ਵੱਡੀ ਖ਼ਬਰ : ਟਾਂਡਾ ਉੜਮੁੜ ’ਚ ਹੋਏ ਗਊ ਕਤਲਕਾਂਡ ’ਚ 7 ਮੁਲਜ਼ਮ ਗ੍ਰਿਫ਼ਤਾਰ

Monday, Mar 14, 2022 - 05:42 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ)-ਬੀਤੇ ਦਿਨੀਂ ਟਾਂਡਾ ’ਚ ਹੋਏ ਗਊ ਕਤਲਕਾਂਡ ਦੇ ਮਾਮਲੇ ਨੂੰ ਪੁਲਸ ਨੇ 36 ਘੰਟਿਆਂ ਦੇ ਅੰਦਰ ਹੀ ਟਰੇਸ ਕਰਦਿਆਂ ਮਾਸ ਸਮੱਗਲਿੰਗ ਕਰਨ ਵਾਲੇ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧ ’ਚ ਐੱਸ. ਐੱਸ. ਪੀ. ਧਰੁਮਨ ਐੱਚ. ਨਿੰਬਲੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ 11-12 ਮਾਰਚ ਦੀ ਦਰਮਿਆਨੀ ਰਾਤ ਨੂੰ ਪਿੰਡ ਢਡਿਆਲਾ ਥਾਣਾ ਟਾਂਡਾ ਦੀ ਰੇਲਵੇ ਲਾਈਨ ਕੋਲ ਰਾਤ ਵੇਲੇ 17 ਗਊਆਂ ਤੇ ਬਲਦਾਂ ਨੂੰ ਮਾਰ ਕੇ ਉਨ੍ਹਾਂ ਦੇ ਪਿੰਜਰ ਰੇਲਵੇ ਲਾਈਨ ਕੋਲ ਸੁੱਟ ਦਿੱਤੇ ਸਨ। ਘਟਨਾ ਬਹੁਤ ਹੀ ਸਨਸਨੀਖੇਜ਼ ਤੇ ਦੁਖਦਾਇਕ ਸੀ। ਘਟਨਾ ਦੀ ਜਾਣਕਾਰੀ ਉਪਰੰਤ ਡੀ. ਜੀ. ਪੀ. ਪੰਜਾਬ ਚੰਡੀਗੜ੍ਹ ਅਤੇ ਆਈ. ਜੀ. ਜਲੰਧਰ ਅਰੁਨਪਾਲ ਵੱਲੋਂ ਘਟਨਾ ਨੂੰ ਅੰਜਾਮ ਦੇਣ ਵਾਲੇ ਅਪਰਾਧੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ  ਕਰਨ ਲਈ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਸਨ ਕਿਉਂਕਿ ਘਟਨਾ ਦਾ ਏਰੀਆ ਰੇਲਵੇ ਪੁਲਸ ਨਾਲ ਸੰਬੰਧਤ ਸੀ।

ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਨੌਜਵਾਨ ਸਮੇਤ 5 ਵਿਦਿਆਰਥੀਆਂ ਦੀ ਮੌਤ

ਇਸ ਕਰਕੇ ਥਾਣਾ ਜੀ. ਆਰ. ਪੀ. ਜਲੰਧਰ ਵੱਲੋਂ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲੇ ਦੀ ਗੰਭੀਰਤਾ ਨੂੰ ਲੈਂਦੇ ਹੋਏ ਸੀਨੀਅਰ ਪੁਲਸ ਕਪਤਾਨ ਹੁਸ਼ਿਆਰਪੁਰ ਵੱਲੋਂ ਕਪਤਾਨ ਪੁਲਸ ਤਫਤੀਸ਼ ਮੁਖਤਿਆਰ ਰਾਏ ਦੀ ਅਗਵਾਈ ਹੇਠ ਉਪ ਪੁਲਸ ਕਪਤਾਨ ਡਿਟੈਕਟਿਵ ਸਰਬਜੀਤ ਰਾਏ, ਡੀ. ਐੱਸ. ਪੀ. ਟਾਂਡਾ ਰਾਜ ਕੁਮਾਰ, ਇੰਚਾਰਜ ਸੀ. ਆਈ. ਏ. ਹੈੱਡਕੁਆਰਟਰ ਇੰਸਪੈਕਟਰ ਲਖਬੀਰ ਸਿੰਘ ਅਤੇ ਮੁੱਖ ਅਫਸਰ ਥਾਣਾ ਟਾਂਡਾ ਹਰਿੰਦਰ ਸਿੰਘ ਅਤੇ ਜੀ. ਆਰ. ਪੀ. ਵੱਲੋਂ ਐੱਸ. ਪੀ. ਪ੍ਰਵੀਨ ਕੰਡਾ, ਡੀ. ਐੱਸ. ਪੀ. ਅਸ਼ਵਨੀ ਕੁਮਾਰ ਅੱਤਰੀ ਅਤੇ ਮੁੱਖ ਅਫਸਰ ਜੀ. ਆਰ. ਪੀ. ਇੰਸਪੈਕਟਰ ਬਲਵੀਰ ਸਿੰਘ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਜਾਂਚ ਨੂੰ ਤਕਨੀਕੀ ਢੰਗ ਨਾਲ ਅਤੇ ਖੁਫ਼ੀਆ ਤਰੀਕੇ ਨਾਲ ਮੁਕੱਦਮੇ ਨੂੰ ਟਰੇਸ ਕੀਤਾ ਗਿਆ। ਮੁਕੱਦਮੇ ’ਚ ਪਹਿਲਾਂ ਫਿੱਗਰ ਹੋਏ 3 ਵਿਅਕਤੀਆਂ ਸਾਵਨ ਪੁੱਤਰ ਹਰਜੀਤ ਵਾਸੀ ਕੋਟਲੀ ਸ਼ੇਖ਼ਾਂ (ਜਲੰਧਰ), ਸਤਪਾਲ ਉਰਫ ਪੱਪੀ ਪੁੱਤਰ ਕੁਲਦੀਪ ਅਤੇ ਸੁਰਜੀਤ ਲਾਲ ਉਰਫ ਸੋਨੂੰ ਪੁੱਤਰ ਜਗਦੀਸ਼ ਵਾਸੀ ਜੱਫਲ ਝੀਂਗੜਾ (ਜਲੰਧਰ) ਨੂੰ ਗ੍ਰਿਫਤਾਰ  ਕੀਤਾ ਗਿਆ।

