ਮਾਨਸਾ ਤੋਂ ਸਿੱਧੂ ਮੂਸੇਵਾਲਾ ਲੜੇਗਾ ਚੋਣ, ਟਿਕਟ ਮਿਲਣ ਮਗਰੋਂ ਸਿੱਧੂ ਦਾ ਪਹਿਲਾ ਬਿਆਨ ਆਇਆ ਸਾਹਮਣੇ

Saturday, Jan 15, 2022 - 04:09 PM (IST)

ਮਾਨਸਾ ਤੋਂ ਸਿੱਧੂ ਮੂਸੇਵਾਲਾ ਲੜੇਗਾ ਚੋਣ, ਟਿਕਟ ਮਿਲਣ ਮਗਰੋਂ ਸਿੱਧੂ ਦਾ ਪਹਿਲਾ ਬਿਆਨ ਆਇਆ ਸਾਹਮਣੇ

ਮਾਨਸਾ : ਪੰਜਾਬ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੀ 86 ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਮਾਨਸਾ ਤੋਂ ਸਿੱਧੂ ਮੂਸੇਵਾਲਾ ਨੂੰ ਟਿਕਟ ਦੇ ਕੇ ਕਾਂਗਰਸ ਨੇ ਵੱਡਾ ਸ਼ਸ਼ੋਪੰਜ ਖ਼ਤਮ ਕਰ ਦਿੱਤਾ ਹੈ। ਦਰਅਸਲ ਮਾਨਸਾ ਹਲਕੇ ਤੋਂ ਕਈ ਉਮੀਦਵਾਰ ਦਾਅਵੇਦਾਰੀ ਜਿਤਾ ਰਹੇ ਸਨ ਪਰ ਅੱਜ ਜਾਰੀ ਹੋਈ ਸੂਚੀ ਵਿੱਚ ਸਿੱਧੂ ਮੂਸੇਵਾਲਾ ਦੇ ਨਾਂ 'ਤੇ ਮੋਹਰ ਲੱਗ ਚੁੱਕੀ ਹੈ। ਟਿਕਟ ਮਿਲਣ 'ਤੇ ਪਹਿਲੀ ਪ੍ਰਤੀਕਿਰਿਆ ਦਿੰਦਿਆਂ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਹਲਕੇ ਦੇ ਲੋਕਾਂ ਦੀਆਂ ਦੁਆਵਾਂ ਕਾਰਨ ਹੀ ਟਿਕਟ ਮਿਲੀ ਹੈ।ਸਿੱਧੂ ਨੇ ਦਾਅਵਾ ਕੀਤਾ ਕਿ ਲੋਕਾਂ ਦੇ ਆਸ਼ੀਰਵਾਦ ਨਾਲ ਜਿੱਤ ਪ੍ਰਾਪਤ ਹੋਵੇਗੀ ਤੇ ਹਲਕੇ ਦੇ ਵਿਕਾਸ ਲਈ ਕੰਮ ਕਰਾਂਗਾ। ਸਿੱਧੂ ਨੇ ਕਿਹਾ ਕਿ ਮੇਰੇ ਹਰ ਕੰਮ ਵਿੱਚ ਅੜਚਣਾਂ ਆਉਂਦੀਆਂ ਹਨ ਤੇ ਇਸੇ ਤਰ੍ਹਾਂ ਟਿਕਟ ਮਿਲਣ ਵਿੱਚ ਵੀ ਆਈਆਂ ਹਨ।

ਇਹ ਵੀ ਪੜ੍ਹੋ :ਟਕਸਾਲੀ ਅਕਾਲੀਆਂ 'ਚ ਭਾਜਪਾ ਦੀ ਸੰਨ੍ਹ, 3 ਵੱਡੇ ਪਰਿਵਾਰਾਂ ਮਗਰੋਂ ਹੁਣ ਇਸ ਪਰਿਵਾਰ 'ਤੇ ਨਜ਼ਰ

