ਟ੍ਰਾਈਸਿਟੀ ਨੂੰ ਗਰਮੀ ਤੋਂ ਰਾਹਤ, 12 ਮਈ ਤੱਕ ਠੰਡਕ ਰਹਿਣ ਦੇ ਆਸਾਰ
Friday, May 08, 2026 - 01:06 PM (IST)
ਚੰਡੀਗੜ੍ਹ (ਰੋਹਾਲ) : ਮਈ ’ਚ ਇਨ੍ਹੀਂ ਦਿਨੀਂ 40 ਡਿਗਰੀ ਤੋਂ ਉੱਪਰ ਦੀ ਗਰਮੀ ਤੋਂ ਰਾਹਤ ਪਾਉਣ ਲਈ ਲੋਕ ਪਹਾੜਾਂ ਵੱਲ ਨਿਕਲ ਜਾਂਦੇ ਹਨ ਪਰ ਇਸ ਵਾਰ ਪਹਾੜਾਂ ਵਰਗਾ ਠੰਡਾ ਮੌਸਮ ਚੰਡੀਗੜ੍ਹ ’ਚ ਹੀ ਮਿਲ ਰਿਹਾ ਹੈ। ਮਈ ’ਚ ਮਾਰਚ ਦੇ ਮਹੀਨੇ ਵਰਗੀ ਹਲਕੀ ਠੰਡਕ ਵਾਲਾ ਖ਼ੁਸ਼ਨੁਮਾ ਮੌਸਮ ਬਣਿਆ ਹੋਇਆ ਹੈ। ਵੀਰਵਾਰ ਨੂੰ ਸ਼ਹਿਰ ’ਚ ਦਿਨ ਦਾ ਪਾਰਾ ਡਿੱਗ ਕੇ 30 ਡਿਗਰੀ ਅਤੇ ਮੋਹਾਲੀ ’ਚ 29 ਡਿਗਰੀ ਤੱਕ ਹੇਠਾਂ ਆ ਗਿਆ। ਅਜਿਹਾ ਇਸ ਲਈ ਹੋਇਆ ਕਿਉਂਕਿ ਪਿਛਲੇ ਦਿਨੀਂ ਹੋਈ ਬਾਰਸ਼ ਤੇ ਪੱਛਮੀ ਗੜਬੜੀ ਦੇ ਪ੍ਰਭਾਵ ਨਾਲ ਟ੍ਰਾਈਸਿਟੀ ਮੌਸਮ ’ਚ ਇਹ ਵੱਡਾ ਬਦਲਾਅ ਆਇਆ ਹੈ। ਰਾਤ ਦਾ ਤਾਪਮਾਨ ਵੀ 20 ਡਿਗਰੀ ਤੋਂ ਉੱਪਰ ਨਹੀਂ ਜਾ ਰਿਹਾ ਹੈ। ਲੋਕਾਂ ਲਈ ਰਾਹਤ ਵਾਲੀ ਗੱਲ ਹੈ ਕਿ 12 ਮਈ ਤੱਕ ਟ੍ਰਾਈਸਿਟੀ ਦੇ ਮੌਸਮ ’ਚ ਠੰਡਕ ਬਣੀ ਰਹੇਗੀ।
ਆਲੇ-ਦੁਆਲੇ ਚੱਲ ਰਹੇ ਹਨ੍ਹੇਰੀ-ਤੂਫ਼ਾਨ ਨਾਲ ਡਿੱਗਿਆ ਪਾਰਾ : ਡਾ. ਪਾਲ
ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਡਾ. ਸੁਰਿੰਦਰ ਪਾਲ ਦੱਸਦੇ ਹਨ ਕਿ ਆਸਪਾਸ ਦੇ ਸੂਬਿਆਂ ’ਚ ਪੱਛਮੀ ਗੜਬੜੀ ਦੇ ਪ੍ਰਭਾਵ ਨਾਲ ਤਾਪਮਾਨ ਡਿੱਗਿਆ ਹੈ। ਹਿਮਾਲਚ ’ਚ ਸ਼ਿਮਲਾ ਸਣੇ ਲਗਭਗ ਸਾਰੇ ਸ਼ਹਿਰਾਂ ’ਚ ਰੋਜ਼ਾਨਾ ਚੰਗੀ ਬਾਰਸ਼ ਤੇ ਹਨ੍ਹੇਰੀ ਚੱਲ ਰਹੀ ਹੈ। ਪਹਾੜਾਂ ਤੋਂ ਆਉਣ ਵਾਲੀਆਂ ਹਵਾਵਾਂ ਨੇ ਮੌਸਮ ਠੰਡਾ ਕਰ ਦਿੱਤਾ ਹੈ। ਪੰਜਾਬ-ਹਰਿਆਣਾ ’ਚ ਲਗਾਤਾਰ ਹਨ੍ਹੇਰੀ-ਤੂਫ਼ਾਨ ਨਾਲ ਬਾਰਸ਼ ਹੋ ਰਹੀ ਹੈ। ਇਨ੍ਹਾਂ ਦੋਹਾਂ ਪ੍ਰਭਾਵਾਂ ਕਾਰਨ ਆਉਣ ਵਾਲੇ ਦਿਨਾਂ ’ਚ ਵੀ ਤਾਪਮਾਨ ਜ਼ਿਆਦਾ ਨਹੀਂ ਵਧੇਗਾ।
