ਤੇਜ਼ ਰਫ਼ਤਾਰ ਟੈਂਕਰ ਨੇ ਠੋਕੇ ਟੋਲ ਪਲਾਜ਼ਾ ''ਤੇ ਖੜ੍ਹੇ ਕਈ ਵਾਹਨ, ਟੋਟੇ-ਟੋਟੇ ਹੋਇਆ ਵਿਅਕਤੀ ਦਾ ਸਰੀਰ

Tuesday, Jun 18, 2024 - 09:40 PM (IST)

ਤੇਜ਼ ਰਫ਼ਤਾਰ ਟੈਂਕਰ ਨੇ ਠੋਕੇ ਟੋਲ ਪਲਾਜ਼ਾ ''ਤੇ ਖੜ੍ਹੇ ਕਈ ਵਾਹਨ, ਟੋਟੇ-ਟੋਟੇ ਹੋਇਆ ਵਿਅਕਤੀ ਦਾ ਸਰੀਰ

ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਬੀਤੀ ਰਾਤ ਬਿਲਾਸਪੁਰ-ਸ੍ਰੀ ਕੀਰਤਪੁਰ ਸਾਹਿਬ ਕੌਮੀ ਮਾਰਗ ’ਤੇ ਪਿੰਡ ਮੋੜਾ ਵਿਖੇ ਭਿਆਨਕ ਹਾਦਸਾ ਹੋ ਗਿਆ, ਜਿੱਥੇ ਟੋਲ ਪਲਾਜ਼ਾ ਨਜ਼ਦੀਕ ਲਾਈਨ ਵਿਚ ਪਰਚੀ ਕਟਾਉਣ ਲਈ ਖੜ੍ਹੇ ਵਾਹਨਾਂ ਨੂੰ ਪਿੱਛੋਂ ਤੇਜ਼ ਰਫਤਾਰ ਆ ਰਹੇ ਕੈਂਟਰ ਨੇ ਟੱਕਰ ਮਾਰ ਦਿੱਤੀ। 

ਇਸ ਟੱਕਰ ਕਾਰਨ 6 ਵਾਹਨ ਆਪਸ ਵਿਚ ਟਕਰਾ ਗਏ ਜਿਸ ਕਾਰਨ ਇਕ ਸਵਿਫਟ ਕਾਰ ਦੇ ਡਰਾਈਵਰ ਦੇ ਸਰੀਰ ਦੇ ਦੋ ਟੋਟੇ ਹੋ ਗਏ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਕਈ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਵੱਲੋਂ ਕੈਂਟਰ ਅਤੇ ਉਸ ਦੇ ਚਾਲਕ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਮ੍ਰਿਤਕ ਵਿਅਕਤੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ.ਐੱਚ.ਓ. ਇੰਸਪੈਕਟਰ ਜਤਿਨ ਕਪੂਰ ਅਤੇ ਮਾਮਲੇ ਦੇ ਜਾਂਚ ਅਧਿਕਾਰੀ ਏ.ਐੱਸ.ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਪ੍ਰੇਮ ਪ੍ਰਸ਼ਾਂਤ ਪੁੱਤਰ ਪ੍ਰਿਥੀ ਸਿੰਘ ਚੌਹਾਨ ਵਾਸੀ ਪਿੰਡ ਰਸੋਹ ਥਾਣਾ ਭੋਰਜ ਜ਼ਿਲ੍ਹਾ ਹਮੀਰਪੁਰ ਹਿਮਾਚਲ ਪ੍ਰਦੇਸ਼ ਨੇ ਟਰੱਕ ਡਰਾਈਵਰ ਤੁਲਸੀ ਰਾਮ ਪੁੱਤਰ ਲੱਛੂ ਰਾਮ ਵਾਸੀ ਪਿੰਡ ਨਹੋਣੀ ਥਾਣਾ ਡਾਲਡਾ ਘਾਟ ਨਾਲ ਥਾਣੇ ਆ ਕੇ ਬਿਆਨ ਲਿਖਵਾਇਆ ਕਿ ਉਹ ਆਪਣੀ ਸਕਾਰਪੀਓ ਗੱਡੀ ’ਤੇ ਸਵਾਰ ਹੋ ਕੇ ਸੁੰਦਰ ਨਗਰ ਤੋਂ ਚੰਡੀਗੜ੍ਹ ਜਾ ਰਿਹਾ ਸੀ।

ਇਹ ਵੀ ਪੜ੍ਹੋ- 'ਮਹਿੰਦਰ ਕੇ.ਪੀ. ਹੋਣਗੇ ਕਾਂਗਰਸ 'ਚ ਸ਼ਾਮਲ !' ਇਸ ਚਰਚਾ ਨੇ ਕਾਂਗਰਸੀ ਖੇਮੇ 'ਚ ਮਚਾਈ ਤੜਥੱਲੀ

