ਮਹਾਦੇਵ ਐਪ ਮਾਮਲੇ ’ਚ ਵੱਡੀ ਕਾਰਵਾਈ, ਮੁੰਬਈ ਪੁਲਸ ਨੇ ਕ੍ਰਾਈਮ ਬ੍ਰਾਂਚ ਨੂੰ ਸ਼ਿਫਟ ਕੀਤਾ ਕੇਸ

Friday, Nov 24, 2023 - 02:20 PM (IST)

ਮਹਾਦੇਵ ਐਪ ਮਾਮਲੇ ’ਚ ਵੱਡੀ ਕਾਰਵਾਈ, ਮੁੰਬਈ ਪੁਲਸ ਨੇ ਕ੍ਰਾਈਮ ਬ੍ਰਾਂਚ ਨੂੰ ਸ਼ਿਫਟ ਕੀਤਾ ਕੇਸ

ਜਲੰਧਰ (ਵਿਸ਼ੇਸ਼)–15,000 ਕਰੋੜ ਰੁਪਏ ਦੇ ਮਹਾਦੇਵ ਐਪ ਮਾਮਲੇ ’ਚ ਮਹਾਰਾਸ਼ਟਰ ਪੁਲਸ ਨੇ ਸਖ਼ਤ ਕਦਮ ਚੁੱਕਿਆ ਹੈ। ਜਾਣਕਾਰੀ ਅਨੁਸਾਰ ਮੁੰਬਈ ਪੁਲਸ ਨੇ ਇਹ ਕੇਸ ਕ੍ਰਾਈਮ ਬ੍ਰਾਂਚ ਨੂੰ ਸ਼ਿਫਟ ਕਰ ਦਿੱਤਾ ਹੈ। ਮਾਮਲੇ ’ਚ ਦਰਜ ਕੀਤੀ ਗਈ ਐੱਫ਼. ਆਈ. ਆਰ. ਤਹਿਤ ਕੁਲ 32 ਵਿਅਕਤੀਆਂ ਦੇ ਨਾਂ ਹਨ, ਜਿਨ੍ਹਾਂ ਵਿਚ ਸੌਰਵ ਚੰਦਰਾਕਰ, ਰਵੀ ਉੱਪਲ ਅਤੇ ਸ਼ੁਭਮ ਸੋਨੀ ਦੇ ਨਾਲ-ਨਾਲ ਜਲੰਧਰ ਦੇ ਰੀਅਲ ਅਸਟੇਟ ਕਾਰੋਬਾਰੀ ਚੰਦਰ ਅਗਰਵਾਲ ਦਾ ਵੀ ਨਾਂ ਸ਼ਾਮਲ ਹੈ।

