ਮਹਾਰਸ਼ਟਰ ’ਚ ਛਪੀ ਕਿਤਾਬ ’ਤੇ ਭਿੰਡਰਾਵਾਲੇ ਨੂੰ ਲਿਖਿਆ ਅੱਤਵਾਦੀ, ਦਮਦਮੀ ਟਕਸਾਲ ਨੇ ਦਿੱਤੀ ਹਟਾਉਣ ਦੀ ਚੇਤਾਵਨੀ
Tuesday, Jul 18, 2017 - 12:32 PM (IST)
ਅੰਮਿ੍ਰਤਸਰ - ਮਹਾਰਸ਼ਟਰ ਦੇ ਸਕੂਲ ’ਚ 9ਵੀਂ ਜਮਾਤ ਦੀ ਇਤਿਹਾਸ ਅਤੇ ਰਾਜਨੀਤੀ ਸ਼ਾਸਤ ਦੀ ਕਿਤਾਬ ਦੇ ਪੰਨਾ ਨੰ. 6 ਅਤੇ 10 ’ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੂੰ ਅੱਤਵਾਦੀ ਦੱਸੇ ਜਾਣ ’ਤੇ ਦਮਦਮੀ ਟਕਸਾਲ ਨੇ ਇਤਰਾਜ਼ ਜਾਹਿਰ ਕਰਦੇ ਹੋਏ ਮਹਾਰਾਸ਼ਟਰ ਦੇ ਮੁੱਖਮੰਤਰੀ ਦਵਿੰਦਰ ਫੜਨਵੀਸ, ਸਿਖਿਆ ਮੰਤਰੀ ਵਿਨੋਦ ਤਾਵੜੇ ਅਤੇ ਇਸ ਨਾਲ ਸਬੰਧਿਤ ਪੱਖ ਨੂੰ ਪੱਤਰ ਭੇਜ ਕੇ ਕਿਤਾਬ ’ਚੋਂ ਉਪਰੋਕਤ ਗੱਲ ਹਟਾਉਣ ਦੀ ਅਪੀਲ ਕੀਤੀ ਹੈ। ਟਕਸਾਲ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ 15 ਦਿਨਾਂ ’ਚ ਕਿਤਾਬ ’ਚ ਸੋਧ ਨਾ ਕੀਤੀ ਗਈ ਤਾਂ ਅਦਾਲਤ ਦਾ ਦਰਵਾਜਾ ਖੜਕਾਇਆ ਜਾਵੇਗਾ।
ਟਕਸਾਲ ਦੇ ਪ੍ਰਮੁੱਖ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਮਹਾਰਾਸ਼ਟਰ ਦੇ ਸਕੂਲਾਂ ’ਚ ਪੜਾਈ ਜਾ ਰਹੀ ਸਟੇਟ ਬਿੳੂਰੋ ਆਫ ਟੈਕਸਟ ਬੋਰਡ ਦੀ ਕਿਤਾਬ ’ਚ ਸੰਤ ਜਰਨੈਲ ਸਿੰਘ ਲਈ ‘ਅੱਤਵਾਦੀ’ ਸ਼ਬਦ ਇਸਤੇਮਾਲ ਕੀਤਾ ਗਿਆ ਹੈ, ਜਦਕਿ ਭਾਰਤ ਸਰਕਾਰ ਅਤੇ ਸੂਬਾ ਸਰਕਾਰ ਕੋਲ ਅਜਿਹਾ ਕੋਈ ਰਿਕਾਰਡ ਨਹੀਂ ਹੈ ਅਤੇ ਨਾ ਹੀ ਕਿਸੇ ਥਾਣੇ ’ਚ ਕੋਈ ਐਫ. ਆਈ. ਆਰ. ਦਰਜ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਗਲਤ ਜਾਣਕਾਰੀ ਨਾਲ ਵਿਦਿਆਰਥੀਆਂ ’ਚ ਸਿੱਖ ਭਾਈਚਾਰੇ ਬਾਰੇ ਗਲਤ ਭਾਵਨਾ ਅਤੇ ਨਫਰਤ ਪੈਦਾ ਹੋ ਸਕਦੀ ਹੈ।
ਇਸ ਮਾਮਲੇ ਦੀ ਜਾਂਚ ਲਈ ਇਕ ਕਮੇਟੀ ਬਣਾਈ ਗਈ ਹੈ, ਜਿਸ ’ਚ ਮਹਾਰਾਸ਼ਟਰ ਦੇ ਸਿੱਖ ਨੇਤਾ ਜਸਪਾਲ ਸਿੰਘ ਸਿੱਧੂ, ਚਰਨਜੀਤ ਸਿੰਘ ਹੈਪੀ, ਇੰਦਰਜੀਤ ਸਿੰਘ ਬੱਲ ਅਤੇ ਮਲਕੀਅਤ ਸਿੰਘ ਬੱਲ ਸ਼ਾਮਲ ਹਨ। ਦਮਦਮੀ ਟਕਸਾਲ ਦੇ ਪ੍ਰਮੁੱਖ ਨੇ ਸ਼੍ਰੋਮਣੀ ਕਮੇਟੀ ਵੱਲੋਂ ਧਾਰਮਿਕ ਫੌਜੀਆਂ ਦੀ ਯਾਦਗਾਰ ਬਣਾਉਣ ਦੇ ਫੈਸਲੇ ਦੀ ਪ੍ਰਸ਼ੰਸਾ ਕੀਤੀ ਅਤੇ ਲੁਧਿਆਣਾ ’ਚ ਪਾਦਰੀ ਦੇ ਕਤਲ ਦੀ ਨਿੰਦਾ ਕਰਦੇ ਪੀੜਤ ਪਰਿਵਾਰ ਨੂੰ ਰੱਬ ਦਾ ਭਾਣਾ ਮੰਨਣ ਦਾ ਹੌਸਲਾ ਦਿੱਤਾ।