ਉਸ ਸਮੇਂ ਟੋਲ ਪਲਾਜ਼ਾ ’ਤੇ ਵਾਹਨਾਂ ਵਲੋਂ ਪਰਚੀ ਕਟਵਾਉਣ ਕਾਰਨ ਗੱਡੀਆਂ ਹੋਲੀ ਹੋਲੀ ਚੱਲ ਰਹੀਆਂ ਸਨ ਤਾਂ ਸਾਡੇ ਪਿੱਛੋਂ ਤੋਂ ਸਵਾਰਘਾਟ ਵਾਲੀ ਸਾਈਡ ਤੋਂ ਇਕ ਕੈਂਟਰ ਦਾ ਚਾਲਕ ਆਪਣੇ ਕੈਂਟਰ ਨੂੰ ਬੜੀ ਤੇਜ਼ ਰਫਤਾਰੀ ਅਤੇ ਲਾਪਰਵਾਹੀ ਨਾਲ ਚਲਾ ਕੇ ਆਇਆ, ਜਿਸ ਨੇ ਆਪਣੇ ਕੈਂਟਰ ਨੂੰ ਤੇਜ ਰਫਤਾਰੀ ਤੇ ਲਾਪਰਵਾਹੀ ਨਾਲ ਚਲਾਉਂਦੇ ਹੋਏ ਉਸ ਦੇ ਪਿੱਛੇ ਲਾਈਨ ਵਿਚ ਲੱਗੀਆਂ ਗੱਡੀਆਂ ਦਾ ਨੁਕਸਾਨ ਕਰਦਾ ਹੋਇਆ ਅੱਗੇ ਨੂੰ ਲੈ ਗਿਆ ਅਤੇ ਸਾਡੀਆਂ ਉਕਤ ਗੱਡੀਆਂ ਅੱਗੇ ਹੋਲੀ ਹੋਲੀ ਜਾ ਰਹੇ ਟਰੱਕ ਦੇ ਪਿੱਛੇ ਮਾਰੀਆਂ, ਜਿਸ ਨਾਲ ਸਾਡੀਆਂ ਉਕਤ ਤਿੰਨੋਂ ਗੱਡੀਆਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਤੇ ਆਪਸ ਵਿਚ ਟਰੱਕ ਦੇ ਪਿੱਛੇ ਫਸ ਗਈਆਂ। ਇਸ ਦੌਰਾਨ ਬਾਕੀ ਗੱਡੀਆਂ ਦੇ ਡਰਾਈਵਰ ਅਤੇ ਸਵਾਰੀਆਂ ਇਕੱਠੀਆਂ ਹੋ ਗਈਆਂ, ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਮਦਦ ਕਰਦੇ ਹੋਏ ਗੱਡੀਆਂ ਵਿਚੋਂ ਬਾਹਰ ਕੱਢਿਆ।

ਸਕਾਰਪੀਓ ਦੇ ਏਅਰ ਬੈਗ ਨਹੀਂ ਖੁੱਲੇ ਫਿਰ ਵੀ ਮੇਰਾ ਅਤੇ ਮੇਰੇ ਤੋਂ ਅਗਲੀ ਕਾਰ ਵਿਚ ਸਵਾਰ ਵਿਅਕਤੀਆਂ ਦਾ ਜ਼ਿਆਦਾ ਚੋਟ ਲੱਗਣ ਤੋਂ ਬਚਾਅ ਹੋ ਗਿਆ ਪਰ ਸਭ ਤੋਂ ਅੱਗੇ ਵਾਲੀ ਟਰੱਕ ਦੇ ਪਿੱਛੇ ਵੱਜਣ ਵਾਲੀ ਕਾਰ ਦੇ ਚਾਲਕ ਦਾ ਸਰੀਰ ਪੇਟ ਕੋਲੋਂ ਕੱਟਿਆ ਗਿਆ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਮੈਨੂੰ ਮੌਕੇ ’ਤੇ ਉਕਤ ਕਾਰ ਵਿਚ ਮਰਨ ਵਾਲੇ ਵਿਅਕਤੀ ਦਾ ਨਾਮ ਧਰਮਪਾਲ ਪੁੱਤਰ ਲੇਟ ਸੋਹਣ ਸਿੰਘ ਪਿੰਡ ਤੇ ਡਾਕਖਾਨਾ ਸੁਨਹਾਣੀ ਥਾਣਾ ਸਾਹਤਲਾਈ ਜ਼ਿਲ੍ਹਾ ਬਿਲਾਸਪੁਰ ਪਤਾ ਲੱਗਿਆ।