ਇਸ ਮਾਮਲੇ ’ਚ ਈ. ਡੀ. ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਗ੍ਰਿਫ਼ਤਾਰ ਕੀਤੇ ਗਏ ਅਸੀਮ ਦਾਸ ਨੇ ਕੁਝ ਖ਼ੁਲਾਸੇ ਕੀਤੇ ਹਨ। ਉਸ ਨੇ ਈ. ਡੀ. ਦੇ ਡਾਇਰੈਕਟਰ ਨੂੰ ਚਿੱਠੀ ਲਿਖ ਕੇ ਈ. ਡੀ. ਦੇ ਅਧਿਕਾਰੀਆਂ ਖਿਲਾਫ ਜਾਂਚ ਦੀ ਮੰਗ ਕੀਤੀ ਹੈ। ਦਾਸ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਸ਼ੁਭਮ ਸੋਨੀ ਅਤੇ ਈ. ਡੀ. ਦੇ ਅਧਿਕਾਰੀਆਂ ਨੇ ਫਸਾਇਆ ਹੈ। ਵਰਣਨਯੋਗ ਹੈ ਕਿ ਅਸੀਮ ਦਾਸ ਨੂੰ ਕੋਰੀਅਰ ਬੁਆਏ ਦੇ ਤੌਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਈ. ਡੀ. ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਗ੍ਰਿਫ਼ਤਾਰ ਕਰਨ ਦੌਰਾਨ ਉਸ ਪਾਸੋਂ 15 ਕਰੋੜ ਰੁਪਏ ਬਰਾਮਦ ਕੀਤੇ ਗਏ। ਮਹਾਦੇਵ ਐਪ ਮਾਮਲੇ ’ਚ ਜਲੰਧਰ ਦੇ ਕਥਿਤ ਬਿਲਡਰ ਚੰਦਰ ਅਗਰਵਾਲ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਉਸ ਵੱਲੋਂ ਪਿਛਲੇ ਕੁਝ ਸਾਲਾਂ ਦੌਰਾਨ ਖ਼ਰੀਦੀ ਗਈ ਪ੍ਰਾਪਰਟੀ ਸਬੰਧੀ ਇਕ ਤੋਂ ਬਾਅਦ ਇਕ ਲਗਾਤਾਰ ਖ਼ੁਲਾਸੇ ਹੋ ਰਹੇ ਹਨ। ਇਨ੍ਹਾਂ ਵਿਚ ਕੁਝ ਪ੍ਰਾਪਰਟੀ ਵਿਦੇਸ਼ ’ਚ ਦੱਸੀ ਜਾ ਰਹੀ ਹੈ ਅਤੇ ਜਲੰਧਰ, ਚੰਡੀਗੜ੍ਹ, ਮੋਹਾਲੀ, ਦਿੱਲੀ ਅਤੇ ਗੁੜਗਾਓਂ ਤੋਂ ਬਾਅਦ ਲੁਧਿਆਣਾ ਦਾ ਨਾਂ ਸਭ ਤੋਂ ਵੱਧ ਚਰਚਾ ਵਿਚ ਆ ਗਿਆ ਹੈ, ਜਿੱਥੇ ਚੰਦਰ ਅਗਰਵਾਲ ਵਲੋਂ ਮੈਚ ਫਿਕਸਿੰਗ ਦੀ ਕਾਲੀ ਕਮਾਈ ਰਾਹੀਂ ਖ਼ਰੀਦੀ ਗਈ ਕਰੋੜਾਂ ਰੁਪਿਆਂ ਦੀ ਪ੍ਰਾਪਰਟੀ ਅਤੇ ਫਿਰੋਜ਼ਪੁਰ ਰੋਡ, ਪੱਖੋਵਾਲ ਰੋਡ, ਲਾਡੋਵਾਲ ਬਾਈਪਾਸ, ਗਲਾਡਾ ਅਸਟੇਟ ਪ੍ਰਾਜੈਕਟ ਲਈ ਮਾਰਕ ਕੀਤੀ ਗਈ ਜ਼ਮੀਨ ਸਾਹਮਣੇ ਆਈ ਹੈ। ਇਨ੍ਹਾਂ ਵਿਚ ਖੇਤੀਬਾੜੀ ਜ਼ਮੀਨ ਦੇ ਨਾਲ ਹੀ ਗਰੁੱਪ ਹਾਊਸਿੰਗ ਅਤੇ ਕਮਰਸ਼ੀਅਲ ਪ੍ਰਾਜੈਕਟ ਸ਼ਾਮਲ ਹਨ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ਼੍ਰੀ ਅਕਾਲ ਬੁੰਗਾ 'ਚ ਹਟਾਈ ਗਈ ਪੁਲਸ ਫੋਰਸ, ਹਾਲਾਤ ਹੋਏ ਆਮ

