ਭੋਗਪੁਰ ਖੰਡ ਮਿੱਲ ''ਚੋਂ ਮਿਲੀ ਇਕਲੌਤੇ ਪੁੱਤ ਦੀ ਲਾਸ਼, ਮਾਂ ਨੇ ਜਤਾਇਆ ਕਤਲ ਦਾ ਸ਼ੱਕ

Tuesday, Feb 23, 2021 - 11:01 PM (IST)

ਭੋਗਪੁਰ ਖੰਡ ਮਿੱਲ ''ਚੋਂ ਮਿਲੀ ਇਕਲੌਤੇ ਪੁੱਤ ਦੀ ਲਾਸ਼, ਮਾਂ ਨੇ ਜਤਾਇਆ ਕਤਲ ਦਾ ਸ਼ੱਕ

ਭੋਗਪੁਰ, (ਰਾਜੇਸ਼ ਸੂਰੀ)- ਭੋਗਪੁਰ ਖੰਡ ਮਿੱਲ ਵਿਚ ਇਕ ਨੌਜ਼ਵਾਨ ਦੀ ਭੇਦਭਰੇ ਹਲਾਤਾਂ ਵਿਚ ਲਾਸ਼ ਮਿਲਣ ਤੋਂ ਬਾਅਦ ਮਿੱਲ ਦੇ ਠੇਕੇਦਾਰ ਵੱਲੋਂ ਪੁਲਸ ਨੂੰ ਸੂਚਨਾ ਦੇਣ ਦੀ ਬਜਾਏ ਨੌਜ਼ਵਾਨ ਦੀ ਲਾਸ਼ ਉਸ ਦੇ ਘਰ ਭੇਜ ਦਿੱਤੇ ਜਾਣ ਦੀ ਖਬਰ ਹੈ। ਮਿ੍ਰਤਕ ਨੌਜ਼ਵਾਨ ਜੋ ਕਿ ਅਪਣੇ ਮਾਤਾ ਪਿਤਾ ਦੀ ਇਕਲੌਤੀ ਔਲਾਦ ਸੀ ਦੀ ਮਾਤਾ ਰਿਤੂ ਪਤਨੀ ਨਿਰਮਲ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤਰ ਰੋਹਿਤ ਪਾਬਲਾ (18) ਜੋ ਕਿ ਬਾਹਰਵੀਂ ਤੱਕ ਪੜ੍ਹਾਈ ਕਰਨ ਤੋਂ ਬਾਅਦ ਸਹਿਕਾਰੀ ਖੰਡ ਮਿੱਲ ਭੋਗਪੁਰ ਵਿਚ ਇਕ ਠੇਕੇਦਾਰ ਕੋਲ ਨੋਕਰੀ ਕਰਦਾ ਸੀ। ਐਤਵਾਰ ਸ਼ਾਮ ਸਮੇਂ ਰੋਹਿਤ ਘਰ ਵਿਚ ਸੀ ਤਾਂ ਉਸ ਨੂੰ ਕਿਸੇ ਨੇ ਬਾਹਰ ਬੁਲਾ ਲਿਆ ਅਤੇ ਉਸ ਤੋਂ ਬਾਅਦ ਰੋਹਿਤ ਘਰ ਨਾ ਪਰਤਿਆ। ਸੋਮਵਾਰ ਉਨ੍ਹਾਂ ਨੂੰ ਮਿੱਲ ਵਿਚੋਂ ਕਿਸੇ ਨੇ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਮਿੱਲ ਵਿਚ ਮਜ਼ਦੂਰਾਂ ਲਈ ਬਣੇ ਕਮਰੇ ਵਿਚ ਪਈ ਹੈ। ਮਿ੍ਰਤਕ ਦੀ ਮਾਂ ਜਦੋਂ ਮਿੱਲ ਵਿਚ ਪੁੱਜੀ ਤਾਂ ਠੇਕੇਦਾਰ ਨੇ ਗੱਡੀ ਮੰਗਵਾ ਕੇ ਰੋਹਿਤ ਦੀ ਲਾਸ਼ ਉਸ ਦੇ ਘਰ ਭੇਜ ਦਿੱਤੀ। ਲੋਕਾਂ ਵੱਲੋਂ ਇਸ ਮਾਮਲੇ ਸਬੰਧੀ ਭੋਗਪੁਰ ਪੁਲਸ ਨੂੰ ਸੂਚਿਤ ਕੀਤਾ ਗਿਆ ਤਾਂ ਥਾਣਾ ਮੁੱਖੀ ਭੋਗਪੁਰ ਨੇ ਕਾਰਵਾਈ ਕਰਦਿਆਂ ਮਿ੍ਰਤਕ ਦੀ ਲਾਸ਼ ਅਪਣੇ ਕਬਜ਼ੇ ਵਿਚ ਲੈ ਲਈ।