ਇਹ ਵੀ ਪੜ੍ਹੋ : ‘ਮੈਗਾ ਰੋਡ ਸ਼ੋਅ’ ’ਚ ਭਗਵੰਤ ਮਾਨ ਦਾ ਵੱਡਾ ਬਿਆਨ, ਵੱਡੇ-ਵੱਡੇ ਲੀਡਰ ਹਾਰੇ ਨਹੀਂ ਸਗੋਂ ਪੰਜਾਬ ਦੇ ਲੋਕ ਜਿੱਤੇ

ਜਾਂਚ ਦੌਰਾਨ ਕਾਬੂ  ਕੀਤੇ ਗਏ ਦੋਸ਼ੀਆਂ ਦੀ ਪੁੱਛਗਿੱਛ ਤੋਂ ਉਨ੍ਹਾਂ ਨਾਲ ਇਸ ਅਪਰਾਧ ਵਿਚ ਸ਼ਾਮਲ ਅਤੇ ਪਨਾਹ ਦੇਣ ਵਾਲੇ ਵਿਅਕਤੀਆਂ ਜੀਵਨ ਅਲੀ ਪੁੱਤਰ ਵਿਜੇ ਅਲੀ ਵਾਸੀ ਥਾਬਲਕੇ (ਨਕੋਦਰ), ਕਮਲਜੀਤ ਕੌਰ ਪਤਨੀ ਦਿਲਾਵਰ ਖਾਨ, ਸਲਮਾ ਪਤਨੀ ਅਨਬਰ ਹੁਸੈਨ ਵਾਸੀ ਬੜਾ ਪਿੰਡ ਗੁਰਾਇਆ ਅਤੇ ਅਨਬਰ ਹੁਸੈਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀਆਂ ਦੀ ਮੁੱਢਲੀ ਪੁੱਛਗਿੱਛ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਸੁਰਜੀਤ ਸਿੰਘ ਉਰਫ ਪੱਪੀ ’ਤੇ ਪਹਿਲਾਂ ਵੀ 5 ਅਪਰਾਧਿਕ ਮਾਮਲੇ ਵੱਖ-ਵੱਖ ਧਾਰਾਵਾਂ ਅਧੀਨ ਜਲੰਧਰ ਤੇ ਹੁਸ਼ਿਆਰਪੁਰ ਵਿਖੇ ਦਰਜ ਸਨ। ਗਊਆਂ ਦੀ ਢੋਆ-ਢੁਆਈ ਲਈ ਵਰਤੇ ਗਏ ਕੈਂਟਰ ਅਤੇ ਹਥਿਆਰਾਂ ਨੂੰ ਬਰਾਮਦ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਇਸ ਗੁਨਾਹ ’ਚ ਸ਼ਾਮਲ ਹੋਰ ਲੋੜੀਂਦੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਇੰਸਪੈਕਟਰ ਬਲਵੀਰ ਸਿੰਘ ਮੁੱਖ ਅਫਸਰ ਥਾਣਾ ਜੀ. ਆਰ. ਪੀ. ਜਲੰਧਰ ਤੋਂ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। 

 

 

 

 


Manoj

Content Editor

Related News