ਪੰਜਾਬ ''ਚ ਵੱਡਾ ਹਾਦਸਾ, ਤੇਜ਼ ਰਫ਼ਤਾਰ ਪਿਕਅੱਪ ਨੇ 800 ਮੀਟਰ ਤੱਕ ਘੜੀਸਿਆ ਨੌਜਵਾਨ, ਟੁੱਟ ਗਈਆਂ ਕਈ ਹੱਡੀਆਂ
Saturday, Sep 13, 2025 - 01:30 PM (IST)

ਲੁਧਿਆਣਾ, (ਰਾਜ): ਸ਼ਹਿਰ ਦੇ ਜਨਕਪੁਰੀ ਇਲਾਕੇ ਵਿਚ ਬੀਤੀ ਰਾਤ ਦਿਲ ਦਹਿਲਾ ਦੇਣ ਵਾਲਾ ਹਾਦਸਾ ਸਾਹਮਣੇ ਆਇਆ, ਜਿੱਥੇ ਇੱਕ ਤੇਜ਼ ਰਫ਼ਤਾਰ ਪਿਕਅੱਪ ਗੱਡੀ ਨੇ ਲੈਬ ਟੈਕਨੀਸ਼ੀਅਨ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਐਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਪਿਕਅੱਪ ਦੇ ਹੇਠਾਂ ਫਸ ਗਿਆ ਤੇ ਨਸ਼ੇ ਵਿਚ ਧੁਤ ਡਰਾਈਵਰ ਨੌਜਵਾਨ ਨੂੰ ਲਗਭਗ 800 ਮੀਟਰ ਤੱਕ ਘੜੀਸਦਾ ਲੈ ਗਿਆ। ਘਟਨਾ ਤੋਂ ਬਾਅਦ ਮੌਕੇ ’ਤੇ ਹਫੜਾ-ਦਫੜੀ ਮਚ ਗਈ।
ਚਸ਼ਮਦੀਦਾਂ ਨੇ ਬਿਨਾਂ ਦੇਰੀ ਕੀਤੇ ਪਿਕਅੱਪ ਦਾ ਪਿੱਛਾ ਕੀਤਾ ਤੇ ਮੁਲਜ਼ਮ ਨੂੰ ਧਰ ਦਬੋਚਿਆ। ਫੜਿਆ ਗਿਆ ਡਰਾਈਵਰ ਵਿਜੈ ਸ਼ਰਾਬ ਦੇ ਨਸ਼ੇ ਵਿਚ ਸੀ ਅਤੇ ਗੰਭੀਰ ਤੌਰ ’ਤੇ ਜ਼ਖਮੀ ਹੋਣ ’ਤੇ ਉਸਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਵਿਚ ਜ਼ਖਮੀ ਹੋਏ ਨੌਜਵਾਨ ਨੂੰ ਸੰਜੀਵ ਕੁਮਾਰ ਮੂਲ ਰੂਪ ’ਚ ਹਿਮਾਚਲ ਦੇ ਊਨਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸ ਨੂੰ ਤੁਰੰਤ ਸੀ.ਐਮ.ਸੀ. ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਰਾਤ ਨੂੰ ਹੀ ਉਸਦਾ ਦਿਮਾਗ ਦਾ ਆਪ੍ਰੇਸ਼ਨ ਕੀਤਾ ਗਿਆ।
ਡਾਕਟਰਾਂ ਮੁਤਾਬਕ ਸੰਜੀਵ ਦੀ ਛਾਤੀ ਦੀਆਂ ਪਸਲੀਆਂ ਟੁੱਟ ਚੁੱਕੀਆਂ ਹਨ ਅਤੇ ਸਰੀਰ ਦੇ ਖੱਬੇ ਪਾਸੇ ਹਵਾ ਭਰ ਗਈ ਹੈ। ਫ਼ਿਲਹਾਲ ਉਸਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ। ਸੰਜੀਵ ਦਾ ਦੋਸਤ ਜੱਸੀ ਦੱਸਦਾ ਹੈ ਕਿ ਉਹ ਡੋਸਾ ਖਰੀਦ ਕੇ ਚੀਮਾ ਚੌਕ ਨੇੜੇ ਇਕ ਬਰਗਰ ਦੀ ਦੁਕਾਨ ’ਤੇ ਜਾ ਰਿਹਾ ਸੀ। ਬਰਗਰ ਲੈਣ ਤੋਂ ਬਾਅਦ ਉਸ ਨੇ ਘਰ ਵਾਪਸ ਜਾਣਾ ਸੀ ਪਰ ਜਨਕ ਪੁਰੀ ਪੁਲਸ ਚੌਂਕੀ ਦੇ ਸਾਹਮਣੇ ਹੀ ਉਸ ਦੇ ਮੋਟਰਸਾਈਕਲ ਅਤੇ ਤੇਜ਼ ਰਫ਼ਤਾਰ ਪਿਕਅੱਪ ਦੀ ਟੱਕਰ ਹੋ ਗਈ।
ਪਿਕਅੱਪ ਵਿਚ ਸਵਾਰ ਕੁੱਲ 4 ਲੋਕਾਂ ਵਿਚੋਂ 2 ਨੂੰ ਲੋਕਾਂ ਨੇ ਫੜ ਲਿਆ ਤੇ ਪੁਲਸ ਦੇ ਹਵਾਲੇ ਕਰ ਦਿੱਤਾ, ਜਦੋਂ ਕਿ ਇਕ ਅਜੇ ਵੀ ਫਰਾਰ ਹੈ। ਵਿਜੇ ਨਾਂ ਦਾ ਡਰਾਈਵਰ ਹਸਪਤਾਲ ਵਿਚ ਦਾਖਲ ਹੈ ਤੇ ਪੁਲਸ ਉਸ ਤੋਂ ਪੁੱਛਗਿੱਛ ਦੀ ਤਿਆਰੀ ਕਰ ਰਹੀ ਹੈ। ਸੰਜੀਵ ਦਾ ਮੋਬਾਈਲ ਫੋਨ ਵੀ ਪੁਲਸ ਕੋਲ ਹੈ ਤੇ ਜਨਕ ਪੁਰੀ ਪੁਲਸ ਚੌਕੀ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।