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਹਾਲ ਹੀ ਵਿੱਚ ਮੁੱਖ ਮੰਤਰੀ ਚੰਨੀ ਅਤੇ ਨਵਜੋਤ ਸਿੱਧੂ ਦੀ ਅਗਵਾਈ ਵਿੱਚ ਕਾਂਗਰਸ 'ਚ ਸ਼ਾਮਲ ਹੋਏ ਸਨ।ਸਿੱਧੂ ਮੂਸੇਵਾਲਾ ਨੇ ਪਿਛਲੇ ਦਿਨੀਂ ਚਿਤਾਵਨੀ ਵੀ ਦਿੱਤੀ ਸੀ ਕਿ ਜੇਕਰ ਕਾਂਗਰਸ ਉਸ ਨੂੰ ਟਿਕਟ ਨਹੀਂ ਦੇਵੇਗੀ ਤਾਂ ਉਹ ਆਜ਼ਾਦ ਚੋਣ ਲੜੇਗਾ।ਹੁਣ ਵੇਖਣਾ ਇਹ ਹੋਵੇਗੀ ਕਿ ਮਾਨਸਾ ਹਲਕੇ ਤੋਂ ਕਾਂਗਰਸ ਦੇ ਹੋਰ  ਦਾਅਵੇਦਾਰ ਸਿੱਧੂ ਦੀ ਹਿਮਾਇਤ ਕਰਦੇ ਹਨ ਜਾਂ ਹੋਰ ਕਿਸੇ ਪਾਰਟੀ 'ਚ ਸ਼ਾਮਲ ਹੁੰਦੇ ਹਨ। ਵਿਧਾਨ ਸਭਾ ਹਲਕਾ ਮਾਨਸਾ ਦੀ ਟਿਕਟ ਨੂੰ ਲੈ ਕੇ ਕਾਂਗਰਸ ਵਿਚ ਛਿੜੇ ਘਮਸਾਨ ਦਰਮਿਆਨ ਸਿੱਧੂ ਮੂਸੇਵਾਲਾ ਨੇ ਸ਼ੁੱਕਰਵਾਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਵੀ ਮੁਲਾਕਾਤ ਕੀਤੀ ਸੀ। ਮੁਲਾਕਾਤ ਦੌਰਾਨ ਮੂਸੇਵਾਲਾ ਨੇ ਮਾਨਸਾ ਤੋਂ ਟਿਕਟ ਦੀ ਦਾਅਵੇਦਾਰੀ ’ਤੇ ਗੱਲਬਾਤ ਕੀਤੀ ਸੀ। ਉਧਰ ਮਾਨਸਾ ਤੋਂ ਮੌਜੂਦਾ ਵਿਧਾਇਕ ਨਿਰਮਲ ਸਿੰਘ ਮਾਨਸ਼ਾਹੀਆ ਨੇ ਵੀ ਮਾਨਸਾ ਤੋਂ ਉਮੀਦਵਾਰੀ ਨੂੰ ਲੈ ਕੇ ਦਾਅਵਾ ਕੀਤਾ ਹੈ। ਮਾਨਸ਼ਾਹੀਆ ਨੇ ਸਿੱਧੂ ਮੂਸੇਵਾਲਾ ਖ਼ਿਲਾਫ਼ ਇਕ ਚਿੱਠੀ ਹਾਈਕਮਾਨ ਨੂੰ ਲਿਖੀ ਸੀ, ਜਿਸ ਤੋਂ ਮੂਸੇਵਾਲਾ ਕਾਫ਼ੀ ਪ੍ਰੇਸ਼ਾਨ ਸਨ। ਇਸ ਤੋਂ ਪਹਿਲਾਂ ਮਾਨਸਾ ਤੋਂ ਨੌਜਵਾਨ ਕਾਂਗਰਸ ਨੇਤਾ ਚੁਸ਼ਪਿੰਦਰ ਚਹਿਲ ਵੀ ਟਿਕਟ ਦੀ ਦਾਅਵੇਦਾਰੀ ਨੂੰ ਲੈ ਕੇ ਆਵਾਜ਼ ਬੁਲੰਦ ਕਰ ਰਹੇ ਸਨ। ਉਨ੍ਹਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਮਾਨਸਾ ਤੋਂ ਉਮੀਦਵਾਰੀ ਦਾ ਦਾਅਵਾ ਠੋਕਣ ਵਾਲੇ ਸਾਰੇ ਦਾਅਵੇਦਾਰਾਂ ਦਾ ਡੋਪ ਟੈਸਟ ਕਰਵਾਇਆ ਜਾਣਾ ਚਾਹੀਦਾ ਹੈ। ਬੇਸ਼ੱਕ ਸਿੱਧੂ ਮੂਸੇਵਾਲਾ ਨੇ ਡੋਪ ਟੈਸਟ ਦੇ ਚੈਲੇਂਜ ’ਤੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਸੀ ਪਰ ਇਹ ਜ਼ਰੂਰ ਕਿਹਾ ਸੀ ਕਿ ਕਮੀਆਂ ਸਾਰਿਆਂ ’ਚ ਹੁੰਦੀਆਂ ਹਨ। ਕੋਈ ਦੁੱਧ ਦਾ ਧੋਤਾ ਹੋਇਆ ਨਹੀਂ ਹੁੰਦਾ।

ਇਹ ਵੀ ਪੜ੍ਹੋ ਵੱਡਾ ਦਾਅ ਖੇਡਣ ਦੀ ਰੌਂਅ 'ਚ ਕਾਂਗਰਸ, ਇਨ੍ਹਾਂ ਸੰਸਦ ਮੈਂਬਰਾਂ ਨੂੰ ਚੋਣ ਮੈਦਾਨ 'ਚ ਉਤਾਰਨ ਦੀ ਤਿਆਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Harnek Seechewal

Content Editor

Related News