ਚਾਈਨਾ ਡੋਰ ਖ਼ਿਲਾਫ਼ ਪੰਜਾਬ ਪੁਲਸ ਦੀ ਵੱਡੀ ਕਾਰਵਾਈ, 56 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

Monday, Jan 30, 2023 - 06:04 PM (IST)

ਚਾਈਨਾ ਡੋਰ ਖ਼ਿਲਾਫ਼ ਪੰਜਾਬ ਪੁਲਸ ਦੀ ਵੱਡੀ ਕਾਰਵਾਈ, 56 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੰਥੈਟਿਕ ਸਮੱਗਰੀ ਨਾਲ ਬਣੀ ਚਾਈਨਾ ਡੋਰ ਦੀ ਵਿੱਕਰੀ, ਭੰਡਾਰਨ ਅਤੇ ਖਰੀਦ ’ਤੇ ਪਾਬੰਦੀ ਲਗਾਉਣ ਦੇ ਹੁਕਮਾਂ ਤੋਂ ਇਕ ਹਫ਼ਤੇ ਉਪਰੰਤ ਪੰਜਾਬ ਪੁਲਸ ਨੇ ਪਤੰਗ ਉਡਾਉਣ ਲਈ ਵਰਤੀ ਜਾਣ ਵਾਲੀ ਇਸ ਘਾਤਕ ਡੋਰ ਵਿਰੁੱਧ ਜਾਰੀ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਚਾਈਨਾ ਡੋਰ ਵੇਚਣ ਵਾਲਿਆਂ ਵਿਰੁੱਧ ਕੀਤੀ ਕਾਰਵਾਈ ਬਾਰੇ ਹਫ਼ਤਾਵਾਰੀ ਵੇਰਵੇ ਸਾਂਝੇ ਕਰਦਿਆਂ ਆਈ. ਜੀ. ਪੀ. ਨੇ ਦੱਸਿਆ ਕਿ ਪੰਜਾਬ ਪੁਲਸ ਨੇ 50 ਐੱਫ. ਆਈ. ਆਰਜ਼. ਦਰਜ ਕਰਕੇ ਚਾਈਨਾ ਡੋਰ ਦੇ 1502 ਬੰਡਲ ਜ਼ਬਤ ਕੀਤੇ ਅਤੇ ਇਸ ਡੋਰ ਨੂੰ ਵੇਚਣ ਵਿਚ ਸ਼ਾਮਲ 56 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਚਾਈਨਾ ਡੋਰ ਵਿਰੁੱਧ ਮੁਹਿੰਮ ਸ਼ੁਰੂ ਕਰਨ ਉਪਰੰਤ ਪੰਜਾਬ ਪੁਲਸ ਨੇ 19 ਦਸੰਬਰ, 2022 ਤੋਂ ਹੁਣ ਤੱਕ 284 ਐੱਫ. ਆਈ. ਆਰਜ਼. ਦਰਜ ਕਰਕੇ ਚਾਈਨਾ ਡੋਰ ਦੇ ਕੁੱਲ 12866 ਬੰਡਲ ਜ਼ਬਤ ਕੀਤੇ ਅਤੇ 311 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਅਨੁਸਾਰ ਪੰਜਾਬ ਪੁਲਸ ਚਾਈਨਾ ਡੋਰ ਨੂੰ ਖਰੀਦਣ/ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰੇਗੀ। ਜ਼ਿਕਰਯੋਗ ਹੈ ਕਿ ਸੂਬੇ ਦੇ ਸਾਰੇ ਐੱਸ. ਐੱਚ. ਓਜ਼ ਨੂੰ ਛਾਪੇਮਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਕੋਈ ਵੀ ਚਾਈਨਾ ਡੋਰ ਨਾ ਵੇਚ ਸਕੇ।


author

Gurminder Singh

Content Editor

Related News