ਪੰਜਾਬ ''ਚ ਵਜੀਫ਼ਾ ਲੈਣ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਸਰਕਾਰ ਨੇ ਖ਼ਤਮ ਕੀਤੀ ਇਹ ਸ਼ਰਤ
Sunday, Mar 02, 2025 - 03:35 PM (IST)

ਚੰਡੀਗੜ੍ਹ (ਰਮਨਜੀਤ) : ਪੰਜਾਬ 'ਚ ਕਿਰਤੀਆਂ ਦੀ ਭਲਾਈ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਅਹਿਮ ਕਦਮ ਚੁੱਕੇ ਜਾ ਰਹੇ ਹਨ। ਕਿਰਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਦੱਸਿਆ ਹੈ ਕਿ ਪੰਜਾਬ ਲੇਬਰ ਵੈਲਫੇਅਰ ਬੋਰਡ ਦੀ ਵਜੀਫ਼ਾ ਸਕੀਮ ਅਧੀਨ ਕਿਰਤੀਆਂ ਦੇ ਬੱਚਿਆਂ ਦੀ ਪੜ੍ਹਾਈ ਲਈ 2 ਹਜ਼ਾਰ ਰੁਪਏ ਤੋਂ ਲੈ ਕੇ 70 ਹਜ਼ਾਰ ਰੁਪਏ ਤੱਕ ਦਾ ਲਾਭ ਲਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਵਜੀਫ਼ਾ ਸਕੀਮ ਪ੍ਰਾਪਤ ਕਰਨ ਲਈ ਕਿਰਤੀ ਦੀ 2 ਸਾਲ ਦੀ ਸਰਵਿਸ ਹੋਣ ਦੀ ਸ਼ਰਤ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਲੇਬਰ ਵੈਲਫੇਅਰ ਬੋਰਡ ਦੀ ਵਜੀਫ਼ਾ ਸਕੀਮ ਕਿਰਤੀਆਂ ਦੇ ਬੱਚਿਆਂ ਦੀ ਪੜ੍ਹਾਈ ਲਈ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਤੂਫ਼ਾਨ ਨਾਲ ਪਵੇਗਾ ਮੀਂਹ, ਮੌਸਮ ਵਿਭਾਗ ਨੇ ਜਾਰੀ ਕਰ 'ਤੀ ਵੱਡੀ ਚਿਤਾਵਨੀ
ਇਸ ਤੋਂ ਪਹਿਲਾਂ ਵਜੀਫ਼ਾ ਸਕੀਮ ਨੂੰ ਪ੍ਰਾਪਤ ਕਰਨ ਲਈ ਕਿਰਤੀ ਦੀ 2 ਸਾਲ ਦੀ ਸਰਵਿਸ ਹੋਣ ਦੀ ਸ਼ਰਤ ਲਾਜ਼ਮੀ ਸੀ, ਜਿਸ ਨੂੰ ਕਿ ਕਿਰਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦੀ ਪਹਿਲ ਕਦਮੀ ਤੋਂ ਬਾਅਦ ਹਟਾ ਦਿੱਤਾ ਗਿਆ ਹੈ। ਤਰੁਣਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਬੱਚਿਆਂ ਦੀ ਪੜ੍ਹਾਈ ਲਈ ਵਜੀਫ਼ਾ ਸਕੀਮ ਦਾ ਲਾਭ ਕਿਰਤੀ ਵੱਲੋਂ ਅੰਸ਼ਦਾਨ ਕਰਨ ਦੀ ਮਿਤੀ ਤੋਂ ਹੀ ਲਿਆ ਜਾ ਸਕਦਾ ਹੈ। ਸੌਂਦ ਨੇ ਕਿਹਾ ਕਿ ਪੰਜਾਬ ਦੇ ਕਿਰਤੀਆਂ ਦੇ ਬੱਚਿਆਂ ਦੀ ਵਿੱਦਿਆ ‘ਚ ਵਜੀਫ਼ਾ ਸਕੀਮ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਵਜੀਫ਼ਾ ਸਕੀਮ ਦਾ ਲਾਭ ਪਹਿਲੀ ਕਲਾਸ ਤੋਂ ਲੈ ਕੇ ਉੱਚ ਵਿੱਦਿਆ ਤੱਕ ਹਾਸਲ ਕੀਤਾ ਜਾ ਸਕਦਾ ਹੈ। ਪੰਜਾਬ ਲੇਬਰ ਵੈਲਫੇਅਰ ਬੋਰਡ ਦੀ ਵਜੀਫ਼ਾ ਸਕੀਮ ਅਧੀਨ ਪਹਿਲੀ ਤੋਂ ਪੰਜਵੀਂ ਕਲਾਸ ਤੱਕ ਕੁੜੀਆਂ ਨੂੰ 3 ਹਜ਼ਾਰ ਰੁਪਏ ਅਤੇ ਮੁੰਡਿਆਂ ਨੂੰ 2 ਹਜ਼ਾਰ ਰੁਪਏ ਪ੍ਰਤੀ ਸਾਲ ਦਿੱਤੇ ਜਾਂਦੇ ਹਨ।
ਇਹ ਵੀ ਪੜ੍ਹੋ : ਪ੍ਰਸਿੱਧ ਗੁਰਦੁਆਰਾ ਸਾਹਿਬ 'ਚ ਪਾਠੀ ਸਿੰਘ ਨੇ ਕਰ 'ਤਾ ਵੱਡਾ ਕਾਰਨਾਮਾ, ਪੜ੍ਹੋ ਕੀ ਹੈ ਪੂਰਾ ਮਾਮਲਾ
ਇਸੇ ਤਰ੍ਹਾਂ 6ਵੀਂ ਤੋਂ 8ਵੀਂ ਕਲਾਸ ਤੱਕ ਕੁੜੀਆਂ ਨੂੰ 5 ਹਜ਼ਾਰ ਰੁਪਏ ਅਤੇ ਮੁੰਡਿਆਂ ਨੂੰ 7 ਹਜ਼ਾਰ ਰੁਪਏ ਪ੍ਰਤੀ ਸਾਲ ਦਿੱਤੇ ਜਾਂਦੇ ਹਨ। ਇਹੀ ਰਾਸ਼ੀ ਨੌਵੀਂ ਅਤੇ ਦਸਵੀਂ ਕਲਾਸ ਦੇ ਮੁੰਡਿਆਂ ਨੂੰ 13,000 ਰੁਪਏ ਅਤੇ ਕੁੜੀਆਂ ਨੂੰ 10,000 ਰੁਪਏ ਦਿੱਤੀ ਜਾਂਦੀ ਹੈ। 11ਵੀਂ ਅਤੇ 12ਵੀਂ ਦੀਆਂ ਕੁੜੀਆਂ ਨੂੰ 20,000 ਰੁਪਏ ਅਤੇ ਮੁੰਡਿਆਂ ਨੂੰ 25,000 ਰੁਪਏ ਪ੍ਰਤੀ ਸਾਲ ਵਜੀਫ਼ਾ ਰਾਸ਼ੀ ਦਿੱਤੀ ਜਾਂਦੀ ਹੈ। ਕਾਲਜ ਵਿਦਿਆਰਥੀਆਂ (ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ, ਆਈ. ਟੀ. ਆਈ., ਪੋਲੀਟੈਕਨਿਕ, ਏ. ਐੱਨ. ਐੱਮ., ਜੀ. ਐੱਨ. ਐੱਮ. ਅਤੇ ਹੋਰ ਪ੍ਰੋਫੈਸ਼ਨਲ ਕੋਰਸਾਂ) ਲਈ ਕੁੜੀਆਂ ਨੂੰ 25,000 ਰੁਪਏ (ਜੇਕਰ ਹੋਸਟਲਰ ਹੈ ਤਾਂ 40,000 ਰੁਪਏ) ਅਤੇ ਮੁੰਡਿਆਂ ਨੂੰ 30,000 ਰੁਪਏ (ਜੇਕਰ ਹੋਸਟਲਰ ਹੈ ਤਾਂ 45,000 ਰੁਪਏ) ਪ੍ਰਤੀ ਸਾਲ ਵਜੀਫ਼ਾ ਰਾਸ਼ੀ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਮੈਡੀਕਲ, ਇੰਜਨੀਅਰਿੰਗ ਅਤੇ ਹੋਰ ਪ੍ਰੋਫੈਸ਼ਨਲ ਕੋਰਸਾਂ ਲਈ ਕੁੜੀਆਂ ਨੂੰ 40,000 ਰੁਪਏ (ਜੇਕਰ ਹੋਸਟਲਰ ਹੈ ਤਾਂ 60,000 ਰੁਪਏ) ਅਤੇ ਮੁੰਡਿਆਂ ਨੂੰ 50,000 ਰੁਪਏ (ਜੇਕਰ ਹੋਸਟਲਰ ਹੈ ਤਾਂ 70,000 ਰੁਪਏ) ਪ੍ਰਤੀ ਸਾਲ ਵਜੀਫ਼ਾ ਰਾਸ਼ੀ ਦਿੱਤੀ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8