PunjabKesariਪੁਲਸ ਵੱਲੋਂ ਮਿ੍ਰਤਕ ਦੀ ਮਾਤਾ ਕੋਲੋਂ ਪੁੱਛਗਿੱਛ ਕਰਨ ਉਪਰੰਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਐਤਵਾਰ ਸ਼ਾਮ ਸਮੇਂ ਇਕ ਐਕਟਿਵਾ ਸਕੂਟਰੀ 'ਤੇ ਸਵਾਰ ਦੋ ਨੌਜ਼ਵਾਨ ਰੋਹਿਤ ਨੂੰ ਜੋ ਕਿ ਬੇਹੋਸ਼ੀ ਦੀ ਹਾਲਤ ਵਿਚ ਲੱਗ ਰਿਹਾ ਸੀ ਲੈ ਕੇ ਭੋਗਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਗਏ ਸਨ ਪਰ ਹਸਪਤਾਲ ਵਿਚ ਡਾਕਟਰ ਮੌਜ਼ੂਦ ਨਾ ਹੋਣ ਕਾਰਨ ਹਸਪਤਾਲ ਦੇ ਸਟਾਫ ਨੇ ਰੋਹਿਤ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹਸਪਤਾਲ ਦੇ ਬਾਹਰੋਂ ਹੀ ਉਸ ਨੂੰ ਕਾਲਾ ਬੱਕਰਾ ਦੇ ਸਰਕਾਰੀ ਹਸਪਤਾਲ ਲਈ ਭੇਜ ਦਿੱਤਾ। ਇਸੇ ਦੌਰਾਨ ਰੋਹਿਤ ਦੀ ਮੌਤ ਹੋਣ ਤੋਂ ਬਾਅਦ ਇਹ ਸ਼ੱਕੀ ਨੌਜ਼ਵਾਨ ਰੋਹਿਤ ਦੀ ਲਾਸ਼ ਲੈ ਕੇ ਖੰਡ ਮਿੱਲ ਭੋਗਪੁਰ ਵਿਚ ਗਏ ਅਤੇ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਲਾਸ਼ ਨੂੰ ਮਿੱਲ ਦੇ ਅੰਦਰ ਮਜ਼ਦੂਰਾਂ ਲਈ ਬਣੇ ਕਮਰੇ ਵਿਚ ਰੱਖ ਕੇ ਫਰਾਰ ਹੋ ਗਏ।

ਪੁਲਸ ਹੱਥ ਲੱਗੀ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼, ਕੈਮਰੇ ਵਿਚ ਸ਼ੱਕੀ ਹੋਏ ਕੈਦ
ਇਸ ਮਾਮਲੇ ਦੀ ਜਾਂਚ ਦੌਰਾਨ ਥਾਣਾ ਮੁੱਖੀ ਮਨਜੀਤ ਸਿੰਘ ਵੱਲੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਸ਼ੁਰੂ ਕੀਤੀ ਤਾਂ ਪੁਲਸ ਨੂੰ ਇਕ ਕੈਮਰੇ ਦੀ ਫੁਟੇਜ਼ ਵਿਚ ਦੋ ਨੌਜ਼ਵਾਨ ਇਕ ਐਕਟਿਵਾ 'ਤੇ ਰੋਹਿਤ ਨੂੰ ਵਿਚਕਾਰ ਬਿਠਾ ਕੇ ਲੈ ਜਾਂਦੇ ਨਜ਼ਰ ਆਏ ਹਨ। ਪੁਲਸ ਵੱਲੋਂ ਜਦੋਂ ਇਹ ਫੁਟੇਜ਼ ਮਿ੍ਰਤਕ ਦੀ ਮਾਂ ਨੂੰ ਦਿਖਾਈ ਗਈ ਤਾਂ ਉਸ ਨੇ ਐਕਟਿਵਾ ਸਵਾਰ ਨੌਜ਼ਵਾਨਾਂ ਵਿਚੋਂ ਇਕ ਨੌਜ਼ਵਾਨ ਨੂੰ ਪਛਾਣ ਲਿਆ। ਪੁਲਸ ਵੱਲੋਂ ਇਸ ਨੌਜ਼ਵਾਨ ਨੂੰ ਕਾਬੂ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।

ਮੇਰੇ ਪੁੱਤਰ ਦਾ ਕਤਲ ਹੋਇਆ : ਮਿ੍ਰਤਕ ਦੀ ਮਾਤਾ
ਮਿ੍ਰਤਕ ਰੋਹਿਤ ਦੀ ਮਾਤਾ ਨੇ ਦੱਸਿਆ ਹੈ ਕਿ ਉਸ ਨੂੰ ਸ਼ੱਕ ਹੈ ਕਿ ਉਸ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ। ਰੋਹਿਤ ਦੇ ਦੋ ਮਬੋਇਲ ਫੋਨ ਅਤੇ ਜੇਬ ਵਿਚੋਂ ਪੈਸੇ ਗਾਇਬ ਹਨ। ਪੁਲਸ ਵੱਲੋਂ ਪੋਸਟਮਾਰਟਮ ਉਪਰੰਤ ਮਿ੍ਰਤਕ ਦੀ ਲਾਸ਼ ਉਸਦੇ ਪਰਿਵਾਰ ਨੂੰ ਸੋਂਪ ਦਿੱਤੀ ਗਈ ਹੈ।
 


author

Bharat Thapa

Content Editor

Related News