ਬਿਕਰਮ ਮਜੀਠੀਆ ਦੇ ਧਰਨੇ ਦੌਰਾਨ ਗਰਮਾਇਆ ਮਾਹੌਲ, ਪੁਲਸ ਨੂੰ ਪਈਆਂ ਭਾਜੜਾਂ

Monday, Jun 12, 2017 - 06:19 PM (IST)

ਬਿਕਰਮ ਮਜੀਠੀਆ ਦੇ ਧਰਨੇ ਦੌਰਾਨ ਗਰਮਾਇਆ ਮਾਹੌਲ, ਪੁਲਸ ਨੂੰ ਪਈਆਂ ਭਾਜੜਾਂ

ਅੰਮ੍ਰਿਤਸਰ (ਛੀਨਾ, ਪ੍ਰਵੀਨ ਪੁਰੀ) : ਅਕਾਲੀ-ਭਾਜਪਾ ਗਠਜੋੜ ਵਲੋਂ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਕਾਂਗਰਸ ਸਰਕਾਰ ਖਿਲਾਫ ਦਿਤੇ ਜਾ ਰਹੇ ਰੋਸ ਧਰਨੇ ਦੌਰਾਨ ਸਥਿਤੀ ਉਦੋਂ ਕਸੂਤੀ ਬਣ ਗਈ ਜਦੋਂ ਕਿਸਾਨ ਜਥੇਬੰਦੀਆਂ ਨੇ ਅਕਾਲੀ-ਭਾਜਪਾ ਗਠਜੋੜ ਦੀ ਧਰਨੇ ਵਾਲੀ ਜਗ੍ਹਾ ਦੇ ਬਿਲਕੁਲ ਨੇੜੇ ਧਰਨਾ ਲਗਾ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿਤੀ ਜਿਸ ਨਾਲ ਮੌਕੇ 'ਤੇ ਵੱਡੀ ਗਿਣਤੀ 'ਚ ਖੜ੍ਹੇ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਹੱਥ ਪੈਰ ਫੁੱਲ ਗਏ। ਕਿਸਾਨ ਜਥੇਬੰਦੀਆਂ ਵਲੋਂ ਅਕਾਲੀ-ਭਾਜਪਾ ਗਠਜੋੜ ਦੇ ਧਰਨੇ ਵਾਲੇ ਪਾਸੇ ਕਰਕੇ ਲਗਾਏ ਗਏ ਸਪੀਕਰ ਨੂੰ ਉਥੋਂ ਹਟਾਉਣ ਤੇ ਕੁਝ ਦੇਰ ਲਈ ਧਰਨਾ ਰੋਕ ਦੇਣ ਲਈ ਜ਼ਿਲਾ ਅਕਾਲੀ ਜਥਾ ਬਾਦਲ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਸਮੇਤ ਕੁਝ ਪੁਲਸ ਅਧਿਕਾਰੀਆਂ ਨੇ ਵੀ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਪਰ ਉਨ੍ਹਾਂ ਕਿਸੇ ਦੀ ਪ੍ਰਵਾਹ ਕੀਤੇ ਬਿਨਾਂ ਆਪਣਾ ਧਰਨਾ ਜਾਰੀ ਰੱਖਿਆ ਜਿਸ ਨਾਲ ਗਠਜੋੜ ਦੇ ਧਰਨੇ ਦਾ ਰੰਗ ਥੋੜ੍ਹੇ ਸਮੇਂ ਲਈ ਫਿੱਕਾ ਪੈ ਗਿਆ।
ਕਿਸਾਨਾਂ ਦੇ ਇਸ ਧਰਨੇ ਨੂੰ ਪੰਜਾਬ ਦੇ ਸਾਬਕਾ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੁਲਸ ਦੀ ਚਾਲ ਦੱਸਦਿਆਂ ਕਿਹਾ ਕਿ ਪੁਲਸ ਇਕ ਸਾਜ਼ਿਸ਼ ਦੇ ਤਹਿਤ ਦੋਵਾਂ ਧਿਰਾਂ ਨੂੰ ਆਪਸ 'ਚ ਲੜਾ ਕੇ ਪਰਚੇ ਦਰਜ ਕਰਨਾ ਚਾਹੁੰਦੀ ਹੈ ਤਾਂ ਜੋ ਮੁੜ ਅਜਿਹਾ ਵਿਸ਼ਾਲ ਧਰਨਾ ਨਾ ਲੱਗ ਸਕੇ ਪਰ ਅਕਾਲੀ-ਭਾਜਪਾ ਗਠਜੋੜ ਤੇ ਕਿਸਾਨ ਵੀਰ ਪੁਲਸ ਦੀਆਂ ਸਾਜ਼ਿਸ਼ਾਂ ਨੂੰ ਸਮਝਦੇ ਹਨ ਜਿਸ ਸਦਕਾ ਅਸੀਂ ਕਾਨੂੰਨ ਨੂੰ ਹੱਥ 'ਚ ਨਹੀ ਲਵਾਂਗੇ।
ਇਸ ਮੌਕੇ 'ਤੇ ਕਿਸਾਨ ਆਗੂ ਧਨਵੰਤ ਸਿੰਘ ਖਤਰਾਏ ਕਲਾਂ ਨੇ ਕਿਹਾ ਕਿ 10 ਸਾਲ ਲਗਾਤਾਰ ਰਾਜ ਕਰਦਿਆਂ ਅਕਾਲੀ-ਭਾਜਪਾ ਗਠਜੋੜ ਲੀਡਰਾਂ ਨੂੰ ਤਾਂ ਸਾਡੇ ਨਾਲ ਹਮਦਰਦੀ ਕਰਨ ਦਾ ਕਦੇ ਖਿਆਲ ਨਹੀਂ ਆਇਆ ਅੱਜ ਅਚਾਨਕ ਇਹ ਸਾਡੇ ਹਮਦਰਦ ਕਿਥੋਂ ਬਣ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲੀਡਰਾਂ ਦੇ ਇਸ਼ਾਰੇ 'ਤੇ ਸਾਨੂੰ ਸੰਘਰਸ਼ ਕਰਦਿਆਂ ਨੂੰ ਜੇਲਾਂ 'ਚ ਡੱਕਿਆ ਜਾਂਦਾ ਸੀ ਤੇ ਅੱਜ ਸੱਤਾ ਤੋਂ ਬਾਹਰ ਬੈਠੇ ਇਹ ਲੀਡਰ ਕਿਸਾਨਾਂ ਦੇ ਹੱਕਾਂ ਦੀਆਂ ਗੱਲਾਂ ਕਰ ਰਹੇ ਹਨ ਜੋ ਕਿ ਇਨ੍ਹਾਂ ਦੀਆਂ ਸਿਰਫ ਫਰੇਬੀ ਚਾਲਾਂ ਹਨ। ਇਸ ਮੋਕੇ 'ਤੇ ਅਕਾਲੀ ਭਾਜਪਾ ਗਠਜੋੜ ਤੇ ਕਿਸਾਨ ਜਥੇਬੰਦੀਆਂ ਦਰਮਿਆਨ ਕਿਸੇ ਵੀ ਤਰ੍ਹਾਂ ਤੇ ਟਕਰਾਅ ਨੂੰ ਰੋਕਣ ਲਈ ਵੱਡੀ ਗਿਣਤੀ 'ਚ ਪੁਲਸ ਫੋਰਸ ਮੌਜੂਦ ਸੀ।


Related News