ਜੇਕਰ ਹਿੰਮਤ ਹੈ ਤਾਂ ਜਾਖੜ ਫਿਰੋਜ਼ਪੁਰ ਤੋਂ ਲੋਕ ਸਭਾ ਚੋਣ ਲੜ ਕੇ ਵੇਖਣ: ਮਜੀਠੀਆ

Wednesday, Mar 06, 2019 - 05:56 PM (IST)

ਮਲੋਟ (ਤਰਸੇਮ ਢੁੱਡੀ, ਜੁਨੇਜਾ, ਜੱਜ) - ਯੂਥ ਅਕਾਲੀ ਦਲ ਵਲੋਂ ਮਲੋਟ ਵਿਖੇ ਕੀਤੀ ਜ਼ਿਲਾ ਪੱਧਰੀ ਰੈਲੀ 'ਚ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੇ ਕਾਂਗਰਸ ਪਾਰਟੀ ਦੀ 2 ਸਾਲ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਹਨ। ਰੈਲੀ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ 2 ਸਾਲ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕਾਂਗਰਸ ਪਾਰਟੀ ਨੇ ਝੂਠੇ ਵਾਅਦੇ ਕਰਕੇ ਸੂਬੇ 'ਚ 78 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਇਸ ਮੌਕੇ ਉਨ੍ਹਾਂ ਸੁਨੀਲ ਜਾਖੜ ਨੂੰ ਵੰਗਾਰਦਿਆਂ ਕਿਹਾ ਜੇਕਰ ਹਿੰਮਤ ਹੈ ਤਾਂ ਸੁਨੀਲ ਜਾਖੜ ਆਪਣੇ ਜੱਦੀ ਹਲਕੇ ਫਿਰੋਜ਼ਪੁਰ ਤੋਂ ਲੋਕ ਸਭਾ ਚੋਣ ਲੜ ਕੇ ਵੇਖਣ। ਇਸ ਰੈਲੀ 'ਚ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਸਾਧਦਿਆ ਮਜੀਠੀਆ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਨੌਕਰੀ ਦੇਣ ਦੇ ਨਾਂ 'ਤੇ ਲੋਕਾਂ ਨਾਲ ਕੋਝਾ ਮਜ਼ਾਕ ਕੀਤਾ ਹੈ।

PunjabKesari

ਕੈਪਟਨ ਦੀ 'ਕਰਜ਼ਾ ਕੁਰਕੀ ਖਤਮ' ਦੇ ਨਾਅਰੇ ਨੇ ਕਿਸਾਨਾਂ ਦਾ ਕੁਝ ਨਹੀਂ ਸੰਵਾਰਿਆ, ਜਿਸ ਕਾਰਨ ਹੋਰ ਰੋਜ਼ ਇਕ-ਦੋ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਕਾਂਗਰਸ ਸਰਕਾਰ ਨੇ ਕਿਸੇ ਕਿਸਾਨ ਦਾ ਕਰਜ਼ਾ ਮੁਆਫ ਨਹੀਂ ਕੀਤਾ, ਸਗੋਂ ਜਿਹੜਾ ਕਿਸਾਨ ਬੁੱਧ ਸਿੰਘ ਇਨ੍ਹਾਂ ਦਾ 'ਪੋਸਟਰ ਬੁਆਏ' ਬਣਿਆ ਸੀ, ਉਸ ਦਾ ਵੀ ਕਰਜ਼ਾ ਮੁਆਫ ਨਹੀਂ ਕੀਤਾ ਹੋਇਆ ਅਤੇ ਬਾਅਦ 'ਚ ਯੂਥ ਅਕਾਲੀ ਦਲ ਨੇ ਉਸ ਦੇ ਘਰ ਜਾ ਕੇ ਸਰਕਾਰ ਦੀ ਪੋਲ ਖੋਲ੍ਹੀ । ਪਟਿਆਲਾ ਵਿਖੇ ਨਰਸਾਂ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕਰਨ 'ਤੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਉਨ੍ਹਾਂ ਨੂੰ ਪੱਕੇ ਕਰਨ ਦੀ ਥਾਂ ਨਰਸਾਂ ਨੂੰ ਡਰਾ-ਧਮਕਾ ਰਹੀ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਸਮੇਂ ਅਧਿਆਪਕਾਂ ਨੂੰ 45000 ਰੁਪਏ ਮਿਲਦੇ ਸਨ ਅਤੇ ਹੁਣ ਕਾਂਗਰਸ ਦੇ ਸਮੇਂ 10000 ਰੁਪਏ ਮਿਲ ਰਹੇ ਹਨ।

