ਸਿੱਖ ਗੁਰਦੁਆਰਾ ਸੋਧ ਐਕਟ ਬਿੱਲ ਦੀ ਬੀਬੀ ਜਗੀਰ ਕੌਰ ਨੇ ਕੀਤੀ ਨਿੰਦਾ, ਆਖੀਆਂ ਇਹ ਗੱਲਾਂ

Monday, Jun 26, 2023 - 06:02 PM (IST)

ਸਿੱਖ ਗੁਰਦੁਆਰਾ ਸੋਧ ਐਕਟ ਬਿੱਲ ਦੀ ਬੀਬੀ ਜਗੀਰ ਕੌਰ ਨੇ ਕੀਤੀ ਨਿੰਦਾ, ਆਖੀਆਂ ਇਹ ਗੱਲਾਂ

ਅੰਮ੍ਰਿਤਸਰ (ਬਿਊਰੋ)- ਪੰਜਾਬ ਸਰਕਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਮੁਫ਼ਤ ਪ੍ਰਸਾਰਣ ਲਈ ਪਾਸ ਕੀਤੇ ਗਏ ਮਤੇ ਦੀ ਬੀਬੀ ਜਗੀਰ ਕੌਰ ਵੱਲੋਂ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਹੈ। ਅੱਜ ਅੰਮ੍ਰਿਤਸਰ ਵਿਖੇ ਤੇਜਾ ਸਿੰਘ ਸੁਮੰਦਰੀ ਹਾਲ ਐੱਸ. ਜੀ. ਪੀ. ਸੀ. ਵੱਲੋਂ ਸੱਦੇ ਗਏ ਵਿਸ਼ੇਸ਼ ਇਜਲਾਸ ਦੌਰਾਨ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਸਿੱਖ ਗੁਰਦੁਆਰਾ ਸੋਧ ਐਕਟ ਨੂੰ ਐੱਸ. ਜੀ. ਪੀ. ਸੀ. ਨੇ ਰੱਦ ਕਰ ਦਿੱਤਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਮਤਾ ਮੇਰੇ ਉਨ੍ਹਾਂ ਸਾਰੇ ਸਾਥੀ ਮੈਂਬਰਾਂ ਵੱਲੋਂ ਹੈ, ਜਿੰਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਲਈ ਹੋਈ ਚੋਣ ਵਿੱਚ ਸਿਧਾਂਤਕ ਫ਼ੈਸਲੇ ‘ਤੇ ਮੋਹਰ ਲਾਈ ਸੀ। ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਮਤੇ ਨੂੰ ਗੁਰੂ ਘਰਾਂ ਦੇ ਪ੍ਰਬੰਧ ਵਿੱਚ ਸਿੱਧੇ ਦਖ਼ਲ ਵੱਜੋਂ ਵੇਖਿਆ ਜਾਣਾ ਚਾਹੀਦਾ ਹੈ। ਸਾਡੇ ਸਾਰਿਆਂ ਵੱਲੋਂ ਸਾਰੇ ਸਿੱਖ ਧੜ੍ਹਿਆਂ ਨੂੰ ਅਪੀਲ ਹੈ ਕਿ ਉਹ ਭਾਵੇਂ ਵੱਖ-ਵੱਖ ਮਤਭੇਦਾਂ ਅਤੇ ਵੱਖਰੇਵਿਆਂ ਦੇ ਬਾਵਜੂਦ ਇਸ ਮਤੇ ਦਾ ਤਿੱਖਾ ਵਿਰੋਧ ਕਰਨ। ਉਨ੍ਹਾਂ ਕਿਹਾ ਕਿ ਅਸਲ ਵਿੱਚ ਇਹ ਮਤਾ ਪੰਥ ਦੀ ਅਣਖ ਨੂੰ ਵੰਗਾਰਨ ਵਾਲਾ ਵੀ ਹੈ। ਇਸ ਮਤੇ ਦੀ ਅਸਲ ਭਾਵਨਾ ਜਾਂ ਡੀਪ ਸਟੇਟ ਦਾ ਇਕ ਕੋਝਾ ਹੱਥ ਕੰਡਾ ਵੀ ਹੋ ਸਕਦਾ ਹੈ। 

