ਸੂਬੇ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ
Saturday, Dec 03, 2022 - 07:08 PM (IST)
ਚੰਡੀਗੜ੍ਹ/ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਬੋਰਡ ਪ੍ਰੀਖਿਆ 2023 ਵਿਚ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਤੋਂ ਬੇਹਤਰੀਨ ਨਤੀਜੇ ਹਾਂਸਲ ਕਰਨ ਦੇ ਉਦੇਸ਼ ਨਾਲ ਸੂਬੇ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ‘ਮਿਸ਼ਨ-100% ਗਿਵ ਯੂਅਰ ਬੈਸਟ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦਾ ਉਦੇਸ਼ ਅਗਲੇ ਸਾਲ ਹੋਣ ਵਾਲੀਆਂ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਕੇ ਸ਼ਾਨਦਾਰ ਨਤੀਜੇ ਹਾਸਿਲ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਮਨਾਂ ਵਿਚੋਂ ਪ੍ਰੀਖਿਆ ਦੇ ਭੈਅ ਨੂੰ ਖਤਮ ਕਰਕੇ ਭਵਿੱਖ ਦੇ ਵਧੀਆ ਨਾਗਰਿਕਾਂ ਵਜੋਂ ਤਿਆਰ ਕਰਨਾ ਹੈ। ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਇਥੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਟੀਮ ਸਮੇਤ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਯੂਟਿਊਬ ਅਤੇ ਐਜੂਸੈੱਟ ਦੇ ਲਾਈਵ ਪ੍ਰੋਗਰਾਮ ਰਾਹੀਂ ਪੰਜਾਬ ਦੇ ਲੱਖਾਂ ਲੋਕਾਂ ਦੇ ਰੂ-ਬ-ਰੂ ਹੋਏ, ਜਿਸ ਦੌਰਾਨ ਉਨ੍ਹਾਂ ਭਵਿੱਖ ਦੀਆਂ ਯੋਜਨਾਵਾਂ ਵੀ ਸਾਂਝੀਆਂ ਕੀਤੀਆਂ।
ਇਹ ਵੀ ਪੜ੍ਹੋ : ਆਟਾ-ਦਾਲ ਸਕੀਮ ਵਾਲੇ ਕਾਰਡ ਧਾਰਕਾਂ ਨੂੰ ਲੱਗ ਸਕਦੈ ਝਟਕਾ, ਵੱਡੀ ਕਾਰਵਾਈ ਦੀ ਤਿਆਰੀ ’ਚ ਪੰਜਾਬ ਸਰਕਾਰ
ਇਸ ਮੌਕੇ ਬੋਲਦਿਆਂ ਬੈਂਸ ਨੇ ਕਿਹਾ ਕਿ ਅੱਜ ਦੇ ਸਕੂਲੀ ਵਿਦਿਆਰਥੀ ਹੀ ਪੰਜਾਬ ਦਾ ਭਵਿੱਖ ਹਨ ਅਤੇ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਨੇ ਹੀ ਪੰਜਾਬ ਅਤੇ ਦੇਸ਼ ਦੀ ਵਾਗਡੋਰ ਸਾਂਭਣੀ ਹੈ। ਉਨ੍ਹਾਂ ਕਿਹਾ ਪੰਜਾਬ ਦੀ ਸਕੂਲ ਸਿੱਖਿਆ ਨੂੰ ਰੌਚਿਕ ਅਤੇ ਸਮੇਂ ਦੇ ਹਾਣ ਦੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਕਿ ਜਿਨ੍ਹਾਂ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹੱਲਾਸ਼ੇਰੀ ਰਾਹੀਂ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਪ੍ਰੇਰਿਤ ਕਰਨਾ ਹੈ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ, ਅੱਠਵੀ, ਦਸਵੀਂ ਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਦੀਆਂ ਤਾਰੀਖ਼ਾਂ ਦਾ ਐਲਾਨ