PunjabKesari

ਮੌਜੂਦਾ ਸਰਕਾਰ ਹਰ ਵਰਗ ਦੇ ਲੋਕਾਂ ਨਾਲ ਧਕੇਸ਼ਾਹੀ ਕਰ ਰਹੀ ਹੈ। ਕਾਂਗਰਸੀ ਮੰਤਰੀਆਂ 'ਤੇ ਵਰ੍ਹਦਿਆਂ ਮਜੀਠੀਆ ਨੇ ਚਰਨਜੀਤ ਸਿੰਘ ਚੰਨੀ ਨੂੰ 'ਮੀ ਟੂ' ਵਾਲਾ ਮੰਤਰੀ ਦੱਸਦਿਆਂ ਕਿਹਾ ਕਿ ਉਸ ਨੂੰ ਕੈਪਟਨ ਨੇ ਬਚਾ ਲਿਆ ਪਰ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਉਸ ਭੈਣ ਨੂੰ ਇਨਸਾਫ ਦੇਣ ਲਈ ਚੰਨੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਨਵਜੋਤ ਸਿੱਧੂ ਨੂੰ 'ਨਾਚਾ ਮੰਤਰੀ' ਦੱਸਦਿਆਂ ਉਨ੍ਹਾਂ ਕਿਹਾ ਕਿ ਜਦੋਂ ਸਾਰਾ ਦੇਸ਼ ਪਕਿਸਤਾਨ ਦੇ ਵਿਰੁੱਧ ਇਕਜੁੱਟ ਹੋਇਆ ਹੈ ਤਾਂ ਸਿੱਧੂ ਅੱਤਵਾਦੀਆਂ ਦੇ ਮਰਨ ਬਾਰੇ ਸਬੂਤ ਭਾਲਦਾ ਹੈ ਅਤੇ ਕਹਿ ਰਿਹਾ ਹੈ ਕਿ ਆਰਮੀ ਨੇ ਬੰਬ ਦਰੱਖਤਾਂ 'ਤੇ ਸੁੱਟੇ ਹਨ। ਉਨ੍ਹਾਂ ਕਿਹਾ ਕਿ ਆਰਮੀ ਅੱਗੇ ਤੋਂ ਸਿੱਧੂ ਨੂੰ ਜਹਾਜ਼ ਅੱਗੇ ਬੰਨ੍ਹ ਲਵੇ ਅਤੇ ਫਿਰ ਇਹ ਗਿਣਤੀ ਕਰੀ ਜਾਵੇ ਕਿ ਕਿੰਨੇ ਅੱਤਵਾਦੀ ਮਰੇ ਹਨ। ਨਾਲੇ ਜੇ ਉੱਧਰ ਆਪਣੇ ਯਾਰ-ਦਿਲਦਾਰ ਕੋਲ ਰਹਿਣਾ ਹੈ ਤਾਂ ਉੱਥੇ ਰਹਿ ਜਾਵੇ।

ਉਸ ਨੇ ਕਿਹਾ ਕਿ ਕੈਪਟਨ ਪਹਿਲਾਂ 'ਟੀ ਵਿਦ ਕੈਪਟਨ ਅਤੇ ਕੌਫੀ ਵਿਦ ਕੈਪਟਨ' ਕਰਦਾ ਸੀ ਪਰ ਹੁਣ ਸਿਰਫ 'ਪੈੱਗ ਵਿਦ ਕੈਪਟਨ' ਚੱਲਦਾ ਹੈ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਜਿਵੇਂ ਕਾਂਗਰਸੀਆਂ ਨੇ ਘਰ-ਘਰ ਜਾ ਕੇ ਲੋਕਾਂ ਦੇ ਫਾਰਮ ਭਰਵਾਏ ਸਨ, ਉਸੇ ਤਰ੍ਹਾਂ ਵਰਕਰ ਘਰ-ਘਰ ਜਾ ਕੇ ਇਨ੍ਹਾਂ ਦੀ ਪੋਲ ਖੋਲ੍ਹਣ। ਇਸ ਮੌਕੇ ਮਲੋਟ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਵਿਧਾਇਕ ਰੋਜ਼ੀ ਬਰਕੰਦੀ, ਡਿੰਪੀ ਢਿੱਲੋਂ, ਪਰਮਬੀਰ ਬੰਟੀ ਰੋਮਾਣਾ ਆਦਿ ਹਾਜ਼ਰ ਸਨ।


rajwinder kaur

Content Editor

Related News