ਬੀਬੀ ਜਗੀਰ ਕੌਰ ਦਾ ‘ਬਰਖ਼ਾਸਤਗੀ’ ਤੋਂ ਬਾਅਦ ਆਪਣੇ ਹਲਕੇ ’ਚ ਪਹਿਲਾ ਸ਼ਕਤੀ ਪ੍ਰਦਰਸ਼ਨ ਅੱਜ
Tuesday, Dec 06, 2022 - 08:41 AM (IST)
ਲੁਧਿਆਣਾ (ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਬਗਾਵਤੀ ਝੰਡਾ ਚੁੱਕਣ ਵਾਲੀ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ’ਚ ਦਿਖਾਏ ਤਿੱਖੇ ਤੇਵਰਾਂ ਕਾਰਨ 42 ਵੋਟਾਂ ਨਾਲ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਬਦਲਾਅ ਲਿਆਉਣ ਦਾ ਪਹਿਲਾ ਹੰਭਲਾ ਮਾਰਨ ’ਤੇ ਸ਼੍ਰੋਮਣੀ.ਅਕਾਲੀ ਦਲ ਨੇ ਬੀਬੀ ਜੀ ਨੂੰ ਬਰਖਾਸਤ ਕਰ ਦਿੱਤਾ ਸੀ। ਅੱਜ ਉਹ ਆਪਣੇ ਵਿਧਾਨ ਸਭਾ ਹਲਕਾ ਭੁਲੱਥ ਵਿਚ ਬਰਖਾਸਤਗੀ ਤੋਂ ਬਾਅਦ ਪਹਿਲੀ ਮੀਟਿੰਗ ਕਰਨ ਜਾ ਰਹੀ ਹੈ, ਜਿਸ ਨੂੰ ਰਾਜਸੀ ਹਲਕੇ ਸ਼ਕਤੀ ਪ੍ਰਦਰਸ਼ਨ ਮੰਨ ਰਹੇ ਹਨ। ਪਤਾ ਲੱਗਾ ਹੈ ਕਿ ਬੀਬੀ ਜੀ ਮੀਟਿੰਗ ’ਚ ਵੱਡਾ ਇਕੱਠ ਕਰ ਕੇ ਹਲਕੇ ਵਿਚ ਆਪਣੀ ਹੋਂਦ ਤੇ ਪਕੜ ਤੋਂ ਇਲਾਵਾ ਆਪਣੇ ਵਿਰੋਧੀਆਂ ਨੂੰ ਇਹ ਸੁਨੇਹਾ ਦੇਵੇਗੀ, ਜੋ ਇਹ ਆਖ ਰਹੇ ਹਨ ਕਿ ਬੀਬੀ ਦਾ ਕੋਈ ਆਧਾਰ ਨਹੀਂ ਹੈ।
ਜਦੋਂ ‘ਜਗ ਬਾਣੀ’ ਨੇ ਬੀਬੀ ਜਗੀਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਘਬਰਾਓ ਨਾ ਇਹ ਦੋਆਬੇ ਦੀ ਨਹੀਂ ਮੇਰੇ ਹਲਕੇ ਦੀ ਮੀਟਿੰਗ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਕੌਣ-ਕੌਣ ਮੀਟਿੰਗ ’ਚ ਆ ਰਿਹਾ ਹੈ ਤਾਂ ਉਨ੍ਹਾਂ ਕਿਹਾ ਕਿ ਮੈਂ ਕੋਈ ਨੇਤਾ ਨਹੀਂ ਸੱਦਿਆ। ਜੇਕਰ ਕੋਈ ਆਵੇਗਾ ਤਾਂ ਉਸ ਦਾ ਸਵਾਗਤ ਹੋਵੇਗਾ। ਜਦੋਂ ਜਗਮੀਤ ਸਿੰਘ ਬਰਾੜ ਦੀ ਹਾਜ਼ਰੀ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਬਰਾੜ ਸਾਹਿਬ ਨਾਲ ਮੇਰੀ ਗੱਲ ਹੋ ਗਈ ਹੈ। ਮੈਂ ਉਨ੍ਹਾਂ ਨੂੰ ਦੱਸ ਦਿੱਤਾ ਕਿ ਇਹ ਮੀਟਿੰਗ ਮੇਰੇ ਹਲਕੇ ਦੀ ਛੋਟੀ ਮੀਟਿੰਗ ਹੈ। ਵਾਰ-ਵਾਰ ਪੁੱਛਣ ’ਤੇ ਕਿ ਕਿੰਨਾ ਕੁ ਇਕੱਠ ਹੋਵੇਗਾ ਤਾਂ ਬੀਬੀ ਜੀ ਨੇ ਕਿਹਾ ਕਿ ਤੁਸੀਂ ਖੁਦ ਆ ਕੇ ਵੇਖ ਲੈਣਾ ਕਿੰਨੇ ਕੁ ਹਲਕੇ ਦੇ ਹਮਾਇਤੀ ਤੇ ਸਾਥੀ ਮੀਟਿੰਗ ਆਉਂਦੇ ਹਨ। ਬੀਬੀ ਦੀ ਇਹ ਗੱਲ ਸਾਬਿਤ ਕਰਦੀ ਸੀ ਕਿ ਮੀਟਿੰਗ ’ਚ ਹਲਕੇ ਦੇ ਲੋਕ ਵੱਡੀ ਗਿਣਤੀ ’ਚ ਆਉਣਗੇ ਅਤੇ ਉਹ ਇਹ ਦੱਸਣਗੇ ਕਿ ਭਾਵੇਂ ਅਕਾਲੀ ਦਲ ਨੇ ਬੀਬੀ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ ਹੈ ਪਰ ਅਸੀਂ ਬੀਬੀ ਦੇ ਨਾਲ ਹਾਂ।