ਕੁਝ ਥਾਵਾਂ ਦੀ ਕੀਮਤ 10 ਕਰੋੜ ਰੁਪਏ ਪ੍ਰਤੀ ਏਕੜ ਜਾਂ ਡੇਢ ਤੋਂ 2 ਲੱਖ ਰੁਪਏ ਪ੍ਰਤੀ ਗਜ਼ ਤੋਂ ਵੀ ਵੱਧ ਹੈ, ਜਿਨ੍ਹਾਂ ਦੀ ਰਜਿਸਟ੍ਰੇਸ਼ਨ ਲਈ ਕਰੋੜਾਂ ਰੁਪਿਆਂ ਦਾ ਨਕਦ ਭੁਗਤਾਨ ਕੁਝ ਹੀ ਦਿਨਾਂ ਵਿਚ ਹੋਣ ਤੋਂ ਬਾਅਦ ਸਾਈਟ ’ਤੇ ਕੰਸਟ੍ਰਕਸ਼ਨ ਦਾ ਕੰਮ ਵੀ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਵਿਚਾਲੇ ਇਹ ਗੱਲ ਸਾਹਮਣੇ ਆਈ ਹੈ ਕਿ ਸਾਊਥ ਸਿਟੀ ਏਰੀਆ ’ਚ ਨਹਿਰ ਕੰਢੇ ਸਥਿਤ ਇਕ ਹੋਰ ਕੰਪਲੈਕਸ ’ਤੇ ਵੀ ਚੰਦਰ ਅਗਰਵਾਲ ਦਾ ਪੈਸਾ ਲੱਗਾ ਹੋਇਆ ਹੈ। ਇਨ੍ਹਾਂ ਵਿਚੋਂ ਪਹਿਲਾ ਕੰਪਲੈਕਸ ਬਾੜੇਵਾਲ ਵੱਲ ਜਾਣ ਵਾਲੇ ਸੂਏ ਦੇ ਕੰਢੇ ’ਤੇ ਪੁਸ਼ਪ ਵਿਹਾਰ ਦੀ ਜਗ੍ਹਾ ’ਤੇ ਬਣ ਰਿਹਾ ਹੈ, ਜਦੋਂਕਿ ਦੂਜਾ ਮਲਟੀਸਟੋਰੀ ਕੰਪਲੈਕਸ ਐੱਫ. 2 ਰੇਸਵੇਅ ਦੇ ਨਾਲ ਬਣਾਇਆ ਗਿਆ ਹੈ ਜਿੱਥੇ ਕਲੱਬ ਤੇ ਰੈਸਟੋਰੈਂਟ ਦੇ ਨਾਲ ਡਿਸਕੋ ਵੀ ਖੋਲ੍ਹਿਆ ਜਾ ਰਿਹਾ ਹੈ। ਇੱਥੇ ਚੰਦਰ ਅਗਰਵਾਲ ਦਾ ਬੇਨਾਮੀ ਪੈਸਾ ਲੱਗਾ ਹੋਣ ਦੀ ਗੱਲ ਕਹੀ ਜਾ ਰਹੀ ਹੈ।

ਨਿਗਮ ਤੋਂ ਰੈਗੂਲਰ ਕਰਵਾਈ ਗਈ ਹੈ ਗਲਾਡਾ ਦੇ ਏਰੀਏ ’ਚ ਗੈਰ-ਕਾਨੂੰਨੀ ਤੌਰ ’ਤੇ ਬਣੀ ਬਿਲਡਿੰਗ
ਲੁਧਿਆਣਾ ਦੇ ਸਾਊਥ ਸਿਟੀ ਏਰੀਏ ਵਿਚ ਨਹਿਰ ਕੰਢੇ ਜਿਨ੍ਹਾਂ ਬਿਲਡਿੰਗਾਂ ’ਤੇ ਚੰਦਰ ਅਗਰਵਾਲ ਦਾ ਪੈਸਾ ਲੱਗਾ ਹੋਣ ਦੀ ਗੱਲ ਸਾਹਮਣੇ ਆਈ ਹੈ, ਉਨ੍ਹਾਂ ਦੀ ਉਸਾਰੀ ’ਚ ਨਿਯਮਾਂ ਦੀ ਖੁੱਲ੍ਹ ਕੇ ਉਲੰਘਣਾ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚ ਬਾੜੇਵਾਲ ਰੋਡ ਸੂਏ ਦੇ ਕੰਢੇ ’ਤੇ ਪੁਸ਼ਪ ਵਿਹਾਰ ਦੀ ਜਗ੍ਹਾ ’ਤੇ ਸਥਿਤ ਬਿਲਡਿੰਗ ਬਣਾਉਣ ਲਈ ਐੱਸ. ਸੀ. ਓ. ਦਾ ਨਕਸ਼ਾ ਪਾਸ ਕਰਾਉਣ ਤੋਂ ਬਾਅਦ ਹੁਣ ਕੰਪਲੈਕਸ ਬਣਾਇਆ ਜਾ ਰਿਹਾ ਹੈ ਜਿੱਥੇ ਸਿੰਚਾਈ ਵਿਭਾਗ ਦੀ ਜ਼ਮੀਨ ਨੂੰ ਕਵਰ ਕਰਨ ਬਾਰੇ ਪਤਾ ਲੱਗਾ ਹੈ। ਇਸ ਤੋਂ ਇਲਾਵਾ ਐੱਫ਼. 2 ਰੇਸਵੇਅ ਦੇ ਨਾਲ ਜਿਹੜੀ ਬਿਲਡਿੰਗ ਬਣਾਈ ਗਈ ਹੈ, ਉਹ ਗਲਾਡਾ ਦੇ ਏਰੀਏ ਵਿਚ ਸਥਿਤ ਹੈ ਅਤੇ ਪਲਾਟ ਨੂੰ ਸੜਕ ਦੀ ਚੌੜਾਈ ਵਧਾਉਣ ਲਈ ਮਾਰਕ ਕੀਤਾ ਗਿਆ ਹੈ ਪਰ ਗਲਾਡਾ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਬਿਨਾਂ ਮਨਜ਼ੂਰੀ ਦੇ ਬਣ ਰਹੀ ਬਿਲਡਿੰਗ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਦੀ ਆੜ ’ਚ ਬਿਲਡਿੰਗ ਦੇ ਮਾਲਕ ਨੇ ਨਗਰ ਨਿਗਮ ਜ਼ੋਨ ਡੀ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰ ਕੇ ਪਹਿਲਾਂ ਚਲਾਨ ਕਟਵਾ ਲਿਆ ਅਤੇ ਫਿਰ ਗਲਤ ਢੰਗ ਨਾਲ ਫੀਸ ਜਮ੍ਹਾ ਕਰਵਾ ਦਿੱਤੀ ਗਈ ਜਿਸ ਦੇ ਲਈ ਜ਼ੋਨ ਡੀ ਦੇ ਬਿਲਡਿੰਗ ਇੰਸਪੈਕਟਰ ਕਮਲ ਵਲੋਂ ਨਗਰ ਨਿਗਮ ਕਮਿਸ਼ਨਰ ਦੀ ਮਨਜ਼ੂਰੀ ਤੋਂ ਬਿਨਾਂ ਮੈਨੁਅਲ ਰਸੀਦ ਦੇ ਨਾਲ ਐੱਨ. ਓ. ਸੀ. ਵੀ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਸ਼ਿਕਾਇਤ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਲੋਕਲ ਬਾਡੀ ਮੰਤਰੀ, ਪ੍ਰਿੰਸੀਪਲ ਸੈਕ੍ਰੇਟਰੀ, ਡਾਇਰੈਕਟਰ ਤੇ ਚੀਫ ਵਿਜੀਲੈਂਸ ਅਫਸਰ ਕੋਲ ਪਹੁੰਚ ਚੁੱਕੀ ਹੈ ਪਰ ਇਹ ਖੁਲਾਸਾ ਹੋਣ ਤੋਂ ਕਾਫੀ ਦੇਰ ਬਾਅਦ ਵੀ ਨਗਰ ਨਿਗਮ ਤੇ ਗਲਾਡਾ ਦੇ ਅਧਿਕਾਰੀਆਂ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।

ਇਹ ਵੀ ਪੜ੍ਹੋ: ਜਲੰਧਰ 'ਚ ਵਾਪਰਿਆ ਰੂਹ ਕੰਬਾਊ ਹਾਦਸਾ, ਕਾਰ ਤੇ ਆਟੋ ਦੀ ਜ਼ਬਰਦਸਤ ਟੱਕਰ, ਵਾਹਨਾਂ ਦੇ ਉੱਡੇ ਪਰਖੱਚੇ

ਅੰਡਰਗਰਾਊਂਡ ਹੋਏ ਰੀਅਲ ਅਸਟੇਟ ਸੈਕਟਰ ’ਚ ਮੈਚ ਫਿਕਸਿੰਗ ਦੀ ਕਾਲੀ ਕਮਾਈ ਐਡਜਸਟ ਕਰਨ ਵਾਲੇ ਪਿਆਦੇ
ਮਹਾਦੇਵ ਐਪ ਮਾਮਲੇ ’ਚ ਚੰਦਰ ਅਗਰਵਾਲ ਦੇ ਨਾਲ ਮੈਚ ਫਿਕਸਿੰਗ ਦੇ ਇੰਟਰਨੈਸ਼ਨਲ ਰੈਕੇਟ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਪੰਜਾਬ ਦੇ ਹੋਰ ਲੋਕਾਂ ਦੇ ਨਾਂ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਉਹ ਪਿਆਦੇ ਅੰਡਰਗਰਾਊਂਡ ਹੋ ਗਏ ਹਨ, ਜੋ ਰੀਅਲ ਅਸਟੇਟ ਸੈਕਟਰ ’ਚ ਮੈਚ ਫਿਕਸਿੰਗ ਦੀ ਕਾਲੀ ਕਮਾਈ ਐਡਜਸਟ ਕਰ ਰਹੇ ਸਨ। ਇਨ੍ਹਾਂ ਵਿਚ ਜਲੰਧਰ ਤੇ ਬੀ. ਆਰ. ਐੱਸ. ਨਗਰ ’ਚ ਰਹਿਣ ਵਾਲੇ ਇਕ ਡੀਲਰ ਦਾ ਨਾਂ ਮੁੱਖ ਤੌਰ ’ਤੇ ਚਰਚਾ ਵਿਚ ਹੈ ਜਿਸ ਨੇ ਪਿਛਲੇ ਕੁਝ ਸਾਲਾਂ ’ਚ ਚੰਦਰ ਅਗਰਵਾਲ ਨੂੰ ਲੁਧਿਆਣਾ ’ਚ ਕਾਫੀ ਪ੍ਰਾਪਰਟੀ ਖ਼ਰੀਦ ਕੇ ਦਿੱਤੀ ਹੈ। ਇਹ ਡੀਲਰ ਹੀ ਪ੍ਰਾਪਰਟੀ ਨੂੰ ਖਰੀਦਣ ਤੋਂ ਲੈ ਕੇ ਬਣਾਉਣ ਤੇ ਵੇਚਣ ਦਾ ਕੰਮ ਫਰੰਟ ’ਤੇ ਰਹਿ ਕੇ ਕਰ ਰਿਹਾ ਹੈ। ਇੱਥੋਂ ਤਕ ਕਿ ਚੰਦਰ ਅਗਰਵਾਲ ਦੀਆਂ ਕੁਝ ਪ੍ਰਾਪਰਟੀਜ਼ ਵੀ ਇਸ ਡੀਲਰ ਦੇ ਨਾਂ ’ਤੇ ਲਈਆਂ ਗਈਆਂ ਹਨ, ਜੋ ਮਹਾਦੇਵ ਐਪ ਦੇ ਮਾਮਲੇ ’ਚ ਚੰਦਰ ਅਗਰਵਾਲ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਸਾਈਡ ’ਤੇ ਹੋ ਗਿਆ ਹੈ ਅਤੇ ਕਿਸੇ ਦੇ ਫੋਨ ਵੀ ਨਹੀਂ ਚੁੱਕ ਰਿਹਾ।

