ਕਾਂਗਰਸ ਨੇ ਬੇਅਦਬੀ ਮਾਮਲੇ ਦਾ ਕੀਤਾ ਸਿਆਸੀਕਰਨ: ਬੀਬੀ ਜਗੀਰ ਕੌਰ

11/08/2021 4:51:08 PM

ਸ੍ਰੀ ਆਨੰਦਪੁਰ ਸਾਹਿਬ (ਜ.ਬ.)- ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਜਦੋਂ ਪਾਕਿਸਤਾਨ ਦੀ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੈ ਤਾਂ ਭਾਰਤ ਦੀ ਮੋਦੀ ਸਰਕਾਰ ਨੂੰ ਤਕਲੀਫ਼ ਕਿਉਂ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਬੀਤੇ ਦਿਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ।

ਬੀਬੀ ਜਗੀਰ ਕੌਰ ਨੇ ਗੱਲਬਾਤ ਕਰਦਿਆਂ ਅੱਗੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਿੱਖਾਂ ਦੇ ਲਟਕੇ ਹੋਏ ਮੁੱਦਿਆਂ ਸਬੰਧੀ ਮੋਦੀ ਸਰਕਾਰ ਤੋਂ ਕਈ ਵਾਰ ਸਮਾਂ ਮੰਗਿਆ ਜਾ ਚੁੱਕਾ ਹੈ ਅਤੇ ਇਸ ਸਬੰਧੀ ਹਰੇਕ ਮਹੀਨੇ ਚਿੱਠੀ ਵੀ ਲਿਖੀ ਜਾਂਦੀ ਹੈ ਪਰ ਕੇਂਦਰ ਸਰਕਾਰ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜੋ ਕਿ ਸਿੱਖਾਂ ਨਾਲ ਬਹੁਤ ਵੱਡੀ ਬੇਇਨਸਾਫ਼ੀ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਜਾਣਾ ਚਾਹੀਦਾ ਹੈ ਪਰ ਕੇਂਦਰ ਸਰਕਾਰ ਜਾਣ ਬੁੱਝ ਕੇ ਇਸ ਨੂੰ ਲਮਕਾ ਰਹੀ ਹੈ, ਜਿਸ ਨਾਲ ਕੇਂਦਰ ਸਰਕਾਰ ਦੀ ਗੰਭੀਰਤਾਂ ਨਾ ਹੋਣੀ ਸਪੱਸ਼ਟ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਪੌਣੇ ਪੰਜ ਸਾਲ ਪੂਰੇ ਹੋ ਚੁੱਕੇ ਹਨ ਅਤੇ ਜੁਗੋਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲੇ ਦੇ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀ ਕੀਤੀ ਗਈ। ਹੋਰ ਤਾਂ ਹੋਰ ਇਸ ਮਾਮਲੇ ਦਾ ਕਾਂਗਰਸ ਨੇ ਸਿਆਸੀਕਰਨ ਕਰਕੇ ਸੰਗਤਾਂ ਨੂੰ ਗੁੰਮਰਾਹ ਕੀਤਾ ਹੈ।

ਇਹ ਵੀ ਪੜ੍ਹੋ: ਲਾਪਰਵਾਹੀ ਦੀ ਹੱਦ: ਜਲੰਧਰ ’ਚ ਲੱਗੇ ਇਹ ਸਾਈਨ ਬੋਰਡ ਭਟਕਾ ਰਹੇ ਨੇ ਲੋਕਾਂ ਦਾ ਰਾਹ

ਬੀਬੀ ਜਗੀਰ ਕੌਰ ਨੇ ਆਪਣੇ ਇਕ ਸਾਲ ਦਾ ਲੇਖਾ ਜ਼ੋਖਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਟੀਮ ਵਲੋਂ ਜਿੱਥੇ ਕੋਵਿਡ ਕਾਲ ਦੌਰਾਨ ਸੰਗਤ ਦੀ ਸੇਵਾ ਕੀਤੀ ਗਈ, ਉੱਥੇ ਹੀ ਕਿਸਾਨੀ ਮੋਰਚਾ, ਸਿੱਖਿਆ ਵਿਚ ਸੁਧਾਰ, ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬਦੀ ਸਮਾਗਮ, ਸ਼੍ਰੋਮਣੀ ਕਮੇਟੀ ਦਾ ਸ਼ਤਾਬਦੀ ਵਰ੍ਹਾ ਆਦਿ ਦੇ ਵੱਡੇ ਇਤਿਹਾਸਕ ਕਾਰਜ ਕੀਤੇ ਗਏ ਹਨ, ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਮੈਂਬਰ ਕਾਰਜਕਾਰਣੀ ਅਜਮੇਰ ਸਿੰਘ ਖੇੜਾ, ਮੈਂਬਰ ਸ਼੍ਰੋਮਣੀ ਕਮੇਟੀ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਪ੍ਰਿੰਸੀ: ਸੁਰਿੰਦਰ ਸਿੰਘ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ: ਕਬਰਾਂ ’ਚ ਦੀਵੇ ਨੇ, ਸ਼ਹੀਦਾਂ ਘਰੀਂ ਹਨੇਰੇ ਨੇ, ਸ਼ਹਾਦਤਾਂ ਦਾ ਸਿਆਸੀਕਰਨ ਕਰਨ ਵਾਲੇ ਮੁੜ ਨੀਂ ਲੈਂਦੇ ਪਰਿਵਾਰਾਂ ਦੀ ਸਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News