ਬਠਿੰਡਾ ਮਿਲਟਰੀ ਸਟੇਸ਼ਨ ’ਚ ਹੋਏ ਚਾਰ ਜਵਾਨਾਂ ਦੇ ਕਤਲ ਕਾਂਡ ’ਚ ਸਨਸਨੀਖੇਜ਼ ਖ਼ੁਲਾਸਾ, ਸਾਹਮਣੇ ਆਇਆ ਪੂਰਾ ਸੱਚ

04/17/2023 11:49:32 AM

ਬਠਿੰਡਾ (ਵਿਜੇ ਵਰਮਾ) : ਬਠਿੰਡਾ ਦੇ ਮਿਲਟਰੀ ਸਟੇਸ਼ਨ ਫਾਇਰਿੰਗ ਮਾਮਲੇ 'ਚ ਵੱਡਾ ਖ਼ੁਲਾਸਾ ਹੋਇਆ ਹੈ। ਜਾਣਕਾਰੀ ਮੁਤਾਬਕ ਫ਼ੌਜ ਦੇ ਹੀ ਇਕ ਸਿਪਾਹੀ ਵੱਲੋਂ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਸੂਚਨਾ ਦੇ ਨਾਂ 'ਤੇ ਉੱਚ-ਅਧਿਕਾਰੀਆਂ ਨੂੰ ਵੀ ਗੁੰਮਰਾਹ ਕੀਤਾ ਸੀ। ਉਸ ਨੇ ਝੂਠ ਬੋਲਿਆ ਕਿ ਕੁੜਤਾ-ਪਜਾਮਾ ਪਾ ਕੇ 2 ਨਕਾਬਪੋਸ਼ ਵਿਅਕਤੀਆਂ ਨੇ ਕਤਲ ਨੂੰ ਅੰਜਾਮ ਦਿੱਤਾ ਹੈ। ਦੱਸ ਦੇਈਏ ਕਿ ਕਾਤਲ ਨੇ ਯੋਜਨਾਬੱਧ ਤਰੀਕੇ ਨਾਲ ਇਸ ਕਤਲੇਆਮ ਨੂੰ ਅੰਜਾਮ ਦਿੱਤਾ। ਸਭ ਤੋਂ ਪਹਿਲਾਂ ਉਸ ਨੇ 9 ਅਪ੍ਰੈਲ ਨੂੰ ਇੰਸਾਸ ਰਾਈਫ਼ਲ ਚੋਰੀ ਕੀਤੀ ਤੇ ਫਿਰ 12 ਅਪ੍ਰੈਲ ਨੂੰ ਚਾਰ ਲੋਕਾਂ ਦਾ ਕਤਲ ਕੀਤਾ। ਘਟਨਾ ਦਾ ਕਾਰਨ ਆਪਸੀ ਦੁਸ਼ਮਣੀ ਹੈ ਤੇ ਉਕਤ ਮੁਲਜ਼ਮ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ। 

ਇਹ ਵੀ ਪੜ੍ਹੋ- ਜਲਾਲਾਬਾਦ 'ਚ ਵਾਪਰਿਆ ਦਿਲ ਵਲੂੰਧਰ ਦੇਣ ਵਾਲਾ ਹਾਦਸਾ, ਟਰਾਲੇ ਨੇ ਬੁਰੀ ਤਰ੍ਹਾ ਦਰੜਿਆ ਸਕੂਟਰੀ ਸਵਾਰ

