CM ਭਗਵੰਤ ਮਾਨ ਦੀ ਮਜੀਠੀਆ ਨੂੰ ਵੱਡੀ ਚੁਣੌਤੀ, 5 ਦਸੰਬਰ ਤੱਕ ਦਿੱਤਾ ਅਲਟੀਮੇਟਮ (ਵੀਡੀਓ)

Friday, Dec 01, 2023 - 01:41 PM (IST)

CM ਭਗਵੰਤ ਮਾਨ ਦੀ ਮਜੀਠੀਆ ਨੂੰ ਵੱਡੀ ਚੁਣੌਤੀ, 5 ਦਸੰਬਰ ਤੱਕ ਦਿੱਤਾ ਅਲਟੀਮੇਟਮ (ਵੀਡੀਓ)

ਚੰਡੀਗੜ੍ਹ : ਇੱਥੇ ਮਿਊਂਸੀਪਲ ਭਵਨ ਵਿਖੇ ਨਵੇਂ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡਣ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਿਰੋਧੀਆਂ 'ਤੇ ਰਗੜੇ ਲਾਏ ਗਏ। ਉਨ੍ਹਾਂ ਨੇ ਇਸ ਮੌਕੇ ਸੁਖਬੀਰ ਬਾਦਲ 'ਤੇ ਰਗੜੇ ਲਾਉਂਦਿਆਂ ਕਿਹਾ ਕਿ ਇਕ ਮੰਦਬੁੱਧੀ ਹੁੰਦਾ ਹੈ ਪਰ ਸੁਖਬੀਰ ਬਾਦਲ ਤਾਂ ਬੰਦਬੁੱਧੀ ਹੈ। ਬਿਕਰਮ ਸਿੰਘ ਮਜੀਠੀਆ 'ਤੇ ਨਿਸ਼ਾਨਾ ਵਿੰਨ੍ਹਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਭਾਰਤ 'ਚ 1957 ਦੀ ਵੋਟਿੰਗ ਮਗਰੋਂ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਅਗਵਾਈ 'ਚ ਇਕ ਵਫ਼ਦ ਅਰਬ ਦੇਸ਼ਾਂ ਦੇ ਦੌਰੇ 'ਤੇ ਗਿਆ। ਅਰਬ ਮੁਲਕ ਦੇ ਇਕ ਰਾਜੇ ਨੇ ਅਰਬੀ ਨਸਲ ਦੇ ਘੋੜੇ ਇਸ ਵਫ਼ਦ ਨੂੰ ਦਿੱਤੇ ਕਿਉਂਕਿ ਡਿਪਟੀ ਡਿਫੈਂਸ ਮਨਿਸਟਰ ਆਫ ਇੰਡੀਆ ਵੀ ਨਾਲ ਗਿਆ ਸੀ, ਜੋ ਕਿ ਮਜੀਠੀਆ ਦਾ ਪੁਰਖਾ ਸੁਰਜੀਤ ਸਿੰਘ ਮਜੀਠੀਆ ਸੀ।

ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਫਿਰ ਨਵਾਂ Alert ਜਾਰੀ, ਜਾਣੋ ਅਗਲੇ 24 ਘੰਟਿਆਂ ਦੌਰਾਨ ਕਿਹੋ ਜਿਹਾ ਰਹੇਗਾ

ਕਾਨੂੰਨ ਮੁਤਾਬਕ ਉਹ ਘੋੜੇ ਮੇਰਠ ਪੁੱਜਣੇ ਚਾਹੀਦੇ ਸੀ ਕਿਉਂਕਿ ਮੇਰਠ 'ਚ ਭਾਰਤ ਦੀ ਫ਼ੌਜ 'ਚ ਇਸਤੇਮਾਲ ਕਰਨ ਲਈ ਜਾਨਵਰਾਂ ਦੀ ਟ੍ਰੇਨਿੰਗ ਹੁੰਦੀ ਹੈ ਪਰ 2 ਮਹੀਨਿਆਂ ਬਾਅਦ ਉਸ ਅਰਬੀ ਰਾਜੇ ਨੇ ਅੰਬੈਸੀ 'ਚ ਫੋਨ ਕਰਕੇ ਪੁੱਛਿਆ ਕਿ ਘੋੜੇ ਕਿਵੇਂ ਹਨ। ਇਸ 'ਤੇ ਜਦੋਂ ਅਧਿਕਾਰੀ ਮੇਰਠ ਗਏ ਤਾਂ ਉਨ੍ਹਾਂ ਨੇ ਦੱਸਿਆ ਕਿ ਇੱਥੇ ਤਾਂ ਘੋੜੇ ਆਏ ਹੀ ਨਹੀਂ ਹਨ। ਇਸ ਗੱਲ 'ਤੇ ਉਸ ਰਾਜੇ ਨੇ ਤਤਕਾਲੀ ਪ੍ਰਧਾਨ ਮੰਤਰੀ ਨਾਲ ਨਾਰਾਜ਼ਗੀ ਜ਼ਾਹਰ ਕੀਤੀ ਤਾਂ ਉਨ੍ਹਾਂ ਨੇ ਸੁਰਜੀਤ ਸਿੰਘ ਮਜੀਠੀਆ ਦਾ ਅਸਤੀਫ਼ਾ ਮੰਗ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਵੀ ਜੇਕਰ ਕੋਈ ਸਰਦਾਰ ਵਿਅਕਤੀ ਮੇਰਠ ਚਲਾ ਜਾਂਦਾ ਹੈ ਤਾਂ ਲੋਕ ਕਹਿੰਦੇ ਹਨ ਕਿ ਘੋੜਾ ਚੋਰ ਆ ਗਏ। ਮਜੀਠੀਆ ਦੇ ਪਰਿਵਾਰ ਨੇ ਇਹ ਇੱਜ਼ਤ ਬਣਾਈ ਹੈ। ਮੁੱਖ ਮੰਤਰੀ ਨੇ ਬਿਕਰਮ ਮਜੀਠੀਆ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਮਜੀਠੀਆ ਨੂੰ 5 ਦਸੰਬਰ ਤੱਕ ਦਾ ਸਮਾਂ ਦਿੰਦੇ ਹਨ ਕਿ ਉਹ ਘੋੜੇ ਕਿੱਥੇ ਗਏ, ਇਸ ਬਾਰੇ ਦੱਸ ਦੇਵੇ, ਨਹੀਂ ਤਾਂ ਫਿਰ ਮੈਂ ਦੱਸਾਂਗਾ ਕਿਉਂਕਿ ਮੈਨੂੰ ਪਤਾ ਹੈ ਕਿ ਘੋੜੇ ਕਿੱਥੇ ਗਏ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਮੀਂਹ ਨੇ ਤੋੜੇ ਸਾਰੇ ਰਿਕਾਰਡ, ਸੰਘਣੀ ਧੁੰਦ ਦਾ ਅਲਰਟ ਜਾਰੀ

