ਪੰਜਾਬ ''ਚ ਵੱਡੀ ਵਾਰਦਾਤ! ਮੇਲਾ ਵੇਖਣ ਗਏ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ
Monday, Aug 31, 2026 - 07:14 PM (IST)
ਮੋਰਿੰਡਾ/ਰੂਪਨਗਰ (ਅਰਨੌਲੀ)- ਮੋਰਿੰਡਾ ਦੇ ਪਿੰਡ ਮੁੰਡੀਆ-ਢੋਲਣਮਾਜਰਾ ਰੋਡ 'ਤੇ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਏ ਝਗੜੇ ਦੌਰਾਨ ਇਕ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਹਮਲੇ ’ਚ 2 ਵਿਅਕਤੀ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਅਜੇ ਕੁਮਾਰ ਵਾਸੀ ਪਿੰਡ ਸਰਹਾਣਾ ਵਜੋਂ ਹੋਈ ਹੈ, ਜਦਕਿ ਜ਼ਖ਼ਮੀਆਂ ਦੀ ਪਛਾਣ ਕਿਰਨਦੀਪ ਸਿੰਘ ਵਾਸੀ ਬੜੀ ਹਵੇਲੀ ਅਤੇ ਪੁਸ਼ਵਿੰਦਰ ਸਿੰਘ ਵਾਸੀ ਪਿੰਡ ਸਰਹਾਣਾ ਵਜੋਂ ਹੋਈ ਹੈ। ਦੋਵੇਂ ਜ਼ਖ਼ਮੀ ਰੂਪਨਗਰ ਦੇ ਨਿੱਜੀ ਹਸਪਤਾਲ 'ਚ ਜੇਰੇ ਇਲਾਜ ਹਨ।
ਪੁਲਸ ਨੂੰ ਦਿੱਤੇ ਬਿਆਨ ’ਚ ਪੁਸ਼ਵਿੰਦਰ ਸਿੰਘ ਨੇ ਦੱਸਿਆ ਕਿ ਉਹ 30 ਅਗਸਤ ਨੂੰ ਪਿੰਡ ਮੜੌਲੀ ਕਲਾਂ ਵਿਖੇ ਛਿੰਝ ਮੇਲੇ ’ਚ ਗਿਆ ਸੀ, ਜਿੱਥੇ ਉਸ ਨਾਲ ਅਜੇ ਕੁਮਾਰ, ਜਤਿੰਦਰ ਸਿੰਘ ਅਤੇ ਅਮਨਦੀਪ ਸਿੰਘ ਵੀ ਸਨ। ਉੱਥੇ ਮਨੀ ਵਾਸੀ ਚੱਕਲਾਂ ਆਪਣੇ ਕੁਝ ਸਾਥੀਆਂ ਸਮੇਤ ਮਿਲਿਆ, ਜਿਸ ਨਾਲ ਪਹਿਲਾਂ ਵੀ ਉਨ੍ਹਾਂ ਦੀ ਰੰਜਿਸ਼ ਚੱਲ ਰਹੀ ਸੀ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਬੋਲ-ਬੁਲਾਰਾ ਹੋਣ ਤੋਂ ਬਾਅਦ ਹੱਥੋਪਾਈ ਹੋ ਗਈ। ਸ਼ਿਕਾਇਤ ਕਰਤਾ ਮੁਤਾਬਕ ਇਸ ਦੌਰਾਨ ਇਕ ਨੌਜਵਾਨ ਨੇ ਪਿਸਤੌਲ ਕੱਢਣ ਦਾ ਡਰਾਮਾ ਕੀਤਾ ਪਰ ਕੋਈ ਫਾਇਰ ਨਹੀਂ ਹੋਇਆ।
ਇਹ ਵੀ ਪੜ੍ਹੋ: ਪੰਜਾਬ 'ਚ ਅਕਾਲੀ ਦਲ-ਭਾਜਪਾ ਦਾ ਗਠਜੋੜ ਫਾਈਨਲ! ਜਲਦ ਹੋ ਸਕਦੈ ਐਲਾਨ, ਇਹ ਹੋਵੇਗਾ ਨਵਾਂ ਫਾਰਮੂਲਾ
