ਦੇਸ਼ ਦੇ ਅੰਨਦਾਤਿਆਂ ਨਾਲ ਅਪਰਾਧੀਆਂ ਵਰਗਾ ਸਲੂਕ ਕਰਨਾ ਅਤਿ-ਨਿੰਦਣਯੋਗ: ਬੀਬੀ ਜਗੀਰ ਕੌਰ

Thursday, Feb 15, 2024 - 06:52 PM (IST)

ਦੇਸ਼ ਦੇ ਅੰਨਦਾਤਿਆਂ ਨਾਲ ਅਪਰਾਧੀਆਂ ਵਰਗਾ ਸਲੂਕ ਕਰਨਾ ਅਤਿ-ਨਿੰਦਣਯੋਗ: ਬੀਬੀ ਜਗੀਰ ਕੌਰ

ਬੇਗੋਵਾਲ (ਰਜਿੰਦਰ)- ਹਰਿਆਣਾ ਦੀ ਹੱਦ 'ਤੇ ਦਿੱਲੀ ਜਾਣ ਲਈ ਬੈਠੇ ਕਿਸਾਨਾਂ ਅਤੇ ਮਜ਼ਦੂਰਾਂ 'ਤੇ ਅੱਥਰੂ ਗੈਸ ਦੇ ਗੋਲੇ ਅੰਨ੍ਹੇਵਾਹ ਸੁੱਟੇ ਜਾਣ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।  ਬੀਬੀ ਜਗੀਰ ਕੌਰ ਨੇ ਇਥੋਂ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਕਿਸਾਨਾਂ ਨਾਲ ਜਿਹੜਾ ਸਲੂਕ ਹਰਿਆਣਾ ਦੀ ਖੱਟੜ ਸਰਕਾਰ ਕਰ ਰਹੀ ਹੈ, ਉਹ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਦੁਸ਼ਮਣ ਦੇਸ਼ਾਂ ਦੀਆਂ ਫ਼ੌਜਾਂ ਲਈ ਵੀ ਇੰਨੇ ਸਖ਼ਤ ਇੰਤਜ਼ਾਮ ਨਹੀਂ ਕੀਤੇ ਜਾਂਦੇ, ਜਿੰਨ੍ਹੇ ਆਪਣੇ ਹੀ ਦੇਸ਼ ਦੇ ਕਿਸਾਨਾਂ ਲਈ ਕੀਤੇ ਗਏ ਹਨ। ਹਰਿਆਣਾ ਸਰਕਾਰ ਨੇ ਅਜਿਹਾ ਕਰਕੇ ਪੰਜਾਬੀਆਂ ਦੇ ਮਨਾਂ ਵਿੱਚ ਬੇਗਾਨਗੀ ਦਾ ਅਹਿਸਾਸ ਭਰਨ ਦੀ ਕੋਝੀ ਚਾਲ ਚੱਲੀ ਹੈ। ਹਰਿਆਣਾ ਸਰਕਾਰ ਦੇ ਇਸ ਵਿਵਹਾਰ ਦੀ ਦੁਨੀਆ ਭਰ ਵਿੱਚ ਨਿੰਦਾ ਹੋ ਰਹੀ ਹੈ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਜਿਹੜੇ ਕਿਸਾਨ ਸਦੀਆਂ ਤੋਂ ਭੁੱਖੇ ਲੋਕਾਂ ਲਈ ਸਖ਼ਤ ਮਿਹਨਤ ਨਾਲ ਅਨਾਜ ਪੈਦਾ ਕਰਦੇ ਆ ਰਹੇ ਹਨ ਪਰ ਭਾਜਪਾ ਸਰਕਾਰ ਉਨ੍ਹਾਂ ਨਾਲ ਅਪਰਾਧੀਆਂ ਵਰਗਾ ਵਿਵਹਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਕ ਪਾਸੇ ਤਾਂ ਕਿਸਾਨਾਂ ਦੇ ਵੱਡੇ ਆਗੂ ਚੌਧਰੀ ਚਰਨ ਸਿੰਘ ਨੂੰ ਕਿਸਾਨਾਂ ਦਾ ਮਸੀਹਾ ਦੱਸੀ ਰਹੀ ਹੈ ਅਤੇ ਉਨ੍ਹਾਂ ਨੂੰ ਭਾਰਤ ਰਤਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੌਧਰੀ ਚਰਨ ਸਿੰਘ ਵੀ ਆਪਣੇ ਜੀਵਨ ਕਾਲ ਦੌਰਾਨ ਕਿਸਾਨਾਂ ਲਈ ਏਸੇ ਤਰ੍ਹਾਂ ਦਾ ਸੰਘਰਸ਼ ਕਰਦੇ ਰਹੇ ਸਨ ਪਰ ਅੱਜ ਸਰਕਾਰਾਂ ਕਿਸਾਨਾਂ 'ਤੇ ਹੰਝੂ ਗੈਸ ਦੇ ਗੋਲੇ ਅਤੇ ਪਲਾਸਟਿਕ ਦੀਆਂ ਗੋਲੀਆਂ ਦਾਗ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਰਹੀਆਂ ਹਨ।