ਪਿੱਛੋਂ ਟੱਕਰ ਮਾਰਨ ਵਾਲੇ ਕੈਂਟਰ ਦੇ ਚਾਲਕ ਨੇ ਆਪਣਾ ਨਾਂ ਰੰਜੇ ਮੁਖੀਆ ਦੱਸਿਆ ਜੋ ਮੌਕੇ ਤੋਂ ਭੱਜ ਗਿਆ। ਉਕਤ ਹਾਦਸਾ ਕੈਂਟਰ ਦੇ ਚਾਲਕ ਰੰਜੇ ਮੁਖੀਆ ਵੱਲੋਂ ਕੈਂਟਰ ਨੂੰ ਤੇਜ਼ ਰਫਤਾਰੀ ਤੇ ਲਾਪਰਵਾਹੀ ਨਾਲ ਚਲਾਉਣ ਕਰ ਕੇ ਸਾਡੀਆਂ ਗੱਡੀਆਂ ਵਿਚ ਮਾਰਨ ਕਰ ਕੇ ਵਾਪਰਿਆ ਹੈ। ਪੁਲਸ ਨੇ ਪ੍ਰੇਮ ਪ੍ਰਸ਼ਾਂਤ ਦੇ ਬਿਆਨਾਂ ਦੇ ਆਧਾਰ ਉੱਪਰ ਉਕਤ ਕੈਂਟਰ ਨੰਬਰ ਅਤੇ ਉਸ ਦੇ ਚਾਲਕ ਰੰਜੇ ਮੁਖੀਆ ਖਿਲਾਫ ਧਾਰਾ 279, 337, 304-ਏ ਤੇ 427 ਅਧੀਨ ਮਾਮਲਾ ਦਰਜ ਕਰ ਕੇ ਮਰਨ ਵਾਲੇ ਧਰਮਪਾਲ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਪੰਜਾਬ ’ਚ ਬਿਜਲੀ ਸਪਲਾਈ ਕਿਸੇ ਵੀ ਸਮੇਂ ਹੋ ਸਕਦੀ ਹੈ ਫੇਲ੍ਹ ! ਇੰਜੀਨੀਅਰਜ਼ ਐਸੋਸੀਏਸ਼ਨ ਨੇ CM ਨੂੰ ਲਿਖੀ ਚਿੱਠੀ

ਜ਼ਿਕਰਯੋਗ ਹੈ ਕਿ ਮਰਨ ਵਾਲਾ ਸਵਿਫਟ ਕਾਰ ਚਾਲਕ ਧਰਮਪਾਲ ਜੋ ਕਿ ਹਿਮਾਚਲ ਪ੍ਰਦੇਸ਼ ਪੁਲਸ ਵਿਚ ਬਸੀ ਪਿੰਡ ਵਿਖੇ ਬਟਾਲੀਅਨ ਪੰਜ ਦਾ ਜਵਾਨ ਸੀ। ਇਸ ਹਾਦਸੇ ਵਿਚ ਕੈਂਟਰ ਟਰੱਕ ਦਾ ਕੰਡਕਟਰ ਵੀ ਜ਼ਖਮੀ ਹੋ ਗਿਆ ਹੈ ਜਿਸ ਨੂੰ ਇਲਾਜ ਲਈ ਬਿਲਾਸਪੁਰ ਦੇ ਏਮਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਟੋਲ ਪਲਾਜ਼ਾ ਪਿੰਡ ਮੋੜਾ ਵਿਖੇ ਵਾਪਰਿਆ ਇਹ ਹਾਦਸਾ ਇਨ੍ਹਾਂ ਭਿਆਨਕ ਸੀ ਇਹ ਕਾਰ ਵਿਚ ਬੁਰੀ ਤਰ੍ਹਾਂ ਨਾਲ ਫਸੇ ਮ੍ਰਿਤਕ ਦੇ ਅੱਧੇ ਸਰੀਰ ਨੂੰ ਬਾਹਰ ਕੱਢਣ ਲਈ ਮੌਕੇ ਉੱਪਰ ਹਾਈਡਰਾ ਮਸ਼ੀਨਾਂ ਦੀ ਮਦਦ ਲੈਣੀ ਪਈ।

ਰਾਤ ਸਮੇਂ ਸੜਕੀ ਆਵਾਜਾਈ ਨੂੰ ਬਹਾਲ ਕਰਨ ਲਈ ਡੀ.ਐੱਸ.ਪੀ. ਅਜੇ ਸਿੰਘ ਸ੍ਰੀ ਅਨੰਦਪੁਰ ਸਾਹਿਬ, ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਪਾਰਟੀ ਅਤੇ ਸਵਾਰ ਘਾਟ ਹਿਮਾਚਲ ਪ੍ਰਦੇਸ਼ ਦੀ ਪੁਲਸ ਪਾਰਟੀ ਮੌਕੇ ਉੱਪਰ ਪਹੁੰਚ ਕੇ ਸੜਕੀ ਆਵਾਜਾਈ ਬਹਾਲ ਕਰਨ ਲਈ ਹਾਦਸਾ ਗ੍ਰਸਤ ਵਾਹਨਾਂ ਨੂੰ ਸਾਈਡ ਉੱਪਰ ਕਰਵਾਉਣ ਲਈ ਲੱਗੇ ਰਹੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News