ਉਨ੍ਹਾਂ ਕਿਹਾ ਕਿ ਇਸ ਮਤੇ ਦੀ ਜਿੱਥੇ ਸਖ਼ਤ ਨਿੰਦਾ ਕਰਦੇ ਹਾਂ ਉਥੇ ਹੀ ਪੰਥ ਲਈ ਇਹ ਹਾਲਾਤ ਪੈਦਾ ਕਰਨ ਵਾਲਿਆਂ ਅਤੇ ਦੁਨੀਆ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਹੀ ਨਾ ਮੰਨਣ ਦਾ ਸੁਨੇਹਾ ਸਿੱਖ ਕੌਮ ਦੀ ਸਿਰਮੌਰ ਸੰਸਥਾ ਦੀ ਜੱਗ ਹਸਾਈ ਕਰਨ ਵਾਲਿਆਂ ਨੂੰ ਵੀ ਕਟਿਹਰੇ ਵਿੱਚ ਖੜ੍ਹਾ ਕਰਦੀ ਹਾਂ। ਬੀਬੀ ਜਗੀਰ ਕੌਰ ਨੇ ਕਿਹਾ ਕਿ 25 ਅਤੇ 26 ਜੂਨ ਦੀ ਦਰਮਿਆਨੀ ਰਾਤ ਨੂੰ ਦੇਸ਼ ਅੰਦਰ ਐਮਰਜੈਂਸੀ ਲਾ ਦਿੱਤੀ ਗਈ ਸੀ। ਉਸ ਵੇਲੇ ਕਾਂਗਰਸ ਦੀ ਸਭ ਤੋਂ ਤਾਕਤਵਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਨੇ ਹੀ ਝੰਡਾ ਚੁੱਕਿਆ ਸੀ। ਅੱਜ 26 ਜੂਨ 2023 ਹੈ, ਇਨ੍ਹਾਂ 48 ਸਾਲਾਂ ਵਿਚ ਸ਼੍ਰੋਮਣੀ ਅਕਾਲੀ ਦਲ ਵਿੱਚ ਕਿਹੜੀਆਂ ਵੱਡੀਆਂ ਤਬਦੀਲੀਆਂ ਆ ਗਈਆਂ ਕਿ ਪੰਜਾਬ ਸਰਕਾਰ ਵੱਲੋਂ ਗੁਰਦੁਆਰਿਆਂ ਦੇ ਪ੍ਰਬੰਧਾਂ ‘ਤੇ ਕੀਤੇ ਹਮਲੇ ਬਾਰੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ ਚੁੱਪ ਧਾਰੀ ਹੋਈ ਹੈ।

ਇਹ ਵੀ ਪੜ੍ਹੋ- ਨਸ਼ਿਆਂ ਦੀ ਦਲਦਲ ’ਚ ਫਸਿਆ ਪੰਜਾਬ, ਹਰ 6ਵਾਂ ਵਿਅਕਤੀ ਨਸ਼ੇ ਦਾ ਸ਼ਿਕਾਰ, ਉੱਜੜ ਰਹੇ ਘਰ

ਮੈਂ ਸਾਰੇ ਮੈਂਬਰ ਸਹਿਬਾਨਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਤਾਗੀਦ ਕਰਦੀ ਹਾਂ ਕਿ ਇਹ ਮਸਲਾ ਸਿਰਫ਼ ਪੀ. ਟੀ. ਸੀ. ਦਾ ਏਕਾ ਅਧਿਕਾਰ ਖ਼ਤਮ ਕਰਨ ਦਾ ਨਹੀਂ ਹੈ ਸਗੋਂ ਇਕ ਪਰਿਵਾਰ ਦੇ ਹਿੱਤਾਂ ਲਈ ਪੰਥਕ ਸੋਚ ਅਤੇ ਸਿਧਾਂਤ ਨੂੰ ਤਿਲਾਜ਼ਲੀ ਦੇਣ ਵਾਲਾ ਹੈ। ਜਿਸ ਅਕਾਲੀ ਦਲ ਨੇ 1920 ਵਿੱਚ ਸ਼੍ਰੋਮਣੀ ਕਮੇਟੀ ਬਣਾ ਕੇ 1925 ਦੇ ਐਕਟ ਵਿੱਚ ਸਿੱਖ ਔਰਤਾਂ ਨੂੰ ਵੋਟ ਦਾ ਅਧਿਕਾਰ ਦੇ ਦਿੱਤਾ ਸੀ ਜਦਕਿ ਉਦੋਂ ਸਾਡੇ ‘ਤੇ ਰਾਜ ਕਰਨ ਵਾਲੇ ਬਰਤਾਨੀਆਂ ਵਿੱਚ ਔਰਤ ਨੂੰ ਵੋਟ ਪਾਉਣ ਦਾ ਹੱਕ ਨਹੀਂ ਸੀ ਮਿਲਿਆ। ਸ਼੍ਰੋਮਣੀ ਕਮੇਟੀ ਦੀ ਰੱਖਿਆ ਲਈ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ ਸੀ, ਉਸ ਨੇ ਆਪਣੇ ਇਕ ਸਦੀ ਦਾ ਸਫ਼ਰ ਤੈਅ ਕਰਦਿਆਂ ਸਿੱਖ ਜਗਤ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਦੇ ਵਕਾਰ ਨੂੰ ਜ਼ਬਰਦਸਤ ਠਾਹ ਲਾਈ ਪਰ ਅਸੀਂ ਬਹੁਤੇ ਚੁੱਪ-ਚਾਪ ਬੈਠ ਕੇ ਹੁਕਮ ਮੰਨਦੇ ਰਹੇ ਅਤੇ ਪੰਚ ਪ੍ਰਧਾਨੀ ਦਾ ਸਿਧਾਂਤ ਛੱਡ ਕੇ ਲਿਫ਼ਾਫ਼ਾ ਕਲਚਰ ਨੂੰ ਜਨਮ ਦੇ ਸਿੱਖ ਮਰਿਆਦਾ ਨੂੰ ਵੱਡੀ ਸੱਟ ਮਾਰਦੇ ਰਹੇ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਿੱਚ ਸਰਕਾਰੀ ਦਖ਼ਲ ਨੂੰ ਕਿਸੇ ਵੀ ਰੂਪ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਗੁਰੂ ਘਰਾਂ ਦੀ ਰਾਖੀ ਲਈ ਜਿਹੜੀ ਵੀ ਕੁਰਬਾਨੀ ਦੇਣੀ ਪਈ ਅਸੀਂ ਤਿਆਰ-ਬਰ ਤਿਆਰ ਹਾਂ ਅਤੇ ਵਿਅਕਤੀਗਤ ਤੌਰ ‘ਤੇ ਮੈਂ ਇਸ ਪਵਿੱਤਰ ਹਾਊਸ ਵਿੱਚ ਐਲਾਨ ਕਰਦੀ ਹਾਂ ਕਿ ਗੁਰੂ ਪੰਥ ਦੀ ਨਿਮਾਣੀ ਸੇਵਾਦਾਰ ਹੋਣ ਦੇ ਨਾਤੇ ਹਰ ਤਰ੍ਹਾਂ ਦੀ ਕੁਰਬਾਨੀ ਲਈ ਤਿਆਰ ਹਾਂ ਕਿਉਂਕਿ ਜੇ ਅਸੀਂ ਅੱਜ ਵੀ ਨਾ ਬੋਲੇ ਤਾਂ ਇਤਿਹਾਸ ਸਾਨੂੰ ਲਾਹਣਤਾਂ ਪਾਵੇਗਾ।