ਇਹ ਵੀ ਪੜ੍ਹੋ: ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ, ਅਮਰੀਕਾ ਵਿਖੇ ਸੜਕ ਹਾਦਸੇ ਦੌਰਾਨ ਟਾਂਡਾ ਦੇ ਨੌਜਵਾਨ ਦੀ ਮੌਤ

ਬੀਬੀ ਜਗੀਰ ਕੌਰ ਨੇ ਕੇਂਦਰ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਪਹਿਲੇ ਕਿਸਾਨ ਅੰਦੋਲਨ ਦੌਰਾਨ ਜਿਹੜੀਆਂ ਮੰਗਾਂ ਮੰਨੀਆਂ ਗਈਆਂ ਸਨ, ਉਨ੍ਹਾਂ ਨੂੰ ਹੀ ਨੇਕ ਨੀਅਤ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ ਹੈ। ਐੱਮ. ਐੱਸ. ਪੀ. ਦੀ ਗਾਰੰਟੀ ਦੀ ਮੰਗ ਮੰਨੀ ਗਈ ਸੀ ਅਤੇ ਹੁਣ ਦੋ ਸਾਲ ਬੀਤਣ ਦੇ ਬਾਵਜੂਦ ਇਸ ਨੂੰ ਲਾਗੂ ਤਾਂ ਕੀ ਕਰਨਾ ਸੀ, ਉਲਟਾ ਕੇਂਦਰੀ ਮੰਤਰੀ ਕਹਿ ਰਹੇ ਹਨ ਕਿ ਐੱਮ. ਐੱਸ. ਪੀ. ਨੂੰ ਏਨੇ ਥੋੜ੍ਹੇ ਸਮੇਂਵਿੱਚ ਲਾਗੂ ਨਹੀਂ ਕੀਤਾ ਜਾ ਸਕਦਾ।  ਉਨ੍ਹਾਂ ਕਿਹਾ ਕਿ ਕਿਸਾਨ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਕਰ ਰਹੇ ਹਨ। ਭਾਰਤ ਸਰਕਾਰ ਨੇ ਸਵਾਮੀਨਾਥਨ ਨੂੰ ਵੀ ਭਾਰਤ ਰਤਨ ਦੇਣ ਜਾ ਰਹੀ ਹੈ ਪਰ ਉਨ੍ਹਾਂ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਕਰਨ ਵਾਲਿਆਂ ਦੇ ਡਾਂਗਾਂ ਫੇਰੀਆਂ ਜਾ ਰਹੀਆਂ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਅਜਿਹੇ ਦੋਹਰੇ ਮਾਪਦੰਡਾਂ ਨਾਲ ਸਰਕਾਰਾਂ ਨਹੀਂ ਚੱਲਿਆ ਕਰਦੀਆਂ। ਉਨ੍ਹਾਂ ਅਪੀਲ ਕੀਤੀ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਬਿਨ੍ਹਾ ਦੇਰੀ ਦੇ ਮੰਨਿਆ ਜਾਵੇ ਅਤੇ ਉਨ੍ਹਾਂ ਨੂੰ ਲਾਗੂ ਕੀਤਾ ਜਾਵੇ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਪੰਜਾਬ 'ਚ ਬੰਦ ਨਹੀਂ ਹੋਣਗੇ ਪੈਟਰੋਲ ਪੰਪ, ਪੈਟਰੋਲੀਅਮ ਡੀਲਰਸ ਐਸੋਸੀਏਸ਼ਨ ਦਾ ਅਹਿਮ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News