ਹੈਰੀਟੇਜ਼ ਕਲਚਰਲ ਤੇ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਈ ਗਈ ਸਾਈਕਲ ਰੈਲੀ
Sunday, Aug 16, 2020 - 02:32 AM (IST)
ਚੰਡੀਗੜ੍ਹ- ਅੱਜ ਜੁਗਨੀ ਕਲਚਰਲ ਐਂਡ ਯੂਥ ਵੈਲਫੇਅਰ ਕਲੱਬ ,ਐਸ.ਏ.ਐੱਸ. ਨਗਰ ਅਤੇ ਹੈਰੀਟੇਜ ਕਲਚਰਲ ਐਂਡ ਵੈਲਫੇਅਰ ਸੁਸਾਇਟੀ, ਐਸ.ਏ.ਐਸ. ਨਗਰ. ਵੱਲੋਂ ਆਜ਼ਾਦੀ ਦਿਹਾੜੇ ਅਤੇ ਮਿਸ਼ਨ ਫ਼ਤਿਹ ਨੂੰ ਸਮਰਪਿਤ ਇੱਕ ਸਾਈਕਲ ਰੈਲੀ ਕਰਵਾਈ ਗਈ।
ਰੈਲੀ ਨੂੰ ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਗੁਰਿੰਦਰ ਸਿੰਘ ਸੋਢੀ ਨੇ ਨਯਾਗਾਉਂ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਿਸਦੀ ਸਮਾਪਤੀ ਚੱਪੜਚਿੜੀ ਵਿਖੇ ਹੋਈ। ਉਪ-ਪ੍ਰਮੁੱਖ ਸਕੱਤਰ ਨੇ ਇਸ ਰੈਲੀ ਵਿੱਚ ਖੁਦ ਵੀ ਹਿੱਸਾ ਲਿਆ ਅਤੇ ਬਾਕੀ ਹਿੱਸਾ ਲੈਣ ਵਾਲਿਆਂ ਨੂੰ ਕੋਵਿਡ-19 ਮਹਾਂਮਾਰੀ ਤੋਂ ਸੁਰੱਖਿਅਤ ਰਹਿਣ ਲਈ ਘਰ ਤੋਂ ਬਾਹਰ ਨਿਕਨਣ ਸਮੇਂ ਮਾਸਕ ਪਹਿਨਣ, ਸਾਬਣ ਨਾਲ 20 ਸਕਿੰਟ ਤੱਕ ਹੱਥ ਧੋਣ, ਇੱਕ ਦੂਜੇ ਤੋਂ ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਹੱਥ ਮਿਲਾਉਣ ਤੋਂ ਗੁਰੇਜ਼ ਕਰਨ ਸਬੰਧੀ ਸਿਹਤ ਪ੍ਰੋਟੋਕੋਲਾਂ ਦੀ ਸਖ਼ਤੀ ਨਾਲ ਪਾਲਣ ਕਰਨ ਲਈ ਪ੍ਰੇਰਿਤ ਕੀਤਾ। ਅੱਜ ਦੀ ਇਸ ਸਾਈਕਲ ਰੈਲੀ ਦਾ ਉਦੇਸ਼ ਲੋਕਾਂ ਵਿੱਚ ਸਿਹਤ ਅਤੇ ਸੁਰੱਖਿਆ ਪ੍ਰੋਟੋਕੋਲਾਂ ਦੀ ਮਹੱਤਤਾ ਅਤੇ ਇਸ ਮਾਰੂ ਵਾਇਰਸ ਤੋਂ ਆਪਣੀ 'ਤੇ ਆਪਣੇ ਅਜ਼ੀਜ਼ਾਂ ਦੀ ਸੁਰੱਖਿਆ ਲਈ ਇਨਾਂ ਪ੍ਰੋਟੋਕੋਲਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਸਬੰਧੀ ਜਾਗਰੂਕਤਾ ਪੈਦਾ ਕਰਨਾ ਸੀ।
ਚੱਪੜਚਿੜੀ ਵਿਖੇ, ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਨੂੰ ਵੱਖ-ਵੱਖ ਯੂਥ ਕਲੱਬਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਨਮਾਨਿਤ ਹੋਰਨਾਂ ਵਿੱਚ ਤਿੰਨ ਵਿਸ਼ੇਸ਼ ਮਹਿਮਾਨਾਂ ਹਰਜਿੰਦਰ ਸਿੰਘ ਗਰੇਵਾਲ (ਨੈਸਨਲ ਐਵਾਰਡੀ ਬੈਸਟ ਟੀਚਰ ਸਪੋਰਟਸ ਆਰਗੇਨਾਈਜ਼ਰ ਸਿੱਖਿਆ ਵਿਭਾਗ, ਪੰਜਾਬ), ਕੈਨੇਡੀਅਨ ਆਰਮੀ ਦੇ ਸੈਕਿੰਡ ਲੈਫਟੀਨੈਂਟ ਅਜੀਤ ਪਾਲ ਸਿੰਘ (ਓਂਟਾਰੀਓ) ਅਤੇ ਐਸ.ਐਸ. ਟੀਚਰ (ਨਾਭਾ ਤੋਂ ਕੌਮੀ ਹਾਕੀ ਖਿਡਾਰੀ) ਬਲਜੀਤ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜੁਗਨੀ ਕਲਚਰਲ ਐਂਡ ਯੂਥ ਵੈਲਫੇਅਰ ਕਲੱਬ, ਐਸ.ਏ.ਐਸ. ਨਗਰ ਦੇ ਪ੍ਰਧਾਨ ਦਵਿੰਦਰ ਸਿੰਘ ਜੁਗਨੀ ਅਤੇ ਹੈਰੀਟੇਜ ਕਲਚਰਲ ਐਂਡ ਵੈਲਫੇਅਰ ਸੁਸਾਇਟੀ, ਐਸ.ਏ.ਐਸ. ਨਗਰ ਦੇ ਪ੍ਰਧਾਨ ਹਰਪ੍ਰੀਤ ਸਿੰਘ ਵੀ ਮੌਜੂਦ ਸਨ।