ ਲੜਦੇ-ਲੜਦੇ ਮੰਤਰੀ ਆਪਸ 'ਚ ਹੀ ਲੜਨ ਲੱਗ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ 'ਚ ਵੀ ਸ਼ਰਾਬ ਨਾਂ ਦਾ ਵਾਇਰਸ ਆ ਗਿਆ ਹੈ। ਮਜੀਠੀਆ ਨੇ ਕਿਹਾ ਕਿ ਕਰਨ ਅਵਤਾਰ ਨੂੰ ਪ੍ਰਮੋਟ ਕਰਨ ਵੇਲੇ ਤਾਂ ਸਰਕਾਰ ਨੇ ਉਸ ਦਾ ਪਹਿਲਾਂ ਰਵੱਈਆ ਕਿਉਂ ਨਹੀਂ ਦੇਖਿਆ। ਕਾਂਗਰਸ ਨੂੰ ਇਹੀ ਮੁੱਖ ਸਕੱਤਰ ਪਹਿਲਾਂ ਤਾਂ ਬੜਾ ਵਧੀਆ ਲੱਗਦਾ ਸੀ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਕਹਿ ਰਹੀ ਹੈ ਕਿ ਮੁੱਖ ਸਕੱਤਰ ਕਰਨ ਅਵਤਾਰ ਦਾ ਰਵੱਈਆ ਠੀਕ ਨਹੀਂ ਹੈ।

ਇਹ ਵੀ ਪੜ੍ਹੋ: ਸੰਗਰੂਰ 'ਚ ਖੌਫਨਾਕ ਵਾਰਦਾਤ, ਕਿਰਚ ਮਾਰ ਕੇ ਵਿਅਕਤੀ ਦਾ ਬੇਰਹਿਮੀ ਨਾਲ ਕੀਤਾ ਕਤਲ

ਉਨ੍ਹਾਂ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿਸ ਤਰੀਕੇ ਨਾਲ ਪੰਜਾਬ 'ਚ ਕਾਂਗਰਸ ਦੀ ਸਰਕਾਰ ਚੱਲ ਰਹੀ ਹੈ, ਮੈਨੂੰ ਲੱਗਦਾ ਹੈ ਕਿ ਹੁਣ ਪੰਜਾਬ 'ਚ ਸਰਕਾਰ ਵੀ ਲਾਕ ਡਾਊਨ 'ਤੇ ਚਲੀ ਗਈ ਹੈ। ਹਊਮੈਂ ਕਰਕੇ ਹੀ ਮੰਤਰੀਆਂ ਦਾ ਮੁੱਖ ਸਕੱਤਰ ਨਾਲ ਵਿਵਾਦ ਵਧਿਆ ਹੈ ਅਤੇ ਕਾਂਗਰਸ ਅਫਸਰਾਂ ਦੇ ਨਾਲ ਧੱਕੇਸ਼ਾਹੀ ਕਰ ਰਹੀ ਹੈ। ਅਜਿਹਾ ਸੰਵਿਧਾਨਕ ਸੰਕਟ ਪਹਿਲਾਂ ਤਾਂ ਕਦੇ ਵੀ ਨਹੀਂ ਦੇਖਿਆ ਗਿਆ ਸੀ। ਉਨ੍ਹਾਂ ਕਿਹਾ ਕਿ 7 ਦਿਨਾਂ ਦੇ ਵਿਚ ਆਖਿਰ ਅਜਿਹਾ ਅਵਤਾਰ ਸਿੰਘ ਦੇ ਨਾਲ ਕੀ ਹੋ ਗਿਆ ਕਿ ਮੰਤਰੀਆਂ ਅਤੇ ਅਫਸਰਾਂ ਵਿਚਾਲੇ ਤਕਰਾਰ ਹੋਣ ਲੱਗੀ ਹੈ। ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਅੱਜ ਕੋਰੋਨਾ ਨਾਲ ਲੜਨ ਦੀ ਲੋੜ ਹੈ ਪਰ ਪੰਜਾਬ ਸਰਕਾਰ ਦੇ ਮੰਤਰੀ ਅਤੇ ਅਧਿਕਾਰੀ ਆਪਸ 'ਚ ਹੀ ਉਲਝ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਮੰਤਰੀਆਂ ਅਤੇ ਅਧਿਕਾਰੀਆਂ ਵਿਚਕਾਰ ਵਿਵਾਦ ਦੀ ਸੀ. ਬੀ. ਆਈ. ਜਾਂਚ ਜਾਂ ਫਿਰ ਚੀਫ਼ ਜਸਟਿਸ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ।

ਇਹ ਵੀ ਪੜ੍ਹੋ: ਰੂਪਨਗਰ 'ਚ 'ਕੋਰੋਨਾ' ਦਾ ਵੱਡਾ ਧਮਾਕਾ, ਇਕ ਹੀ ਦਿਨ 'ਚ 46 ਨਵੇਂ ਕੇਸ ਆਏ ਸਾਹਮਣੇ

ਜ਼ਿਕਰਯੋਗ ਹੈ ਕਿ ਪੰਜਾਬ ਦੇ ਮੰਤਰੀਆਂ ਅਤੇ ਅਫਸਰਸ਼ਾਹੀ ਵਿਚਾਲੇ ਚੱਲਦੀ ਆ ਰਹੀ ਖਿੱਚੋਂਤਾਣ ਕਿਸੇ ਤੋਂ ਲੁਕੀ ਨਹੀਂ ਹੈ। ਇਹ ਖਿੱਚੋਂਤਾਣ ਉਸ ਵੇਲੇ ਹੋਰ ਵੀ ਗੰਭੀਰ ਹੋ ਗਈ ਜਦੋਂ ਸ਼ਨੀਵਾਰ ਨੂੰ ਮੀਟਿੰਗ 'ਚ ਕੁਝ ਮੰਤਰੀਆਂ ਅਤੇ ਮੁੱਖ ਸਕੱਤਰ ਵਿਚਾਲੇ ਬਹਿਸ ਹੋ ਗਈ। ਗੱਲ ਇਥੋਂ ਤੱਕ ਵੱਧ ਗਈ ਕਿ ਕੁਝ ਮੰਤਰੀਆਂ ਨੇ ਮੀਟਿੰਗ ਦਾ ਬਾਇਕਾਟ ਕਰ ਦਿੱਤਾ। ਸੂਤਰਾਂ ਮੁਤਾਬਕ ਮੰਤਰੀਆਂ ਦਾ ਕਹਿਣਾ ਹੈ ਕਿ ਮੁੱਖ ਸਕੱਤਰ ਦਾ ਰਵੱਈਆ ਮੀਟਿੰਗ 'ਚ ਹੈਂਕੜ ਵਾਲਾ ਰਿਹਾ, ਜਿਸ ਕਾਰਨ ਮੀਟਿੰਗ ਨਹੀਂ ਹੋ ਸਕੀ।
ਇਹ ਵੀ ਪੜ੍ਹੋ: 'ਕੋਰੋਨਾ' ਕਾਰਨ ਜਲੰਧਰ 'ਚ 6ਵੀਂ ਮੌਤ, ਲੁਧਿਆਣਾ ਦੇ CMC 'ਚ ਬਜ਼ੁਰਗ ਨੇ ਤੋੜਿਆ ਦਮ


author

shivani attri

Content Editor

Related News