ਸਮਾਰਟਫੋਨਾਂ ਸੰਬਧੀ ਕੋਰੋਨਾ ਵਾਇਰਸ ਵਾਲੇ ਬਿਆਨ ''ਤੇ ਘਿਰੇ ਕੈਪਟਨ, ਮਜੀਠੀਆ ਨੇ ਲਾਏ ਰਗੜੇ

Wednesday, Feb 26, 2020 - 06:32 PM (IST)

ਸਮਾਰਟਫੋਨਾਂ ਸੰਬਧੀ ਕੋਰੋਨਾ ਵਾਇਰਸ ਵਾਲੇ ਬਿਆਨ ''ਤੇ ਘਿਰੇ ਕੈਪਟਨ, ਮਜੀਠੀਆ ਨੇ ਲਾਏ ਰਗੜੇ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਸਮਾਰਟਫੋਨ ਵੰਡਣ 'ਚ ਦੇਰੀ ਹੋਣ ਦਾ ਕਾਰਨ ਕੋਰੋਨਾ ਵਾਇਰਸ ਨੂੰ ਦੱਸ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੁਰੇ ਫਸ ਗਏ ਹਨ। ਕੈਪਟਨ ਦੇ ਇਸ ਬਿਆਨ 'ਤੇ ਸਾਬਕਾ ਕੇਂਦਰੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਖੂਬ ਰਗੜੇ ਲਾਏ ਹਨ। ਮਜੀਠੀਆ ਨੇ ਕਿਹਾ ਕਿ ਕਾਂਗਰਸ ਨੂੰ ਵਧਾਈ ਦੇਣੀ ਚਾਹੀਦੀ ਹੈ ਕਿ ਅੱਜ ਤੱਕ ਪੰਜਾਬ ਦੇ ਲੋਕਾਂ ਨੇ ਇੰਨੀ ਗੱਪੀ ਸਰਕਾਰ ਨਹੀਂ ਦੇਖੀ ਹੈ, ਜੋ ਕਿ ਆਪਣਾ ਇਕ ਵੀ ਵਾਅਦਾ ਅੱਜ ਤੱਕ ਪੂਰਾ ਨਾ ਕਰ ਸਕੀ।

ਉਨ੍ਹਾਂ ਕਿਹਾ ਕਿ ਜਦੋਂ ਕੈਪਟਨ ਸਦਨ 'ਚ ਟੇਬਲ 'ਤੇ ਕਾਂਗਰਸ ਦੀਆਂ ਪ੍ਰਾਪਤੀਆਂ ਗਿਣਾ ਰਹੇ ਸਨ ਤਾਂ ਕਾਂਗਰਸੀ ਵੀ ਟੇਬਲ ਥਪਥਪਾ ਕੇ ਰਾਜ਼ੀ ਨਹੀਂ ਸੀ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਕੈਪਟਨ ਬਹੁਤ ਵੱਡੀਆਂ-ਵੱਡੀਆਂ ਛੱਡ ਰਹੇ ਹਨ। ਕਾਂਗਰਸ ਸਰਕਾਰ ਵਲੋਂ ਸੂਬੇ 'ਚ 50 ਕਰੋੜ ਦੀ ਇੰਡਸਟਰੀ ਲਾਉਣ 'ਤੇ ਵਿਅੰਗ ਕੱਸਦਿਆਂ ਕਿਹਾ ਗਿਆ ਕਿ ਕੈਪਟਨ ਇਹ ਤਾਂ ਦੱਸਣ ਕਿ 3 ਸਾਲਾਂ 'ਚ ਉਹ ਕਿੰਨੇ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਲਈ ਘਰੋਂ ਬਾਹਰ ਨਿਕਲੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ 3 ਸਾਲਾਂ 'ਚ ਸੂਬੇ ਦੇ ਕਿਸਾਨ, ਮੁਲਾਜ਼ਮਾਂ ਅਤੇ ਦਲਿਤ ਭਾਈਚਾਰੇ ਨੂੰ ਪੂਰੀ ਤਰ੍ਹਾਂ ਠਗਿਆ ਹੈ ਅਤੇ ਸਰਕਾਰ ਆਪਣੇ ਕੀਤੇ ਗਏ ਹਰ ਵਾਅਦੇ ਤੋਂ ਮੁੱਕਰੀ ਹੈ।


author

Babita

Content Editor

Related News