ਬੀਬਾ ਬਾਦਲ ਦੇ ਯਤਨਾਂ ਸਦਕਾ ਮਾਨਸਾ ਤੇ ਇਨ੍ਹਾਂ ਬਲਾਕ ਦੀਆਂ 8 ਸੜਕਾਂ ਦਾ ਹੋਵੇਗਾ ਨਵ-ਨਿਰਮਾਣ

Saturday, Feb 13, 2021 - 07:58 PM (IST)

ਬੀਬਾ ਬਾਦਲ ਦੇ ਯਤਨਾਂ ਸਦਕਾ ਮਾਨਸਾ ਤੇ ਇਨ੍ਹਾਂ ਬਲਾਕ ਦੀਆਂ 8 ਸੜਕਾਂ ਦਾ ਹੋਵੇਗਾ ਨਵ-ਨਿਰਮਾਣ

ਬੁਢਲਾਡਾ,(ਮਨਜੀਤ)- ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ, ਬਠਿੰਡਾ ਲੋਕ ਸਭਾ ਹਲਕੇ ਦੇ 4 ਬਲਾਕਾਂ ਦੀਆਂ 8 ਸੜਕਾਂ ਦਾ ਅਪਗ੍ਰੇਡੇਸ਼ਨ (ਨਵ-ਨਿਰਮਾਣ) ਹੋਣ ਜਾ ਰਿਹਾ ਹੈ। ਇਸ ਕਾਰਜ ਸੰਬੰਧੀ ਦਸਤਾਵੇਜ਼ੀ ਕਾਰਵਾਈਆਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਜਲਦ ਹੀ ਇਨ੍ਹਾਂ ਸੜਕਾਂ 'ਤੇ ਨਵ-ਨਿਰਮਾਣ ਕਾਰਜ ਸ਼ੁਰੂ ਹੋਣ ਜਾ ਰਹੇ ਹਨ। ਇਸ ਬਾਰੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਐਕਾਊਂਟਾਂ ਰਾਹੀਂ ਜਾਣਕਾਰੀ ਸਾਂਝੀ ਕਰਕੇ ਪੁਸ਼ਟੀ ਕੀਤੀ ਹੈ। 80.99 ਕਿਲੋਮੀਟਰ ਦੀ ਕੁੱਲ ਲੰਬਾਈ ਵਾਲੀਆਂ ਇਨ੍ਹਾਂ 8 ਸੜਕਾਂ ਦੇ ਵੇਰਵੇ ਇਸ ਪ੍ਰਕਾਰ ਹਨ।  ਬਲਾਕ ਸਰਦੂਲਗੜ੍ਹ ਦੀਆਂ ਸੜਕਾਂ ਵਿੱਚ ਟਿੱਬੀ ਹਰੀ ਸਿੰਘ ਤੋਂ ਹਿੰਗਣਾਂ, ਬਰਾਸਤਾ ਮੀਰਪੁਰ ਖੁਰਦ, ਮੀਰਪੁਰ ਕਲਾਂ ਅਤੇ ਰਣਜੀਤਗੜ੍ਹ ਬੰਦਰਾਂ 9.65 ਕਿਲੋਮੀਟਰ, ਰਾਜਰਾਣਾ ਤੋਂ ਮਾਨਖੇੜਾ ਬਰਾਸਤਾ ਸੰਘਾ 7.95 ਕਿਲੋਮੀਟਰ, ਹੀਰਕੇ ਤੋਂ ਉੱਲਕ ਬਰਾਸਤਾ ਝੰਡੂਕੇ, ਫੱਤਾਮਲੂਕਾ, ਜਟਾਣਾ ਖੁਰਦ, ਕੋਟੜਾ, ਚੂੜੀਆਂ 20.32 ਕਿਲੋਮੀਟਰ ਸੜਕਾਂ ਸ਼ਾਮਲ ਹਨ। ਬਲਾਕ ਮਾਨਸਾ ਦੀਆਂ ਸੜਕਾਂ ਅਧੀਨ ਰਾਮਦਿੱਤੇਵਾਲਾ ਮਾਨਸਾ ਤਲਵੰਡੀ ਰੋਡ ਤੋਂ ਮਾਖਾ ਬਲਾਕ ਹੱਦ ਬਰਾਸਤਾ ਰਾਮਦਿੱਤੇਵਾਲਾ ਗਹਿਲੇ ਘਰਾਂਗਣਾ 5.70 ਕਿਲੋਮੀਟਰ, ਨੰਗਲ ਕਲਾਂ ਤੋਂ ਕੋਟ ਧਰਮੂ 5.00 ਕਿਲੋਮੀਟਰ ਦਾ ਨਵ-ਨਿਰਮਾਣ ਹੋਣ ਜਾ ਰਿਹਾ ਹੈ। ਬਲਾਕ ਭੀਖੀ ਅੰਦਰ ਪਿੰਡ ਮੱਟੀ ਭੀਖੀ-ਧਨੌਲਾ ਰੋਡ ਤੋਂ ਚੀਮਾ 12.95 ਕਿਲੋਮੀਟਰ, ਜ਼ਿਲ੍ਹਾ ਹੱਦ ਤੱਕ ਅਤੇ ਅਕਲੀਆ ਤੋਂ ਬੁਰਜ ਢਿਲਵਾਂ ਬਲਾਕ ਹੱਦ ਤੱਕ ਬਰਾਸਤਾ ਰਾੜ 13.32 ਕਿਲੋਮੀਟਰ ਸੜਕਾਂ ਦੇ ਕਾਰਜ ਸ਼ਾਮਲ ਹਨ। ਬਲਾਕ ਬੁਢਲਾਡਾ ਦੇ ਨਵ-ਨਿਰਮਾਣ ਹੋਣ ਜਾ ਰਹੀਆਂ ਸੜਕਾਂ ਵਿੱਚ ਬੁਢਲਾਡਾ-ਜਾਖਲ ਰੋਡ ਤੋਂ ਡਸਕਾ, ਬਰਾਸਤਾ ਰੱਲੀ ਜ਼ਿਲ੍ਹਾ ਹੱਦ ਤੱਕ 6.10 ਕਿਲੋਮੀਟਰ ਲੰਮੀ ਸੜਕ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 24 ਅਕਤੂਬਰ 2020 ਨੂੰ ਹੀ ਨਥਾਣਾ (ਬਠਿੰਡਾ) ਤੋਂ ਬਾਘਾਪੁਰਾਣਾ (ਮੋਗਾ) ਸੜਕ ਨੂੰ ਵੀ ਬੀਬਾ ਦੇ ਯਤਨਾਂ ਸਦਕਾ ਕੇਂਦਰ ਸਰਕਾਰ ਵੱਲੋਂ ਨਵ-ਨਿਰਮਾਣ ਦੀ ਮਨਜ਼ੂਰੀ ਹਾਸਲ ਹੋਈ ਸੀ ਅਤੇ ਉਸ ਤੋਂ ਲਗਭਗ 15 ਹੀ ਦਿਨਾਂ ਬਾਅਦ ਮੁੜ 32.28 ਕਿਲੋਮੀਟਰ ਦੀ ਲੰਬਾਈ ਵਾਲੀਆਂ ਮਹਿਮਾ ਸਰਜਾ ਤੋਂ ਅਬਲੂ, ਭਾਗੀਵਾਂਦਰ ਤੋਂ ਰਾਮਾ ਮੰਡੀ ਅਤੇ ਘੁੱਦਾ ਤੋਂ ਨੰਦਗੜ੍ਹ ਕੋਟਗੁਰੂ ਤੱਕ ਦੀਆਂ 3 ਸੜਕਾਂ ਨੂੰ ਮਨਜ਼ੂਰੀ ਵੀ ਬੀਬਾ ਜੀ ਨੇ ਮਿਹਨਤ ਸਦਕਾ ਹਾਸਲ ਕੀਤੀ ਸੀ। ਇਸ ਬਾਰੇ ਗੱਲਬਾਤ ਕਰਦੇ ਹੋਏ ਬੀਬਾ ਬਾਦਲ ਨੇ ਦੱਸਦੇ ਹੋਏ ਖੁਸ਼ੀ ਜ਼ਾਹਰ ਕੀਤੀ ਕਿ ਉਨ੍ਹਾਂ ਵੱਲੋਂ ਇਨ੍ਹਾਂ ਸੜਕਾਂ ਦੇ ਨਵ-ਨਿਰਮਾਣ ਦੀ ਪ੍ਰਸਤਾਵਨਾ ਭੇਜੀ ਗਈ ਸੀ, ਅਤੇ ਉਨ੍ਹਾਂ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਬਹੁਤ ਥੋੜ੍ਹੇ ਸਮੇਂ ਦੌਰਾਨ ਹੀ ਇਹ ਕਾਰਜ ਨੇਪਰੇ ਚਾੜ੍ਹਨ ਜਾ ਰਹੇ ਹਨ। ਹਲਕਾ ਵਾਸੀਆਂ ਨੂੰ ਇਸ ਗੱਲ ਦੀ ਵਧਾਈ ਦਿੰਦੇ ਹੋਏ ਬੀਬਾ ਬਾਦਲ ਨੇ ਲੋਕ ਸਭਾ ਹਲਕਾ ਬਠਿੰਡੇ ਦੀ ਵਿਕਾਸ ਪੱਖੀ ਕਾਰਜਾਂ ਨਾਲ ਨੁਹਾਰ ਬਦਲਣ ਦੀ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ।


author

Bharat Thapa

Content Editor

Related News