ਬਿਕਰਮ ਮਜੀਠੀਆ ਨੇ ਸਾਬਕਾ CM ਚੰਨੀ ਨੂੰ ਦੱਸਿਆ 'ਛੱਲਾ', ਬੋਲੇ-ਪਤਾ ਨੀ ਕਿੱਥੇ ਦਿਲ ਲਾ ਕੇ ਬਹਿ ਗਿਆ ਭਾਊ
Tuesday, Aug 16, 2022 - 11:41 AM (IST)
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਖਟਕੜ ਕਲਾਂ ਵਿਖੇ ਜਾਣ ਲਈ ਚੰਡੀਗੜ੍ਹ ਤੋਂ ਰਵਾਨਾ ਹੋ ਗਏ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਨਗੇ। ਇਸ ਮੌਕੇ ਬਿਕਰਮ ਮਜੀਠੀਆ ਵੱਲੋਂ ਸਾਬਕਾ ਚੰਨੀ ਸਰਕਾਰ 'ਤੇ ਵੀ ਨਿਸ਼ਾਨਾ ਵਿੰਨ੍ਹਿਆ ਗਿਆ।
ਉਨ੍ਹਾਂ ਕਿਹਾ ਕਿ ਜੇਕਰ ਚੰਨੀ ਸਰਕਾਰ ਨੇ ਮੇਰੇ ਖ਼ਿਲਾਫ਼ ਸਾਜ਼ਿਸ਼ ਰਚੀ ਤਾਂ ਇਹ ਪਹਿਲੀ ਵਾਰ ਹੋਇਆ ਕਿ ਉਸ ਸਮੇਂ ਦਾ ਮੌਜੂਦਾ ਮੁੱਖ ਮੰਤਰੀ ਦੋ ਸੀਟਾਂ ਤੋਂ ਹਾਰ ਗਿਆ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੀ ਹਾਰ ਮਗਰੋਂ ਤਾਂ ਗੀਤ ਵੀ ਚੱਲ ਰਿਹਾ ਹੈ- 'ਛੱਲਾ ਮੁੜ ਕੇ ਨਹੀਂ ਆਇਆ'। ਉਨ੍ਹਾਂ ਕਿਹਾ ਕਿ ਮੈਂ ਵੀ ਇਕ ਵੀਡੀਓ ਸੰਭਾਲ ਕੇ ਰੱਖੀ ਹੈ, ਜਿਹੜੀ ਚਲਾਉਣੀ ਹੈ ਪਰ ਜੇਕਰ ਛੱਲਾ ਮੁੜ ਕੇ ਆਵੇਗਾ ਤਾਂ ਹੀ ਵੀਡੀਓ ਚਲਾ ਸਕਾਂਗਾ।
ਇਹ ਵੀ ਪੜ੍ਹੋ : ਅੱਜ ਖਟਕੜ ਕਲਾਂ ਜਾਣਗੇ ਬਿਕਰਮ ਮਜੀਠੀਆ, ਸ਼ਹੀਦ-ਏ-ਆਜ਼ਮ ਭਗਤ ਸਿੰਘ ਸਮਾਰਕ 'ਤੇ ਹੋਣਗੇ ਨਤਮਸਤਕ
ਉਨ੍ਹਾਂ ਕਿਹਾ ਕਿ ਛੱਲਾਂ ਆਵੇ ਤਾਂ ਹੀ ਆ, ਪਤਾ ਨਹੀਂ ਕਿੱਥੇ ਦਿਲ ਲਾ ਕੇ ਬਹਿ ਗਿਆ ਭਾਊ। ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਬਾਰੇ ਦਿੱਤੇ ਬਿਆਨ 'ਤੇ ਜਦੋਂ ਮਜੀਠੀਆ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਮੌਕੇ ਬਿਕਰਮ ਮਜੀਠੀਆ ਮੌਜੂਦਾ ਭਗਵੰਤ ਮਾਨ ਸਰਕਾਰ 'ਤੇ ਵੀ ਨਿਸ਼ਾਨਾ ਵਿੰਨ੍ਹਦੇ ਹੋਏ ਨਜ਼ਰ ਆਏ। ਉਨ੍ਹਾਂ ਕਿਹਾ ਕਿ ਅਜੇ ਆਮ ਆਦਮੀ ਪਾਰਟੀ ਨੂੰ ਪੰਜਾਬ 'ਚ ਆਏ ਥੋੜ੍ਹਾ ਹੀ ਸਮਾਂ ਹੋਇਆ ਹੈ ਅਤੇ ਦੇਖੋ ਸਰਕਾਰ ਕੀ ਕਰਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