ਪੰਜਾਬ ਸਰਕਾਰ ਦੀ ਵੈੱਬਸਾਈਟ ''ਤੇ ਵੱਡੀ ਗਲਤੀ, ਫਰੀਦਕੋਟ ਦਾ ਸੰਸਦ ਮੈਂਬਰ ਹੁਣ ਵੀ ਅਕਾਲੀ
Friday, Jul 26, 2019 - 09:35 PM (IST)

ਜੈਤੋ (ਵੀਰਪਾਲ/ਗੁਰਮੀਤ)–ਭਾਰਤ 'ਚ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਵੱਲੋਂ ਜਿੱਥੇ ਪਾਰਟੀਆਂ ਬਦਲਣ ਦਾ ਮੌਸਮ ਚੱਲ ਰਿਹਾ ਹੈ, ਉੱਥੇ ਕਾਂਗਰਸ ਨੂੰ ਵੱਡੇ-ਵੱਡੇ ਝਟਕੇ ਸਹਿਣੇ ਪੈ ਰਹੇ ਹਨ। ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ, ਸੂਬਾ ਪ੍ਰਧਾਨ ਅਤੇ ਜ਼ਿਲਾ ਪ੍ਰਧਾਨ ਧੜਾਧੜ ਅਸਤੀਫੇ ਦੇ ਰਹੇ ਹਨ। ਪੰਜਾਬ ਦੀ ਸਿਆਸਤ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਅਕਸਰ ਇਹ ਇਲਜ਼ਾਮ ਲੱਗਦੇ ਹਨ ਕਿ ਉਨ੍ਹਾਂ ਨੇ ਪੰਜਾਬ ਦੇ ਮਸਲਿਆਂ ਬਾਰੇ ਕਦੇ ਵੀ ਗੰਭੀਰਤਾ ਨਹੀਂ ਦਿਖਾਈ ਪਰ ਇਹ ਇਲਜ਼ਾਮ ਪੰਜਾਬ ਸਰਕਾਰ ਦੀ ਵੈੱਬਸਾਈਟ ਨੇ ਵੀ ਸਾਬਿਤ ਕਰ ਦਿੱਤਾ ਹੈ ਕਿ ਨਾ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਕੁਝ ਪਤਾ ਹੈ ਅਤੇ ਨਾ ਹੀ ਪੰਜਾਬ ਸਰਕਾਰ ਦੇ ਅਦਾਰਿਆਂ ਨੂੰ, ਕਿਉਂਕਿ ਪੰਜਾਬ ਸਰਕਾਰ ਦੀ ਅਧਿਕਾਰਕ ਵੈੱਬਸਾਈਟ 'ਤੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਸੰਸਦ ਮੈਂਬਰ ਜਨਾਬ ਮੁਹੰਮਦ ਸਦੀਕ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸੰਸਦ ਮੈਂਬਰ ਦੱਸਿਆ ਗਿਆ ਹੈ।
ਪੰਜਾਬ ਸਰਕਾਰ ਦੀ ਇਸ ਵੈੱਬਸਾਈਟ 'ਤੇ ਐੱਮ. ਪੀ. ਵਾਲੇ ਖਾਨੇ 'ਤੇ 4 ਨੰਬਰ 'ਤੇ ਜਦ ਤੁਸੀਂ ਨਜ਼ਰ ਮਾਰੋਗੇ ਤਾਂ ਉਥੇ ਲਿਖਿਆ ਹੈ ਕਿ ਲੋਕ ਸਭਾ ਹਲਕਾ ਫਰੀਦਕੋਟ, ਸੰਸਦ ਮੈਂਬਰ ਜਨਾਬ ਮੁਹੰਮਦ ਸਦੀਕ, ਪਾਰਟੀ ਸ਼੍ਰੋਮਣੀ ਅਕਾਲੀ ਦਲ। ਪੰਜਾਬ ਸਰਕਾਰ ਦੀ ਵੈੱਬਸਾਈਟ 'ਤੇ ਸ਼੍ਰੋਮਣੀ ਅਕਾਲੀ ਦਲ ਦੇ 3 ਸੰਸਦ ਮੈਂਬਰ ਦਰਸਾਏ ਗਏ। ਲਾਪ੍ਰਵਾਹੀ ਅਤੇ ਹੈਰਾਨੀਜਨਕ ਗੱਲ ਇਹ ਹੈ ਕਿ ਜਨਾਬ ਮੁਹੰਮਦ ਸਦੀਕ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਹਨ ਅਤੇ ਪੰਜਾਬ 'ਚ ਕਾਂਗਰਸ ਦੀ ਹੀ ਸਰਕਾਰ ਹੈ।