‘ਮਿਸ਼ਨ-100%: ਗਿਵ ਯੂਅਰ ਬੈਸਟ’ ਮੁਹਿੰਮ ਅਧੀਨ ਬੋਰਡ ਦੀ ਕਲਾਸ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਤਿੰਨ ਗਰੁੱਪ ਬਣਾਏ ਜਾਣਗੇ ਜਿਨ੍ਹਾਂ ਵਿਚੋਂ ਪਹਿਲੇ ਗਰੁੱਪ ਵਿਚ 40% ਤੋਂ ਘੱਟ ਅੰਕ ਲੈਣ ਵਾਲੇ, ਦੂਜੇ ਵਿਚ 40% ਤੋਂ 80% ਅੰਕ ਲੈਣ ਵਾਲੇ ਅਤੇ ਤੀਜੇ ਗਰੁੱਪ ਵਿਚ 80% ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਦੀ ਹਰ ਹਫਤੇ ਕਾਰਗੁਜ਼ਾਰੀ ਦਾ ਮੁਲਾਂਕਨ ਕੀਤਾ ਜਾਵੇਗਾ। ਪੜ੍ਹਾਈ ਵਿਚ ਕਮਜ਼ੋਰ ਅਤੇ ਹੁਸ਼ਿਆਰ ਵਿਦਿਆਰਥੀਆਂ ਦੇ ਬੱਡੀ ਗਰੁੱਪ ਬਣਾਏ ਜਾਣਗੇ। ਮਿਸ਼ਨ ਦੀ ਪ੍ਰਾਪਤੀ ਲਈ ਅਧਿਆਪਕ ਆਪਣੀ ਸੁਵਿਧਾ ਅਨੁਸਾਰ ਜ਼ੀਰੋ ਪੀਰੀਅਡ ਜਾਂ ਸਕੂਲ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿਚ ਵਿਸ਼ੇਸ਼ ਕਲਾਸਾਂ ਲਗਾ ਕੇ ਪੜ੍ਹਾਈ ਕਰਵਾਉਣਗੇ। ਸਿੱਖਿਆ ਮੰਤਰੀ ਅਨੁਸਾਰ ਇਸ ਮਿਸ਼ਨ ਨੂੰ ਵਧੀਆ ਤਰੀਕੇ ਨਾਲ ਲਾਗੂ ਕਰਕੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਉਹ ਪ੍ਰਸ਼ੰਸਾ ਪੱਤਰ ਵੀ ਦੇਣਗੇ। ਇਸ ਮੌਕੇ ਡੀ.ਜੀ . ਐੱਸ. ਈ. ਵਰਿੰਦਰ ਕੁਮਾਰ ਸ਼ਰਮਾ, ਡੀ.ਪੀ.ਆਈ. ਤੇਜਦੀਪ ਸਿੰਘ ਸੈਣੀ, ਡਾਇਰੈਕਟਰ ਐੱਸ. ਸੀ. ਈ. ਆਰ. ਟੀ. ਡਾ. ਮਨਿੰਦਰ ਸਿੰਘ ਸਰਕਾਰੀਆ ਅਤੇ ਇਸ ਮੁਹਿੰਮ ਦੇ ਨੋਡਲ ਅਫਸਰ ਬਲਵਿੰਦਰ ਸਿੰਘ ਸੈਣੀ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਅਮਰੀਕਾ ’ਚ ਡਿਟੇਨ ਕੀਤੇ ਗੈਂਗਸਟਰ ਗੋਲਡੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ
ਸਿੱਖਿਆ ਮੰਤਰੀ ਨੇ ਖੁਦ ਸੰਭਾਲੀ ਮੁਹਿੰਮ ਦੀ ਕਮਾਨ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਵਾਰ ਖੁਦ ‘ਮਿਸ਼ਨ-100% ਗਿਵ ਯੂਅਰ ਬੈਸਟ’ ਮੁਹਿੰਮ ਦੀ ਕਮਾਨ ਸੰਭਾਲੀ ਹੋਈ ਹੈ। ਬੈਂਸ ਨੇ ਇਸ ਮੁਹਿੰਮ ਦੇ ਟੀਚੇ ਅਤੇ ਗਾਈਡਲਾਈਨਜ਼ ਆਪ ਤਿਆਰ ਕੀਤੇ ਹਨ। ਇਥੇ ਹੀ ਬਸ ਨਹੀਂ ਇਸ ਮੁਹਿੰਮ ਦਾ ਲੋਗੋ ਵੀ ਉਨ੍ਹਾਂ ਕੁਦ ਡਿਜ਼ਾਈਨ ਕਰਵਾਇਆ ਹੈ।
ਇਹ ਵੀ ਪੜ੍ਹੋ : ਜਿੱਥੇ ਵੱਜ ਰਹੀਆਂ ਸੀ ਸ਼ਹਿਨਾਈਆਂ ਉਸੇ ਘਰ ਪਏ ਮੌਤ ਦੇ ਵੈਣ, ਵਿਆਹ ਤੋਂ 10 ਦਿਨ ਬਾਅਦ ਲਾੜੇ ਦੀ ਹੋਈ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।