ਮੁੱਖ ਮੰਤਰੀ ਮਾਨ ਦੀ ਬਿਆਨਬਾਜ਼ੀ ’ਤੇ ਭੜਕੇ ਬਿਕਰਮ ਮਜੀਠੀਆ, ਕੀਤਾ ਧਮਾਕੇਦਾਰ ਟਵੀਟ
Thursday, Nov 17, 2022 - 11:58 AM (IST)
ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨੀਂ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਖ਼ਿਲਾਫ਼ ਕੀਤੀ ਗਈ ਤਿੱਖੀ ਬਿਆਨਬਾਜ਼ੀ 'ਤੇ ਹੁਣ ਮਜੀਠੀਆ ਨੇ ਪਲਟਵਾਰ ਕੀਤਾ ਹੈ। ਮਜੀਠੀਆ ਨੇ ਟਵੀਟ ਕਰਦਿਆਂ CM ਭਗਵੰਤ ਮਾਨ 'ਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਪੰਜਾਬ ਦੀ ਡਾਵਾਂਡੋਲ ਕਾਨੂੰਨ ਵਿਵਸਥਾ ਦਾ ਹਵਾਲਾ ਦਿੰਦਿਆਂ ਅਸਤੀਫ਼ੇ ਦੀ ਮੰਗ ਕੀਤੀ ਹੈ। ਮਜੀਠੀਆ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਅਮਨ-ਕਾਨੂੰਨ ਦੇ ਮੁੱਦੇ ਦਾ ਸਿਆਸੀਕਰਨ ਕਰਕੇ ਮਨੁੱਖਤਾ ਵਿਰੁੱਧ ਅਪਰਾਧ ’ਚ ਸ਼ਾਮਲ ਹੋ ਰਹੇ ਹਨ। ਕਿਸੇ ਸਿਆਸੀ ਆਗੂ 'ਤੇ ਇਲਜ਼ਾਮਬਾਜ਼ੀ ਨਾਲ ਪੰਜਾਬ 'ਚ ਮਿੱਥ ਕੇ ਕੀਤੇ ਜਾ ਰਹੇ ਕਤਲ, ਜਬਰ-ਜ਼ਿਨਾਹ ਅਤੇ ਹੋਰ ਫਿਰਕੂ ਘਟਨਾਵਾਂ ਨੂੰ ਰੋਕਣ 'ਚ ਮਦਦ ਨਹੀਂ ਮਿਲੇਗੀ। ਮਜੀਠੀਆ ਨੇ ਮੁੱਖ ਮੰਤਰੀ ਮਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਧੋਖੇ ਦੀ ਰਾਜਨੀਤੀ ਬੰਦ ਕਰਕੇ ਪੰਜਾਬ ਨੂੰ ਪੰਜਾਬੀਆਂ ਲਈ ਸੁਰੱਖਿਅਤ ਬਣਾਉਣ ਜਾਂ ਫਿਰ ਅਸਤੀਫ਼ਾ ਦੇ ਦੇਣ।
CM @BhagwantMann indulging in crime against humanity by politicising law & order issue. Such a blame game won’t help Pbis but stopping targeted killings, extortions & communal flare-ups will. CM shud stop politics of deceit & make Punjab secure for Pbis or resign immediately.
— Bikram Singh Majithia (@bsmajithia) November 17, 2022
ਇਹ ਵੀ ਪੜ੍ਹੋ- ਸੁਧੀਰ ਸੂਰੀ ਕਤਲ ਮਾਮਲੇ ’ਚ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ ਮੁਲਜ਼ਮ ਸੰਦੀਪ ਸਿੰਘ
ਜ਼ਿਕਰਯੋਗ ਹੈ ਕਿ ਬੀਤੇ ਦਿਨ ਮੁੱਖ ਮੰਤਰੀ ਮਾਨ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਮੌਕੇ ਉਨ੍ਹਾਂ ਦੇ ਪਿੰਡ ਸਰਾਭਾ, ਲੁਧਿਆਣਾ ਵਿਖੇ ਸ਼ਰਧਾਂਜਲੀ ਭੇਟ ਕਰਨ ਪੁੱਜੇ ਸਨ। ਇਸ ਮੌਕੇ ਜਦੋਂ ਪੱਤਰਕਾਰਾਂ ਨੇ ਬਿਕਰਮ ਮਜੀਠੀਆ ਦਾ ਹਵਾਲਾ ਦਿੰਦਿਆਂ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕਾਰਵਾਈ ਦੀ ਮੰਗ ਕਰਨ ਬਾਰੇ ਸਵਾਲ ਪੁੱਛਿਆ ਤਾਂ ਮੁੱਖ ਮੰਤਰੀ ਮਾਨ ਭੜਕ ਗਏ ਅਤੇ ਬੋਲੇ ਕਿ ਇਸ ਸ਼ਹੀਦਾਂ ਦੀ ਧਰਤੀ 'ਤੇ ਬਿਕਰਮ ਮਜੀਠੀਆ ਵਰਗੇ ਦਾ ਨਾਮ ਨਾ ਲਓ। ਮਾਨ ਨੇ ਬਿਕਰਮ ਮਜੀਠੀਆ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਮਜੀਠੀਆ ਨੇ ਪੰਜਾਬ ਦੀ ਜਵਾਨੀ ਚਿੱਟੇ 'ਚ ਰੋਲ ਦਿੱਤੀ ਹੈ , ਇਸ ਕਾਰਨ ਉਸ ਦਾ ਨਾਂ ਇੱਥੇ ਨਾ ਲਿਆ ਜਾਵੇ।