ਇਹ ਵੀ ਪੜ੍ਹੋ- ਦਸੂਹਾ 'ਚ ਸ਼ਰਮਨਾਕ ਘਟਨਾ, 12 ਸਾਲਾ ਕੁੜੀ ਨੂੰ ਖੰਡਰ ਬਣੇ ਰੈਸਟ ਹਾਊਸ 'ਚ ਲੈ ਗਏ 3 ਮੁੰਡੇ, ਕੀਤਾ ਜਬਰ-ਜ਼ਿਨਾਹ

ਬੀਬੀ ਜਗੀਰ ਕੌਰ ਨੇ ਕਿਹਾ ਕਿ ਪੰਜਾਬ ਵਿੱਚ ਉਨ੍ਹਾਂ ਘੁੰਮ-ਘੁੰਮ ਕੇ ਵੇਖਿਆ ਹੈ ਕਿ ਕਿਵੇਂ ਸਿੱਖ ਆਪਣੀਆਂ ਸੰਸਥਾਵਾਂ ਦੀ ਹੋ ਰਹੀ ਤਬਾਹੀ ਨੂੰ ਬਚਾਉਣ ਲਈ ਤੜਫ਼ ਰਹੇ ਹਨ। ਜਦੋਂ ਮੈਂ ਉਨ੍ਹਾਂ ਦਾ ਦਰਦ ਮਹਿਸੂਸ ਕਰਦੀ ਹਾਂ ਤਾਂ ਕਈ-ਕਈ ਦਿਨ ਪਰੇਸ਼ਾਨੀ ਵਿੱਚ ਨੀਂਦ ਨਹੀਂ ਆਉਂਦੀ ਕਿ ਆਖਿਰ ਅਸੀਂ ਕਿਹੜੇ ਕੁਰਾਹੇ ਪੈ ਗਏ ਹਾਂ ਜਿਹੜਾਂ ਸਾਨੂੰ ਪੰਥ ਦੀ ਚੜ੍ਹਦੀ ਕਲਾ ਵੱਲ ਨਹੀਂ ਸਗੌਂ ਰਸਾਤਲ ਵੱਲ ਲੈ ਕੇ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਬਾਬੇ ਨਾਨਕ ਦੀ ਸੋਚ ਤੋਂ ਮੁਖ ਮੋੜ ਲਿਆ ਹੈ। ਉਨ੍ਹਾਂ ਅਪੀਲ ਕੀਤੀ ਕਿ ਅਸੀਂ ਫਿਰ ਤੋਂ ਗੁਰੂਆਂ ਦੇ ਆਸ਼ੇ ਵਾਲਾ ਖਾਲਸਾ ਪੰਥ ਸਿਰਜੀਏ, ਜਿਹੜਾ ਕੁਲ ਲੋਕਾਈ ਨੂੰ ਸਰਬੱਤ ਦਾ ਹੋਕਾ ਦਿੰਦਾ ਹੋਇਆਂ ਕੁਲ ਆਲਮ ਨੂੰ ਆਪਣੀ ਬੁੱਕਲ ਵਿੱਚ ਲਈਏ।

ਇਹ ਵੀ ਪੜ੍ਹੋ-ਅਨੁਰਾਗ ਠਾਕੁਰ ਨੇ ਜਲੰਧਰ BSF ਹੈੱਡ ਕੁਆਰਟਰ 'ਚ ਹਾਕੀ ਟਰਫ ਗਰਾਊਂਡ ਦਾ ਕੀਤਾ ਉਦਘਾਟਨ, ਖੇਡੇ ਸ਼ਾਟ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News