''ਸੰਯੁਕਤ ਕਿਸਾਨ ਮੋਰਚੇ'' ਦਾ ਵੱਡਾ ਐਲਾਨ, ਭਲਕੇ ਮਨਾਇਆ ਜਾਵੇਗਾ ਕਾਲਾ ਦਿਨ, 14 ਮਾਰਚ ਨੂੰ ਮਹਾਂਪੰਚਾਇਤ (ਵੀਡੀਓ)

Thursday, Feb 22, 2024 - 07:25 PM (IST)

ਚੰਡੀਗੜ੍ਹ : ਖਨੌਰੀ ਬਾਰਡਰ 'ਤੇ 21 ਸਾਲਾ ਸ਼ੁਭਕਰਨ ਸਿੰਘ ਦੀ ਮੌਤ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਵੱਡਾ ਫ਼ੈਸਲਾ ਕੀਤਾ ਹੈ। ਮੋਰਚੇ ਦਾ ਕਹਿਣਾ ਹੈ ਕਿ ਪੂਰੇ ਦੇਸ਼ 'ਚ ਭਲਕੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਦੇ ਪੁਤਲੇ ਫੂਕੇ ਜਾਣਗੇ ਅਤੇ ਕਾਲਾ ਦਿਨ ਮਨਾਇਆ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਸ਼ੁਭਕਰਨ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਾ ਹੈ ਅਤੇ ਭਲਕੇ ਸਾਰੇ ਦੇਸ਼ 'ਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਭਲਕੇ ਅਮਿਤ ਸ਼ਾਹ, ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਅਨਿਜ ਵਿਜ ਦੇ ਪੁਤਲੇ ਫੂਕੇ ਜਾਣਗੇ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ ਲਏ ਗਏ ਵੱਡੇ ਫ਼ੈਸਲੇ, ਮੰਤਰੀ ਹਰਪਾਲ ਚੀਮਾ ਖ਼ੁਦ ਹੋਏ Live (ਵੀਡੀਓ)

ਇਸ ਮੌਕੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਹਰਿਆਣਾ ਦੀ ਪੁਲਸ ਨੇ ਪੰਜਾਬ ਦੇ ਇਲਾਕੇ 'ਚ ਆ ਕੇ ਗੋਲੀ ਚਲਾਈ ਅਤੇ ਸਾਡੇ ਟਰੈਕਟਰ ਤੋੜੇ, ਇਸ ਦੇ ਲਈ 302 ਦਾ ਪਰਚਾ ਦਰਜ ਕੀਤਾ ਜਾਵੇ। ਸੰਯੁਕਤ ਕਿਸਾਨ ਮੋਰਚੇ ਨੇ ਸ਼ੁਭਕਰਨ ਦੀ ਮੌਤ ਦੀ ਨਿਆਇਕ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਮੋਰਚੇ ਨੇ ਸ਼ੁਭਕਰਨ ਸਿੰਘ ਦੇ ਪਰਿਵਾਰ ਲਈ 1 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦੀ ਮੰਗ ਕੀਤੀ ਹੈ। ਰਾਜੇਵਾਲ ਨੇ ਕਿਹਾ ਕਿ 14 ਮਾਰਚ ਨੂੰ ਦਿੱਲੀ ਦੇ ਰਾਮ ਲੀਲਾ ਮੈਦਾਨ 'ਚ ਮਹਾਂਪੰਚਾਇਤ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਸ਼ੁਭਕਰਨ ਸਿੰਘ ਦੀ ਮੌਤ ਦਾ ਮਾਮਲਾ ਪੁੱਜਾ ਹਾਈਕੋਰਟ, ਹੰਝੂ ਗੈਸ ਦੇ ਗੋਲਿਆਂ ਤੇ ਪੈਲੇਟ ਗੰਨ 'ਤੇ ਚੁੱਕੇ ਸਵਾਲ (ਵੀਡੀਓ)

ਇਸ ਦੌਰਾਨ ਸਾਰੇ ਦੇਸ਼ ਦੇ ਕਿਸਾਨ ਦਿੱਲੀ ਪੁੱਜਣਗੇ ਅਤੇ ਉਕਤ ਰੈਲੀ 'ਚ ਸ਼ਾਮਲ ਹੋਣਗੇ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ 26 ਫਰਵਰੀ ਨੂੰ ਟਰੈਕਟਰ ਮਾਰਚ ਕੱਢਿਆ ਜਾਵੇਗਾ। ਇਸ ਦੌਰਾਨ ਇਕ ਸਾਈਡ ਦੇ ਨੈਸ਼ਨਲ ਅਤੇ ਸਟੇਟ ਹਾਈਵੇਅ ਖੁੱਲ੍ਹੇ ਰਹਿਣਗੇ ਤਾਂ ਜੋ ਆਉਂਦੇ-ਜਾਂਦੇ ਲੋਕ ਟਰੈਕਟਰ ਮਾਰਚ ਦੇਖ ਸਕਣ। ਉੁਨ੍ਹਾਂ ਕਿਹਾ ਕਿ ਅਸੀਂ ਟਰੈਕਟਰ ਲੈ ਕੇ ਦਿੱਲੀ ਵੀ ਜਾ ਸਕਦੇ ਹਾਂ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਇਹ ਜੋ ਕੁੱਝ ਵੀ ਕਿਸਾਨਾਂ ਨਾਲ ਹੋ ਰਿਹਾ ਹੈ, ਇਸ ਦੇ ਪਿੱਛੇ ਦੇਸ਼ ਦੇ ਗ੍ਰਹਿ ਮੰਤਰੀ ਦਾ ਹੱਥ ਹੈ।

ਇਸ ਲਈ ਸੰਯੁਕਤ ਕਿਸਾਨ ਮੋਰਚਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਅਸਤੀਫ਼ੇ ਦੀ ਮੰਗ ਕਰਦਾ ਹੈ। ਉਨ੍ਹਾਂ ਨੇ ਕਿਸਾਨਾਂ ਦੇ ਖ਼ਿਲਾਫ਼ ਤਾਨਾਸ਼ਾਹ ਜੰਗ ਦਾ ਐਲਾਨ ਕੀਤਾ ਹੈ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਸੱਤਾ 'ਤੇ ਬਿਠਾਇਆ, ਉਨ੍ਹਾਂ 'ਤੇ ਹੀ ਤੁਸੀਂ ਅੱਤਿਆਚਾਰ ਕਰ ਰਹੇ ਹੋ। ਆਗੂਆਂ ਨੇ ਕਿਹਾ ਕਿ 26 ਤਾਰੀਖ਼ ਨੂੰ ਅੰਮ੍ਰਿਤਸਰ ਤੋਂ ਨਿਕਲ ਕੇ ਟੈਰਕਟਰ ਸ਼ੰਭੂ ਬਾਰਡਰ ਤੱਕ ਲਿਜਾਣ ਦਾ ਪ੍ਰੋਗਰਾਮ ਹੈ। ਆਗੂਆਂ ਨੇ ਸ਼ੁਭਕਰਨ ਸਿੰਘ 'ਤੇ ਚੜ੍ਹਿਆ ਹੋਇਆ ਕਰਜ਼ਾ ਵੀ ਮੁਆਫ਼ ਕਰਨ ਦੀ ਮੰਗ ਕੀਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

 


Babita

Content Editor

Related News