ਉਨ੍ਹਾਂ ਕਿਹਾ ਕਿ ਮਜੀਠੀਆ ਦੀ ਕੁਆਲੀਫਿਕੇਸ਼ਨ ਸਿਰਫ ਇੰਨੀ ਹੈ ਕਿ ਉਹ ਸੁਖਬੀਰ ਬਾਦਲ ਦਾ ਸਾਲਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀਆਂ ਕੋਲੋਂ ਇਹੀ ਨਹੀਂ ਜਰਿਆ ਜਾਂਦਾ ਕਿ ਸਤੌਜ ਪਿੰਡ ਦਾ ਆਮ ਘਰਾਂ ਦਾ ਮੁੰਡਾ ਮੁੱਖ ਮੰਤਰੀ ਦੀ ਕੁਰਸੀ 'ਤੇ ਕਿਵੇਂ ਬੈਠ ਗਿਆ। ਇਨ੍ਹਾਂ ਦੀ ਸਾਲੇ-ਜੀਜੇ ਦੀ ਆਪਸ 'ਚ ਹੀ ਨਹੀਂ ਬਣਦੀ ਕਿਉਂਕਿ ਘਰ ਪੰਗਾ ਪਿਆ ਹੋਇਆ ਹੈ। ਇਸ ਸਮਾਰੋਹ ਦੌਰਾਨ ਮੁੱਖ ਮੰਤਰੀ ਮਾਨ ਨੇ ਨੌਜਵਾਨਾਂ ਨੂੰ ਕਿਹਾ ਕਿ ਨਵੇਂ ਸਾਲ 'ਚ ਹੋਰ ਵੀ ਖ਼ੁਸ਼ਖ਼ਬਰੀਆਂ ਮਿਲਣਗੀਆਂ। ਲੋਕਾਂ ਦਾ ਪੈਸਾ ਲੁੱਟ ਕੇ ਵਿਰੋਧੀਆਂ ਨੇ ਜਿਹੜੀਆਂ ਜਾਇਦਾਦਾਂ ਬਣਾਈਆਂ ਹਨ, ਉਹ ਜਨਤਾ ਨੂੰ ਵਾਪਸ ਕਰਾਂਗੇ।

ਉਨ੍ਹਾਂ ਕਿਹਾ ਕਿ ਪੰਜਾਬ ਦਾ ਖਜ਼ਾਨਾ ਕਦੇ ਖ਼ਾਲੀ ਨਹੀਂ ਸੀ ਪਰ ਪਿਛਲੀਆਂ ਸਰਕਾਰਾਂ ਦੀ ਨੀਅਤ 'ਚ ਹੀ ਖੋਟ ਸੀ ਕਿਉਂਕਿ ਉਹ ਸਿਰਫ ਆਪਣੇ ਪਰਿਵਾਰਾਂ ਨੂੰ ਹੀ ਪੈਸੇ ਵੰਡਦੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਦੀ ਕੁਰਸੀ ਖ਼ਾਲੀ ਰਹਿਣੀ ਚਾਹੀਦੀ ਹੈ ਅਤੇ ਮੁੱਖ ਮੰਤਰੀ ਨੂੰ ਲੋਕਾਂ 'ਚ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਦਫ਼ਤਰਾਂ 'ਚ ਬੈਠ ਕੇ ਸਾਰੇ ਫ਼ੈਸਲੇ ਪੰਜਾਬ ਲਈ ਸਹੀ ਨਹੀਂ ਹੋ ਸਕਦੇ। ਇਸ ਦੇ ਲਈ ਪੰਜਾਬ ਦੇ ਲੋਕਾਂ 'ਚ ਜਾ ਕੇ ਦੇਖਣਾ ਪਵੇਗਾ। ਉਨ੍ਹਾਂ ਕਿਹਾ ਕਿ ਮੈਨੂੰ ਬਹੁਤ ਚੰਗਾ ਲੱਗਿਆ ਕਿ ਪਿੰਡਾਂ ਦੀਆਂ ਧੀਆਂ-ਭੈਣਾਂ, ਨੌਜਵਾਨ ਗੱਭਰੂ ਵਧੀਆ ਨੌਕਰੀਆਂ 'ਤੇ ਲੱਗ ਗਏ ਹਨ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News