ਧਾਰਮਿਕ ਪ੍ਰੋਗਰਾਮ ਦੌਰਾਨ ਵਾਪਰੇ ਹਾਦਸੇ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ
Monday, Oct 07, 2024 - 03:41 AM (IST)
ਲੁਧਿਆਣਾ (ਰਾਜ)- ਹੰਬੜਾਂ ਰੋਡ ਸਥਿਤ ਇਲਾਕੇ ’ਚ ਬੀਤੀ ਰਾਤ ਜਦੋਂ ਜਗਰਾਤਾ ਚੱਲ ਰਿਹਾ ਸੀ ਤਾਂ ਦੇਰ ਰਾਤ ਆਏ ਹਨੇਰੀ ਤੂਫਾਨ ਕਾਰਨ ਸਟੇਜ ਕੋਲ ਲੱਗਿਆ ਇਕ ਲੋਹੇ ਦਾ ਐਂਗਲ ਅੱਗੇ ਬੈਠੀ ਸੰਗਤ ਦੇ ਉੱਪਰ ਡਿੱਗ ਗਿਆ। ਹਾਦਸੇ ਤੋਂ ਬਾਅਦ ਸੰਗਤਾਂ 'ਚ ਭਾਜੜਾਂ ਪੈ ਗਈਆਂ। ਇਸ ਹਾਦਸੇ ’ਚ 1 ਔਰਤ ਦੀ ਮੌਤ ਹੋ ਗਈ, ਜਦਕਿ 7 ਲੋਕ ਹਾਦਸੇ ’ਚ ਜ਼ਖਮੀ ਹੋ ਗਏ।
ਇਹ ਹਾਦਸਾ ਵੀਡੀਓਗ੍ਰਾਫੀ ਦੌਰਾਨ ਕੈਮਰੇ ’ਚ ਕੈਦ ਹੋ ਗਿਆ ਸੀ। ਸੂਚਨਾ ਤੋਂ ਬਾਅਦ ਥਾਣਾ ਪੀ.ਏ.ਯੂ. ਦੀ ਪੁਲਸ ਮੌਕੇ ’ਤੇ ਪੁੱਜ ਗਈ। ਪੁਲਸ ਨੇ ਫਟਾਫਟ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ ਅਤੇ ਮ੍ਰਿਤਕ ਔਰਤ ਦੀ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤੀ।
ਇਸ ਮਾਮਲੇ 'ਚ ਪੁਲਸ ਨੇ ਕਾਰਵਾਈ ਕਰਦੇ ਹੋਏ ਜਗਰਾਤੇ ਦੇ ਪ੍ਰਬੰਧਕਾਂ ਨੂੰ ਪੁੱਛਗਿੱਛ ਲਈ ਥਾਣੇ ਬੁਲਾਇਆ ਹੈ, ਜਿੱਥੇ ਉਨ੍ਹਾਂ ਤੋਂ ਜਗਰਾਤਾ ਕਰਵਾਉਣ ਲਈ ਮਨਜ਼ੂਰੀ ਲੈਣ ਸਬੰਧੀ ਸਵਾਲ ਪੁੱਛੇ ਗਏ ਹਨ। ਇਸ ਤੋਂ ਇਲਾਵਾ ਪੁਲਸ ਨੇ ਜਗਰਾਤੇ ਦੌਰਾਨ ਵਰਤਿਆ ਗਿਆ ਸਾਊਂਡ ਦਾ ਸਾਮਾਨ ਤੇ ਸਟੇਜ ਦੇ ਸਾਜੋ-ਸਾਮਾਨ ਵੀ ਜ਼ਬਤ ਕਰ ਲਏ ਹਨ।
ਇਹ ਵੀ ਪੜ੍ਹੋ- ਮੁਲਜ਼ਮਾਂ ਨੂੰ ਫੜਨ ਗਈ ਪੁਲਸ ਟੀਮ ਨੂੰ ਪਿੰਡ ਵਾਲਿਆਂ ਨੇ ਪਾ ਲਿਆ ਘੇਰਾ, ਜਾਨ ਬਚਾਉਣ ਲਈ ਮੁਲਾਜ਼ਮਾਂ ਜੋ ਕੀਤਾ...
ਜਾਣਕਾਰੀ ਦਿੰਦਿਆਂ ਅਰਵੇਸ਼ ਕੁਮਾਰ ਨੇ ਦੱਸਿਆ ਕਿ ਉਹ ਬਾਰਨਹਾੜਾ ਰੋਡ ’ਤੇ ਰਹਿੰਦਾ ਹੈ। ਉਸ ਦੇ ਇਲਾਕੇ ’ਚ ਮਾਤਾ ਦਾ ਜਗਰਾਤਾ ਚੱਲ ਰਿਹਾ ਸੀ, ਜਿਥੇ ਉਹ ਵੀ ਆਪਣੀ ਪਤਨੀ ਅਤੇ ਬੱਚਿਆਂ ਨਾਲ ਗਿਆ ਹੋਇਆ ਸੀ। ਦੇਰ ਰਾਤ ਲਗਭਗ 1 ਵਜੇ ਅਚਾਨਕ ਮੌਸਮ ਖਰਾਬ ਹੋਣ ਕਾਰਨ ਹਨੇਰੀ ਚੱਲ ਪਈ। ਹਨੇਰੀ ਇੰਨੀ ਤੇਜ਼ ਸੀ ਕਿ ਉਸ ਦੌਰਾਨ ਸਟੇਜ ਦੇ ਉੱਪਰ ਲਾਈਟਿੰਗ ਲਈ ਲਗਾਇਆ ਗਿਆ ਲੋਹੇ ਦਾ ਵੱਡਾ ਐਂਗਲ ਅੱਗੇ ਬੈਠੀ ਸੰਗਤ ਉੱਪਰ ਜਾ ਡਿੱਗਿਆ।
ਉਸ ਦੀ ਪਤਨੀ ਸੁਨੀਤਾ ’ਤੇ ਵੀ ਲੋਹੇ ਦਾ ਐਂਗਲ ਡਿੱਗ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ। ਉਸ ਨੂੰ ਤੁਰੰਤ ਡੀ.ਐੱਮ.ਸੀ. ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਸੰਗਤ ’ਚ ਬੈਠੇ ਲਗਭਗ 7 ਹੋਰ ਲੋਕ ਵੀ ਜ਼ਖਮੀ ਹੋ ਗਏ।
ਥਾਣਾ ਪੀ.ਏ.ਯੂ. ਦੇ ਐੱਸ.ਐੱਚ.ਓ. ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ ਸੀ। ਇਸ ਮਾਮਲੇ ’ਚ ਮ੍ਰਿਤਕ ਮਹਿਲਾ ਦੇ ਪਤੀ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ- ਕੁੜੀ ਨੂੰ ਬਾਈਕ ਨਾਲ ਘੜੀਸਣ ਵਾਲੇ ਚੜ੍ਹੇ ਪੁਲਸ ਦੇ ਅੜਿੱਕੇ, ਦੇਖੋ ਮੁਲਜ਼ਮਾਂ ਦਾ ਹੁਣ ਕੀ ਹੋਇਆ ਹਾਲ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e