ਦੋ ਨੌਜਵਾਨਾਂ ਦੀ ਨਸ਼ੇ ਨਾਲ ਹੋਈ ਮੌਤ ਦੇ ਮਾਮਲੇ ''ਚ ਪੁਲਸ ਦੀ ਵੱਡੀ ਕਾਰਵਾਈ
Friday, Jul 19, 2024 - 04:58 PM (IST)
ਭਵਾਨੀਗੜ੍ਹ (ਵਿਕਾਸ ਮਿੱਤਲ, ਕਾਂਸਲ) : ਪਿਛਲੇ ਦਿਨੀਂ ਸ਼ਹਿਰ ਦੇ ਰਾਮਪੁਰਾ ਰੋਡ 'ਤੇ ਇਕ ਘਰ ਵਿਚ ਨਸ਼ੇ ਦੀ ਓਵਰਡੋਜ਼ ਮਗਰੋਂ ਮ੍ਰਿਤਕ ਪਾਏ ਗਏ ਦੋ ਨੌਜਵਾਨ ਰਣਜੀਤ ਸਿੰਘ ਉਰਫ ਰਵੀ ਤੇ ਬੰਨੀ ਵਾਸੀ ਭਵਾਨੀਗੜ੍ਹ ਦੇ ਮਾਮਲੇ 'ਚ ਪੁਲਸ ਵੱਲੋਂ ਵੱਡੀ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ। ਮਾਮਲੇ ਸਬੰਧੀ ਭਵਾਨੀਗੜ੍ਹ ਪੁਲਸ ਨੇ ਮੌਤ ਦੇ ਮੂੰਹ 'ਚ ਗਏ ਉਕਤ ਨੌਜਵਾਨਾਂ ਨੂੰ ਕਥਿਤ ਰੂਪ 'ਚ ਨਸ਼ੀਲਾ ਪਦਾਰਥ ਦੇਣ ਦੇ ਦੋਸ਼ ਹੇਠ 3 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਸ ਤੋਂ ਇਲਾਵਾ ਪੁਲਸ ਨੇ ਮਾਮਲੇ 'ਚ ਇਕ ਔਰਤ ਨੂੰ ਨਾਮਜ਼ਦ ਕਰਦਿਆਂ 7-8 ਹੋਰ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇਸ ਸਬੰਧੀ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਡੀ.ਐੱਸ.ਪੀ ਭਵਾਨੀਗੜ੍ਹ ਗੁਰਦੀਪ ਸਿੰਘ ਦਿਓਲ ਤੇ ਥਾਣਾ ਮੁਖੀ ਗੁਰਨਾਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਣਜੀਤ ਸਿੰਘ ਉਰਫ ਰਵੀ ਤੇ ਬੰਨੀ ਰਿਸ਼ਤੇਦਾਰੀ 'ਚ ਚਾਚਾ-ਭਤੀਜਾ ਸਨ ਤੇ ਉਕਤ ਨੌਜਵਾਨਾਂ ਦੀ ਮੌਤ ਸਬੰਧੀ ਇਤਲਾਹ ਮਿਲਣ 'ਤੇ ਪੁਲਸ ਵੱਲੋਂ ਬਿਨਾਂ ਦੇਰੀ ਤੋਂ ਨਸ਼ੇ ਦਾ ਕਾਲਾ ਕੰਮ ਕਰਨ ਵਾਲੇ ਵਿਅਕਤੀਆਂ ਖ਼ਿਲਾਫ ਤੁਰੰਤ ਸਖ਼ਤ ਕਾਰਵਾਈ ਕਰਦਿਆਂ ਮ੍ਰਿਤਕ ਬੰਨੀ ਦੇ ਪਿਤਾ ਸੁਖਪਾਲ ਸਿੰਘ ਉਰਫ ਸੁੱਖੂ ਵਾਸੀ ਭਵਾਨੀਗੜ੍ਹ ਦੇ ਬਿਆਨਾਂ 'ਤੇ ਡੂੰਘਾਈ ਨਾਲ ਤਫਤੀਸ਼ ਕਰ ਕੇ ਮ੍ਰਿਤਕਾਂ ਨੂੰ ਨਸ਼ੀਲਾ ਪਦਾਰਥ ਦੇਣ ਵਾਲੇ ਮੁਲਜ਼ਮਾਂ ਸੰਦੀਪ ਸਿੰਘ ਉਰਫ ਟਿੱਡਾ ਵਾਸੀ ਭਵਾਨੀਗੜ੍ਹ, ਸੈਂਟੀ ਵਾਸੀ ਸਮੁੰਦਗੜ੍ਹ ਛੰਨਾਂ ਸਮੇਤ ਰਾਜਵਿੰਦਰ ਕੌਰ ਵਾਸੀ ਧੂਰੀ ਸਮੇਤ 7-8 ਨਾਮਲੂਮ ਵਿਅਕਤੀਆਂ ਖਿਲਾਫ ਥਾਣਾ ਭਵਾਨੀਗੜ੍ਹ ਵਿਖੇ ਮੁਕੱਦਮਾ ਦਰਜ ਕੀਤਾ।
ਡੀ.ਐੱਸ.ਪੀ. ਦਿਓਲ ਨੇ ਦੱਸਿਆ ਕਿ ਮਾਮਲੇ 'ਚ ਮੁਲਜ਼ਮ ਸੰਦੀਪ ਸਿੰਘ ਉਰਫ ਟਿੱਡਾ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਜਿਸ ਪਾਸੋਂ ਪੁੱਛਗਿੱਛ ਕਰਕੇ ਹੋਰ ਮੁਲਜ਼ਮਾਂ ਨੂੰ ਮਾਮਲੇ 'ਚ ਨਾਮਜ਼ਦ ਕੀਤਾ ਅਤੇ ਅਗਲੇ ਦਿਨ ਨਾਮਜ਼ਦ ਮੁਲਜ਼ਮਾਂ ਵਿੱਚੋਂ ਵੀ ਪੁਲਸ ਨੇ ਭੀਮਾ ਅਤੇ ਸਤਪਾਲ ਸਿੰਘ ਵਾਸੀਆਨ ਪਿੰਡ ਜੌਲੀਆਂ ਨੂੰ ਕਾਬੂ ਕਰ ਲਿਆ। ਇਸ ਮੌਕੇ ਥਾਣਾ ਮੁਖੀ ਗੁਰਨਾਮ ਸਿੰਘ ਨੇ ਦਾਅਵਾ ਕੀਤਾ ਕਿ ਬਾਕੀ ਰਹਿੰਦੇ ਮੁਲਜ਼ਮਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਜਿਨ੍ਹਾਂ ਦੀ ਤਲਾਸ਼ ਵਿਚ ਪੁਲਸ ਵੱਲੋਂ ਵੱਖ-ਵੱਖ ਪਾਰਟੀਆਂ ਬਣਾ ਕੇ ਸਰਗਰਮੀ ਨਾਲ ਛਾਪੇਮਾਰੀ ਕੀਤੀ ਜਾ ਰਹੀ ਹੈ।