ਬਿਆਨ ਮੁਤਾਬਕ ਬਾਅਦ ’ਚ ਮਨੀ ਵੱਲੋਂ ਅਜੇ ਕੁਮਾਰ ਨੂੰ ਫੋਨ ਕਰਕੇ ਧਮਕਾਇਆ ਗਿਆ। ਕੁਝ ਸਮੇਂ ਬਾਅਦ ਅਜੇ ਕੁਮਾਰ ਨੇ ਪੁਸ਼ਵਿੰਦਰ ਨੂੰ ਫੋਨ ਕਰਕੇ ਦੱਸਿਆ ਕਿ ਮਨੀ ਆਦਿ ਉਸ ਨੂੰ ਫੋਨ ਕਰ ਰਹੇ ਹਨ ਅਤੇ ਉਹ ਮੁੰਡੀਆ ਵਾਲੇ ਰਸਤੇ 'ਤੇ ਖੜ੍ਹੇ ਹਨ। ਇਸ ਤੋਂ ਬਾਅਦ ਪੁਸ਼ਵਿੰਦਰ ਵੀ ਉੱਥੇ ਪਹੁੰਚ ਗਿਆ ਅਤੇ ਉਸ ਨੇ ਪਿੰਡ ਦੇ ਸਰਪੰਚ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ।
ਸ਼ਿਕਾਇਤ ਕਰਤਾ ਮੁਤਾਬਕ ਇਸ ਤੋਂ ਬਾਅਦ ਉਹ ਅਜੇ ਕੁਮਾਰ, ਕਿਰਨਦੀਪ ਸਿੰਘ, ਹਰਿੰਦਰ ਸਿੰਘ ਉਰਫ਼ ਲੱਕੀ ਅਤੇ ਨੱਟ ਸਮੇਤ ਕਰੂਜ਼ ਗੱਡੀ ’ਚ ਮੋਰਿੰਡਾ ਵੱਲ ਜਾ ਰਹੇ ਸਨ। ਜਦੋਂ ਉਹ ਮੁੰਡੀਆ ਪਿੰਡ ਨੂੰ ਪਾਰ ਕਰਕੇ ਢੋਲਣਮਾਜਰਾ ਵੱਲ ਜਾ ਰਹੇ ਸਨ ਤਾਂ ਸਾਹਮਣਿਓਂ ਆਈ ਗਰੇਅ ਰੰਗ ਦੀ ਆਈ-20 ਕਾਰ ਨੇ ਉਨ੍ਹਾਂ ਦੀ ਗੱਡੀ ਦਾ ਰਸਤਾ ਰੋਕ ਲਿਆ। ਇਸ ਕਾਰ ’ਚੋਂ ਮਨੀ ਸਮੇਤ ਕੁਝ ਵਿਅਕਤੀ ਗੰਢਾਸੇ ਲੈ ਕੇ ਬਾਹਰ ਆ ਗਏ।
ਪੁਸ਼ਵਿੰਦਰ ਨੇ ਦੋਸ਼ ਲਾਇਆ ਕਿ ਇਸੇ ਦੌਰਾਨ ਪਿੱਛਿਓਂ ਆਈ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰੀ, ਜਿਸ ਕਾਰਨ ਉਹ ਖੇਤ ’ਚ ਜਾ ਡਿੱਗਿਆ ਅਤੇ ਉਸ ਦੀ ਸੱਜੀ ਲੱਤ ਟੁੱਟ ਗਈ। ਉਸ ਨੇ ਦੱਸਿਆ ਕਿ ਸਕਾਰਪੀਓ ਗੱਡੀ ਵੀ ਖੇਤ ’ਚ ਉਤਰ ਗਈ ਸੀ। ਇਸ ਤੋਂ ਬਾਅਦ ਦੋ ਹੋਰ ਗੱਡੀਆਂ ਸਵਿੱਫਟ ਅਤੇ ਵਰਨਾ ਵੀ ਮੌਕੇ ’ਤੇ ਆ ਗਈਆਂ ਅਤੇ ਇਨ੍ਹਾਂ ’ਚੋਂ ਕਰੀਬ 15-20 ਵਿਅਕਤੀ ਉਤਰ ਕੇ ਅਜੇ ਕੁਮਾਰ ਅਤੇ ਕਿਰਨਦੀਪ ਸਿੰਘ ਦੀ ਕੁੱਟਮਾਰ ਕਰਨ ਲੱਗ ਪਏ।
ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ਇਸ SHO 'ਤੇ ਡਿੱਗੀ ਗਾਜ! ਹੋਈ ਵੱਡੀ ਕਾਰਵਾਈ, ਮੋਬਾਇਲ ਨੇ ਖੋਲ੍ਹੇ ਰਾਜ਼
ਬਿਆਨ ’ਚ ਦੋਸ਼ ਲਾਇਆ ਗਿਆ ਹੈ ਕਿ ਹਮਲਾਵਰਾਂ ’ਚੋਂ ਮਿੰਦੀ ਡਾਕਟਰ, ਗਗਨ ਅਤੇ ਕਰਨ ਕੋਲ ਪਿਸਤੌਲ ਸਨ ਅਤੇ ਉਨ੍ਹਾਂ ਵੱਲੋਂ ਫਾਇਰਿੰਗ ਕੀਤੀ ਗਈ। ਇਸ ਦੌਰਾਨ ਅਜੇ ਕੁਮਾਰ ਨੂੰ ਗੋਲ਼ੀਆਂ ਲੱਗੀਆਂ। ਪੁਸ਼ਵਿੰਦਰ ਨੇ ਦੱਸਿਆ ਕਿ ਉਹ ਲੱਤ ਟੁੱਟਣ ਕਾਰਨ ਸਕਾਰਪੀਓ ਦੇ ਹੇਠਾਂ ਫਸਿਆ ਹੋਇਆ ਸੀ ਅਤੇ ਗਗਨ ਨੇ ਉਸ ਦੀ ਡੰਡੇ ਨਾਲ ਕੁੱਟਮਾਰ ਕੀਤੀ। ਹਮਲਾਵਰ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ ਤੇ ਜ਼ਖ਼ਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਮੋਰਿੰਡਾ ਪਹੁੰਚਾਇਆ ਗਿਆ। ਅਜੇ ਕੁਮਾਰ ਨੂੰ ਡਾਕਟਰਾਂ ਨੇ ਹਸਪਤਾਲ ਪਹੁੰਚਦੇ ਹੀ ਮ੍ਰਿਤਕ ਕਰਾਰ ਦੇ ਦਿੱਤਾ, ਜਦਕਿ ਪੁਸ਼ਵਿੰਦਰ ਸਿੰਘ ਤੇ ਕਿਰਨਦੀਪ ਸਿੰਘ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਜੀ. ਐੱਮ. ਸੀ. ਐੱਚ.-32 ਚੰਡੀਗੜ੍ਹ ਰੈਫਰ ਕੀਤਾ ਗਿਆ। ਪਰਿਵਾਰਕ ਮੈਂਬਰ ਦੋਵਾਂ ਨੂੰ ਬਾਅਦ ’ਚ ਰੂਪਨਗਰ ਦੇ ਨਿੱਜੀ ਹਸਪਤਾਲ ਲੈ ਗਏ, ਜਿੱਥੇ ਉਹ ਇਲਾਜ ਅਧੀਨ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਮੋਹਾਲੀ ਦੇ PCA ਸਟੇਡੀਅਮ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਵਧਾਈ ਸੁਰੱਖਿਆ
ਪੁਲਸ ਨੇ ਪੁਸ਼ਵਿੰਦਰ ਸਿੰਘ ਦੇ ਬਿਆਨ ਦੇ ਆਧਾਰ ’ਤੇ ਮਨੀ ਤੇ ਗਗਨ ਵਾਸੀਆਨ ਚੱਕਲਾਂ, ਮਿੰਦੀ ਡਾਕਟਰ ਵਾਸੀ ਲੁਠੇੜੀ, ਕਰਨ ਵਾਸੀ ਸ਼ਾਦੀਪੁਰ, ਹਰਿੰਦਰ ਸਿੰਘ ਉਰਫ਼ ਲੱਕੀ ਵਾਸੀ ਸਰਹਾਣਾ, ਨੱਟ ਵਾਸੀ ਦਤਾਰਪੁਰ ਅਤੇ 14-15 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਵੱਲੋਂ ਬੀ. ਐੱਨ. ਐੱਸ. ਦੀਆਂ ਧਾਰਾਵਾਂ 103, 115(2), 117(2), 351(3), 191(3), 190 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25, 54, 59 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਅਨੁਸਾਰ ਜ਼ਖ਼ਮੀਆਂ ਦੀਆਂ ਇੰਜਰੀ ਰਿਪੋਰਟਾਂ ਹਾਸਲ ਕਰਨ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਧਾਰਾਵਾਂ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਖ਼ਤਰੇ ਦੀ ਘੰਟੀ! ਸੁਖਨਾ ਝੀਲ 'ਚ ਵਧਿਆ ਪਾਣੀ ਦਾ ਪੱਧਰ, ਖੋਲ੍ਹਿਆ ਗਿਆ ਫਲੱਡ ਗੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
