ਲੋਕਾਂ ਨੂੰ ਸਿਹਤਮੰਦ ਸਮਾਜ ਦਾ ਸੱਦਾ ਦੇਣ ਲਈ ਕੱਢੀ ਸਾਈਕਲ ਰੈਲੀ
Monday, Dec 04, 2017 - 04:25 AM (IST)
ਸੰਗਰੂਰ, (ਬੇਦੀ, ਵਿਵੇਕ ਸਿੰਧਵਾਨੀ)— ਜ਼ਿਲਾ ਪ੍ਰਸ਼ਾਸਨ ਸੰਗਰੂਰ ਵੱਲੋਂ ਨਾਗਰਿਕਾਂ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਤੇ ਸਿਹਤਮੰਦ ਸਮਾਜ ਸਿਰਜਣ ਦੀ ਪ੍ਰੇਰਨਾ ਦੇਣ ਲਈ ਡਿਪਟੀ ਕਮਿਸ਼ਨਰ ਅਮਰਪ੍ਰਤਾਪ ਸਿੰਘ ਵਿਰਕ ਦੀ ਅਗਵਾਈ ਹੇਠ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ।
ਅੱਜ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਤੋਂ ਡਿਪਟੀ ਕਮਿਸ਼ਨਰ ਅਮਰਪ੍ਰਤਾਪ ਸਿੰਘ ਵਿਰਕ ਅਤੇ ਐੱਸ. ਐੱਸ. ਪੀ. ਸ਼੍ਰੀ ਮਨਦੀਪ ਸਿੰਘ ਸਿੱਧੂ ਦੀ ਮੌਜੂਦਗੀ 'ਚ ਆਰੰਭ ਹੋਈ ਸਾਈਕਲ ਰੈਲੀ ਵਿਚ 500 ਸਾਈਕਲਿਸਟਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਜ਼ਿਲਾ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਲੋਕਾਂ ਨੂੰ ਸਿਹਤਮੰਦ ਸਮਾਜ ਦਾ ਸੱਦਾ ਦੇਣ ਦੇ ਮੰਤਵ ਨਾਲ ਕਰਵਾਈ ਸਾਈਕਲ ਰੈਲੀ 'ਚ ਹਰ ਵਰਗ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਇਹ ਰੈਲੀ ਪ੍ਰਬੰਧਕੀ ਕੰਪਲੈਕਸ ਤੋਂ ਆਰੰਭ ਹੋ ਕੇ ਘਾਬਦਾਂ ਮੈਰੀਟੋਰੀਅਸ ਸਕੂਲ ਜਾਣ ਤੋਂ ਬਾਅਦ ਸਰਕਾਰੀ ਰਣਬੀਰ ਕਾਲਜ ਵਿਖੇ ਸਮਾਪਤ ਹੋਈ।
ਸਾਈਕਲ ਰੈਲੀ ਦੀ ਸਮਾਪਤੀ ਮੌਕੇ ਡਿਪਟੀ ਕਮਿਸ਼ਨਰ ਨੇ ਇਸ ਕਾਰਜ 'ਚ ਵੱਡੀ ਗਿਣਤੀ ਵਿਚ ਹਿੱਸਾ ਲੈਣ ਵਾਲਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਵਿੱਖ 'ਚ ਵੀ ਜ਼ਿਲਾ ਪ੍ਰਸ਼ਾਸਨ ਵੱਲੋਂ ਲੋਕ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਅਜਿਹੇ ਉਪਰਾਲਿਆਂ ਰਾਹੀਂ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇਗਾ।
ਜ਼ਿਲਾ ਪੁਲਸ ਮੁਖੀ ਸਿੱਧੂ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਸ਼ਹਿਰ ਨਿਵਾਸੀਆਂ ਦੇ ਸਾਂਝੇ ਉੱਦਮ ਸਦਕਾ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਨੂੰ ਵੀ ਵੱਡੇ ਪੱਧਰ 'ਤੇ ਠੱਲ੍ਹ ਪਵੇਗੀ। ਸਾਈਕਲ ਰੈਲੀ ਦੌਰਾਨ ਸਾਈਕਲਿਸਟਾਂ ਨੇ 24 ਕਿਲੋਮੀਟਰ ਦਾ ਸਫ਼ਰ ਤਹਿ ਕੀਤਾ।
ਇਸ ਦੌਰਾਨ ਐੱਸ. ਡੀ. ਐੱਮ. ਅਵਿਕੇਸ਼ ਗੁਪਤਾ, ਸੰਗਰੂਰ ਸਾਈਕਲਿਸਟ ਕਲੱਬ ਦੇ ਪ੍ਰਧਾਨ ਐਡਵੋਕੇਟ ਕਮਲ ਆਨੰਦ ਸਮੇਤ ਹੋਰ ਅਧਿਕਾਰੀ, ਵਿਦਿਆਰਥੀ ਤੇ ਵਾਤਾਵਰਣ ਪ੍ਰੇਮੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
