ਭਾਰੀ ਮਾਤਰਾ ''ਚ ਨਸ਼ੇ ਵਾਲੇ ਪਦਾਰਥ ਬਰਾਮਦ, 8 ਵਿਅਕਤੀ ਗ੍ਰਿਫ਼ਤਾਰ
Sunday, Aug 09, 2020 - 02:39 PM (IST)
ਸੰਗਰੂਰ (ਵਿਵੇਕ ਸਿੰਧਵਾਨੀ) : ਪੁਲਸ ਨੇ 7 ਮਾਮਲਿਆਂ ਵਿਚ 85 ਕਿੱਲੋ ਭੁੱਕੀ ਚੂਰਾ ਪੋਸਤ, ਅੱਧਾ ਕਿਲੋ ਅਫੀਮ, 2500 ਨਸ਼ੇ ਵਾਲੀਆਂ ਗੋਲੀਆਂ, 165 ਲਿਟਰ ਲਾਹਣ, 45 ਬੋਤਲਾਂ ਸ਼ਰਾਬ ਸਮੇਤ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਧਰਮਗੜ੍ਹ ਦੇ ਪੁਲਸ ਅਧਿਕਾਰੀ ਰਾਮ ਸਿੰਘ ਨੇ ਦੱਸਿਆ ਕਿ ਮੁਖਬਰ ਨੇ ਸੂਚਨਾ ਦਿੱਤੀ ਕਿ ਜਗਸੀਰ ਸਿੰਘ ਵਾਸੀ ਚੀਮਾ ਅਤੇ ਗੁਰਜੀਤ ਸਿੰਘ ਵਾਸੀ ਕਕਰਾਲਾ ਨਸ਼ੇ ਵਾਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦੇ ਹਨ। ਉਹ ਅੱਜ ਵੀ ਗੁਰਜੀਤ ਸਿੰਘ ਕੋਲੋਂ ਨਸ਼ੇ ਵਾਲੀਆਂ ਗੋਲੀਆਂ ਲੈ ਕੇ ਜਗਸੀਰ ਸਿੰਘ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਖੇਪਲ ਨੂੰ ਆ ਰਿਹਾ ਹੈ। ਸੂਚਨਾ ਦੇ ਆਧਾਰ 'ਤੇ ਛਾਪਾ ਮਾਰ ਕੇ ਦੋਸ਼ੀਆਂ ਨੂੰ 2500 ਨਸ਼ੇ ਵਾਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ।
ਇਸੇ ਤਰ੍ਹਾਂ ਥਾਣਾ ਸਿਟੀ ਸੁਨਾਮ ਦੇ ਪੁਲਸ ਅਧਿਕਾਰੀ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਪੁਲਸ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਲਾਲੀ ਵਾਸੀ ਸੁਨਾਮ ਅਤੇ ਅਸ਼ੋਕ ਕੁਮਾਰ ਵਾਸੀ ਸੁਨਾਮ ਨਸ਼ੇ ਵਾਲੇ ਪਦਾਰਥ ਵੇਚਣ ਦੇ ਆਦੀ ਹਨ। ਅੱਜ ਵੀ ਅਸ਼ੋਕ ਕੁਮਾਰ ਟਰੱਕ ਵਿਚ ਭੁੱਕੀ ਚੂਰਾ ਪੋਸਤ ਲੈ ਕੇ ਆ ਰਿਹਾ ਹੈ। ਸੂਚਨਾ ਦੇ ਆਧਾਰ 'ਤੇ ਰੇਡ ਕਰਕੇ ਟਰੱਕ 'ਚੋਂ 25 ਕਿਲੋ ਭੁੱਕੀ, 60 ਕਿਲੋ ਡੋਡੇ, 500 ਗ੍ਰਾਮ ਅਫੀਮ ਸਮੇਤ ਉਸਨੂੰ ਗ੍ਰਿਰਫਤਾਰ ਕੀਤਾ ਗਿਆ। ਇਕ ਹੋਰ ਮਾਮਲੇ ਵਿਚ ਥਾਣਾ ਛਾਂਜਲੀ ਦੇ ਪੁਲਸ ਅਧਿਕਾਰੀ ਕਮਲਜੀਤ ਸਿੰਘ ਨੇ ਦੱਸਿਆ ਕਿ ਮੁਖਬਰ ਦੀ ਸੂਚਨਾ ਦੇ ਆਧਾਰ 'ਤੇ ਮਹਿੰਦਰ ਸਿੰਘ ਵਾਸੀ ਛਾਜਲੀ ਦੇ ਖੇਤਾਂ ਵਿਚੋਂ 100 ਲਿਟਰ ਲਾਹਣ ਬਰਾਮਦ ਕਰਕੇ ਉਸਨੂੰ ਗ੍ਰਿਫਤਾਰ ਕੀਤਾ ਗਿਆ।
ਇਸੇ ਤਰ੍ਹਾਂ ਨਾਲ ਥਾਣਾ ਖਨੌਰੀ ਦੇ ਪੁਲਸ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਮੁਖਬਰ ਦੀ ਸੂਚਨਾ ਦੇ ਆਧਾਰ 'ਤੇ ਦੀਦਾਰ ਸਿੰਘ ਵਾਸੀ ਨਵਾਂਗਾਉ ਦੇ ਘਰ ਛਾਪਾ ਮਾਰ ਕੇ 40 ਲਿਟਰ ਲਾਹਣ ਬਰਾਮਦ ਕਰਕੇ ਉਸਨੂੰ ਗ੍ਰਿਫਤਾਰ ਕੀਤਾ ਗਿਆ। ਥਾਣਾ ਖਨੌਰੀ ਦੇ ਹੌਲਦਾਰ ਨਾਜਰ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ ਵਾਸੀ ਨਵਾਂਗਉਂ ਦੇ ਘਰ ਰੇਡ ਕਰਕੇ ਉਸ ਕੋਲੋਂ 35 ਲੀਟਰ ਲਾਹਣ ਬਰਾਮਦ ਕਰਕੇ ਉਸਨੂੰ ਗ੍ਰਿਫਤਾਰ ਕੀਤਾ ਗਿਆ। ਇਕ ਹੋਰ ਮਾਮਲੇ ਵਿਚ ਥਾਣਾ ਸੰਦੌੜ ਦੇ ਪੁਲਸ ਅਧਿਕਾਰੀ ਹਰਜੀਤ ਸਿੰਘ ਨੇ ਦੱਸਿਆ ਕਿ ਮੁਖਬਰ ਦੀ ਸੂਚਨਾ ਦੇ ਆਧਾਰ 'ਤੇ ਕਰਮਜੀਤ ਕੌਰ ਵਾਸੀ ਭੂੰਦਣ ਦੇ ਘਰ ਰੇਡ ਕਰਕੇ ਉਸਨੂੰ 45 ਬੋਤਲਾਂ ਸ਼ਰਾਬ ਹਰਿਆਣਾ ਸਮੇਤ ਗ੍ਰਿਫਤਾਰ ਕੀਤਾ ਗਿਆ। ਇਸੇ ਤਰ੍ਹਾਂ ਨਾਲ ਥਾਣਾ ਦਿੜ੍ਹਬਾ ਦੇ ਥਾਣੇਦਾਰ ਸਤਿਗੁਰ ਸਿੰਘ ਨੇ ਦੱਸਿਆ ਕਿ ਮੁਖਬਰ ਨੇ ਸੂਚਨਾ ਦਿੱਤੀ ਕਿ ਵਿੱਕੀ, ਗੁਰੀ ਵਾਸੀਆਨ ਦਿੜ੍ਹਬਾ, ਸੱਤੀ ਵਾਸੀ ਕੌਹਰੀਆਂ ਰੋਡ ਦਿੜਬਾ ਨਸ਼ੇ ਟੀਕੇ ਲਿਆ ਕੇ ਇਕ-ਦੂਸਰੇ ਦੇ ਲਗਾਉਣ ਅਤੇ ਵੇਚਣ ਦੇ ਆਦੀ ਹਨ। ਸੂਚਨਾ ਦੇ ਆਧਾਰ ''ਤੇ ਰੇਡ ਕਰਕੇ ਵਿੱਕੀ ਕੁਮਾਰ ਨੂੰ 10 ਨਸ਼ੇ ਵਾਲੇ ਟੀਕਿਆਂ ਸਮੇਤ ਗ੍ਰਿਫਤਾਰ ਕੀਤਾ ਗਿਆ। ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।