ਨੇਤਾਵਾਂ ਤੇ ਅਧਿਕਾਰੀਆਂ ’ਤੇ ਵੀ ਹੈ ਏਜੰਸੀਆਂ ਦੀ ਤਿੱਖੀ ਨਜ਼ਰ
ਮਹਾਦੇਵ ਐਪ ਮਾਮਲੇ ’ਚ ਈ. ਡੀ. ਵਲੋਂ ਜੋ ਕਾਰਵਾਈ ਕੀਤੀ ਗਈ ਹੈ, ਉਸ ਦੇ ਸ਼ੁਰੂਆਤੀ ਦੌਰ ’ਚ ਛੱਤੀਸਗੜ੍ਹ ਦੇ ਮੁੱਖ ਮੰਤਰੀ ਦਾ ਨਾਂ ਹੈ। ਇਸ ਮਾਮਲੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੱਡੀ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਗਈ ਹੈ। ਜਾਣਕਾਰੀ ਮੁਤਾਬਕ ਮੈਚ ਫਿਕਸਿੰਗ ਦੇ ਕਈ ਹਜ਼ਾਰ ਕਰੋੜ ਰੁਪਏ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਦਾ ਦੁਬਈ ਕੁਨੈਕਸ਼ਨ ਹੋਣ ਦੇ ਮੱਦੇਨਜ਼ਰ ਐੱਨ. ਆਈ. ਏ. ਵਲੋਂ ਵੀ ਮਾਮਲੇ ’ਚ ਦਖਲ ਦਿੱਤਾ ਜਾ ਸਕਦਾ ਹੈ। ਇਸ ਦੌਰਾਨ ਏਜੰਸੀਆਂ ਦੀ ਨਜ਼ਰ ਉਨ੍ਹਾਂ ਨੇਤਾਵਾਂ ਤੇ ਅਧਿਕਾਰੀਆਂ ’ਤੇ ਵੀ ਹੈ ਜਿਨ੍ਹਾਂ ਨੂੰ ਚੰਦਰ ਅਗਰਵਾਲ ਤੇ ਮੈਚ ਫਿਕਸਿੰਗ ਦੇ ਕੰਮ ’ਚ ਲੱਗੇ ਹੋਏ ਲੋਕਾਂ ਦੇ ਨਜ਼ਦੀਕੀ ਵਜੋਂ ਜਾਣਿਆ ਜਾਂਦਾ ਹੈ। ਇਹ ਨੇਤਾ ਅਤੇ ਅਧਿਕਾਰੀ ਹੀ ਮੈਚ ਫਿਕਸਿੰਗ ਦੇ ਦੋਸ਼ ’ਚ ਹੋਣ ਵਾਲੀ ਕਾਰਵਾਈ ਤੋਂ ਇਨ੍ਹਾਂ ਲੋਕਾਂ ਦਾ ਬਚਾਅ ਕਰਦੇ ਹਨ ਅਤੇ ਸਰਕਾਰੀ ਵਿਭਾਗਾਂ ਤੋਂ ਉਨ੍ਹਾਂ ਦੀ ਪ੍ਰਾਪਰਟੀ ਨਾਲ ਸਬੰਧਤ ਕੰਮ ਬਿਨਾਂ ਕਿਸੇ ਦਿੱਕਤ ਦੇ ਕਲੀਅਰ ਕਰਵਾ ਦਿੰਦੇ ਹਨ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਜਲੰਧਰ 'ਚ ਕਿਸਾਨਾਂ ਨੇ ਰੇਲਵੇ ਟਰੈਕ ਤੋਂ ਚੁੱਕਿਆ ਧਰਨਾ, ਨੈਸ਼ਨਲ ਹਾਈਵੇਅ ਅਜੇ ਵੀ ਜਾਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711


author

shivani attri

Content Editor

Related News