ਫ਼ੌਜ ਅਧਿਕਾਰੀ ਘਟਨਾ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੇ ਹਨ ਜਦਕਿ ਰੱਖਿਆ ਮੰਤਰਾਲੇ ਨੇ ਫ਼ੌਜ ਮੁਖੀ ਮਨੋਜ ਪਾਂਡੇ ਨੂੰ ਘਟਨਾ ਦੀ ਰਿਪੋਰਟ ਸੌਂਪਣ ਲਈ ਕਿਹਾ ਸੀ। ਉਨ੍ਹਾਂ ਆਪਣੇ ਪੱਧਰ 'ਤੇ ਟੀਮ ਬਣਾ ਕੇ ਘਟਨਾ ਦੀ ਜਾਂਚ ਕੀਤੀ ਤਾਂ ਤੱਥ ਸਭ ਦੇ ਸਾਹਮਣੇ ਆਏ। ਦੱਸਿਆ ਜਾ ਰਿਹਾ ਹੈ ਕਿ ਛਾਉਣੀ ਦੇ ਕਾਂਸਟੇਬਲ ਦੇਸਾਈ ਮੋਹਨ ਨੇ ਹੀ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਫ਼ੌਜ ਦੇ ਅਫ਼ਸਰਾਂ ਨੂੰ ਪਹਿਲਾਂ ਹੀ ਉਸ 'ਤੇ ਸ਼ੱਕ ਸੀ ਪਰ ਉਹ ਬਹੁਤ ਹੀ ਗੰਭੀਰਤਾ ਨਾਲ ਹਰ ਕਦਮ ਚੁੱਕੇ ਰਹੇ ਸਨ। ਪੁਲਸ ਨੇ ਵੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ 2 ਦਿਨ ਪਹਿਲਾਂ 12 ਫ਼ੌਜ ਕਰਮਚਾਰੀਆਂ ਨੂੰ ਜਾਂਚ 'ਚ ਸ਼ਾਮਲ ਹੋਣ ਲਈ ਨੋਟਿਸ ਭੇਜਿਆ ਸੀ, ਜਿਨ੍ਹਾਂ ਵਿੱਚੋਂ 4 ਕੋਲੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਗਈ। ਉਨ੍ਹਾਂ ਵਿੱਚੋਂ ਦੇਸਾਈ ਮੋਹਨ ਨੇ ਆਪਣੇ ਜੁਰਮ ਕਬੂਲ ਲਿਆ ਅਤੇ ਘਟਨਾ ਸਬੰਧੀ ਸਾਰੀ ਜਾਣਕਾਰੀ ਦਿੱਤੀ। 

ਇਹ ਵੀ ਪੜ੍ਹੋ- ਨਹਿਰ 'ਚ ਰੁੜ੍ਹੇ 3 ਨੌਜਵਾਨਾਂ ਵਿਚੋਂ ਇਕ ਦੀ ਮਿਲੀ ਲਾਸ਼, ਰੋ-ਰੋ ਪਰਿਵਾਰ ਦਾ ਹੋਇਆ ਬੁਰਾ ਹਾਲ

ਜਾਣਕਾਰੀ ਮੁਤਾਬਕ ਉਸ ਨੇ ਜਾਂਚ ਅਧਿਕਾਰੀ ਨੂੰ ਦੱਸਿਆ ਕਿ ਉਸ ਨੇ ਹਰੀਸ਼ ਨਾਮ ਦੇ ਜਵਾਨ ਦੀ ਰਾਈਫ਼ਲ ਚੋਰੀ ਕੀਤੀ ਸੀ ਅਤੇ ਨਾਲ ਹੀ 28 ਕਾਰਤੂਸ ਵੀ ਸਨ। ਪੋਸਟਮਾਰਟਮ 'ਚ ਵੀ ਇਹ ਖ਼ੁਲਾਸਾ ਹੋਇਆ ਸੀ ਕਿ 4 ਜਵਾਨਾਂ ਦਾ ਕਤਲ ਬੰਦੂਕ 'ਚੋਂ ਚੱਲੀਆਂ ਗੋਲ਼ੀਆਂ ਨਾਲ ਹੋਇਆ ਹੈ। ਟੋਪਖਾਨਾ 80 ਮੀਡੀਅਮ ਰੈਜੀਮੈਂਟ ਦੇ ਚਾਰੇ ਮ੍ਰਿਤਕ ਕਰਨਾਟਕ ਅਤੇ ਤਾਮਿਲਨਾਡੂ ਦੇ ਰਹਿਣ ਵਾਲੇ ਸਨ। ਫਿਲਹਾਲ ਪੁਲਸ ਨੇ ਦੋਸ਼ੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ। ਜ਼ਿਕਰਯੋਗ ਹੈ ਕਿ ਬੀਤੀ 12 ਅਪ੍ਰੈਲ ਨੂੰ ਬਠਿੰਡਾ ਦੇ ਮਿਲਟਰੀ ਸਟੇਸ਼ਨ 'ਚ ਗੋਲ਼ੀਬਾਰੀ ਦੌਰਾਨ 4 ਲੋਕਾਂ ਦੀ ਮੌਤ ਹੋ ਗਈ ਸੀ, ਜਿਸ 'ਤੇ ਫ਼ੌਜ ਸਮੇਤ ਪੁਲਸ ਨੂੰ ਵੀ ਭਾਜੜਾਂ ਪੈ ਗਈਆਂ ਸਨ। ਇਸ ਮੌਕੇ ਇੱਕ ਇੰਸਾਸ ਰਾਈਫ਼ਲ ਸਮੇਤ ਕਾਰਤੂਸ ਵੀ ਗਾਇਬ ਸਨ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News