ਅਧਿਆਪਕਾਂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ 'ਚ ਪੰਜਾਬ ਸਰਕਾਰ, ਜਾਰੀ ਕਰ ਦਿੱਤੇ ਸਖ਼ਤ ਹੁਕਮ
Wednesday, Sep 13, 2023 - 11:13 AM (IST)
ਲੁਧਿਆਣਾ (ਵੈੱਬ ਡੈਸਕ, ਵਿੱਕੀ) : ਪੰਜਾਬ ਦੇ ਸਿੱਖਿਆ ਵਿਭਾਗ 'ਚ ਕੰਮ ਕਰਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਵਿਦੇਸ਼ ਜਾ ਕੇ ਵਸਣ ਦੇ ਸੁਫ਼ਨੇ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਦਿਸ਼ਾ 'ਚ ਕਦਮ ਵਧਾਏ ਗਏ ਹਨ, ਜੋ ਅਧਿਕਾਰੀ ਅਤੇ ਮੁਲਾਜ਼ਮ ਪੀ. ਆਰ. ਲੈ ਕੇ ਵਿਦੇਸ਼ 'ਚ ਰਹਿ ਰਹੇ ਹਨ ਜਾਂ ਪੀ. ਆਰ. ਦਾ ਜੁਗਾੜ ਕਰਨ 'ਚ ਲੱਗੇ ਹਨ। ਪੰਜਾਬ ਸਰਕਾਰ ਨੇ ਅਜਿਹੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਸਥਿਤੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜੋ ਵਿਦੇਸ਼ ਪੀ. ਆਰ. ਹੋ ਚੁੱਕੇ ਹਨ ਜਾਂ ਬਿਨਾਂ ਛੁੱਟੀ ਮਨਜ਼ੂਰ ਕਰਵਾਏ ਆਪਣੀ ਡਿਊਟੀ ਛੱਡ ਕੇ ਵਿਦੇਸ਼ 'ਚ ਰਹਿ ਰਹੇ ਹਨ।
ਸਕੂਲ ਸਿੱਖਿਆ ਵਿਭਾਗ ਨੇ ਅਜਿਹੇ ਅਧਿਕਾਰੀਆਂ ਤੇ ਮੁਲਾਜ਼ਮਾਂ ਸਬੰਧੀ ਜਾਣਕਾਰੀ ਇਕੱਠੀ ਕਰਨ ਲਈ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਜਾਣਕਾਰੀ ਮੁਤਾਬਕ ਅਜਿਹੇ ਸੈਂਕੜੇ ਅਧਿਕਾਰੀ ਅਤੇ ਮੁਲਾਜ਼ਮਾਂ ਦੇ ਨਾਂ ਸਾਹਮਣੇ ਆਉਣ ਲੱਗੇ ਹਨ, ਜਿਨ੍ਹਾਂ 'ਚੋਂ ਕਈ ਵਿਦੇਸ਼ 'ਚ ਪੀ. ਆਰ. ਦਾ ਪ੍ਰਬੰਧ ਕਰ ਰਹੇ ਹਨ ਜਾਂ ਕਰ ਚੁੱਕੇ ਹਨ। ਇਨ੍ਹਾਂ 'ਚੋਂ ਕਈ ਅਧਿਕਾਰੀ, ਮੁਲਾਜ਼ਮ ਬਿਨਾਂ ਛੁੱਟੀ ਲਏ ਵਿਦੇਸ਼ ਜਾ ਰਹੇ ਹਨ ਅਤੇ ਵਿਦੇਸ਼ ਜਾ ਕੇ ਕੰਮ ਕਰਦੇ ਹੋਏ ਉੱਥੋਂ ਦੇ ਸਿਸਟਮ ਮੁਤਾਬਕ ਟੈਕਸ ਰਿਟਰਨ ਵੀ ਭਰ ਰਹੇ ਹਨ। ਇਸ ਲਈ ਪੰਜਾਬ ਸਰਕਾਰ ਵੱਲੋਂ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਨ੍ਹਾਂ ਦੇ ਵਿਭਾਗ ਅਤੇ ਉਸ ਦੇ ਅਧੀਨ ਪੈਂਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਵਿਦੇਸ਼ 'ਚ ਪੀ. ਆਰ. ਪ੍ਰਾਪਤ ਕਰਨ ਅਤੇ ਬਿਨਾਂ ਛੁੱਟੀ ਲਏ ਵਿਦੇਸ਼ ਜਾ ਕੇ ਰਹਿਣ ਬਾਰੇ ਤੁਰੰਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਪੜ੍ਹੋ ਇਹ ਚਿਤਾਵਨੀ
ਇਸ ਸਬੰਧੀ ਰਿਪੋਰਟ ਹਰ ਹਾਲਤ 'ਚ ਮੁੱਖ ਦਫ਼ਤਰ ਨੂੰ ਭੇਜੀ ਜਾਵੇ। ਇਸ ਲਈ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅਜਿਹੇ ਅਧਿਆਪਕਾਂ ਦੀ ਗੈਰ-ਹਾਜ਼ਰੀ 'ਚ ਜਿੱਥੇ ਸਕੂਲਾਂ 'ਚ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ, ਉੱਥੇ ਹੀ ਲੰਬੇ ਸਮੇਂ ਤੱਕ ਕਿਸੇ ਵਿਸ਼ੇ ਦੇ ਅਧਿਆਪਕ ਦੇ ਵਿਦੇਸ਼ 'ਚ ਰਹਿਣ ਦਾ ਖ਼ਾਮਿਆਜ਼ਾ ਵਿਦਿਆਰਥੀਆਂ ਨੂੰ ਭੁਗਤਣਾ ਪੈ ਰਿਹਾ ਹੈ। ਅਜਿਹੇ ਅਹੁਦੇ ਖ਼ਾਲੀ ਨਾ ਹੋਣ ਕਾਰਨ ਉੱਥੇ ਨਵੀਂ ਨਿਯੁਕਤੀ ਵੀ ਨਹੀਂ ਕੀਤੀ ਜਾ ਸਕਦੀ ਅਤੇ ਦਫ਼ਤਰ ਦੇ ਕੰਮਕਾਜ 'ਤੇ ਵੀ ਬੁਰਾ ਅਸਰ ਪੈਂਦਾ ਹੈ। ਇਸ ਦੇ ਨਾਲ ਹੀ ਸਰਕਾਰ ਦੇ ਖਜ਼ਾਨੇ 'ਤੇ ਵੀ ਅਣਲੋੜੀਂਦਾ ਬੋਝ ਪੈਂਦਾ ਹੈ ਕਿਉਂਕਿ ਅਜਿਹੇ ਅਧਿਕਾਰੀਆਂ ਨੂੰ ਕਈ ਵਾਰ ਬਿਨਾਂ ਕੰਮ ਕੀਤੇ ਹੀ ਪਿਛਲੀ ਤਨਖ਼ਾਹ ਅਤੇ ਪੈਨਸ਼ਨਰੀ ਲਾਭ ਦੇਣੇ ਪੈਂਦੈ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8